ਗੁਰੂ ਨਾਨਕ ਦੁਨੀਆ ਦੀ ਉਮੀਦ ਹਨ : ਬੰਸੀ ਕੌਲ

10/11/2019 10:44:54 AM

ਗੁਰੂ ਨਾਨਕ ਦੁਨੀਆ ਦੀ ਉਮੀਦ ਹਨ : ਬੰਸੀ ਕੌਲ
ਲਾਈਟ ਐਂਡ ਸਾਊਂਡ ਸ਼ੋਅ ਤੇ ਡਿਜੀਟਲ ਮਿਊਜ਼ੀਅਮ ਦੇ ਰਚੇਤਾ ਕਸ਼ਮੀਰੀ ਪੰਡਿਤ ਦੇ ਨਜ਼ਰੀਏ ਤੋਂ ਪੰਜਾਬੀ ਸਾਂਝ ਸਮੇਂ ਦੀਆਂ ਵੱਡੀਆਂ ਗੱਲਾਂ ਕਹਿਣ ਲਈ ਕਲਾ ਨੇ ਹਮੇਸ਼ਾ ਆਪਣਾ ਜ਼ਰੀਆ ਪੇਸ਼ ਕੀਤਾ ਹੈ। 550ਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੂਬਾ ਸਰਕਾਰ ਗੁਰੂ ਸਾਹਿਬ ਦੀ ਜ਼ਿੰਦਗੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਲਾਈਟ ਐਂਡ ਸਾਊਂਡ ਸ਼ੋਅ ਅਤੇ ਡਿਜੀਟਲ ਮਿਊਜ਼ੀਅਮ ਦੇ ਮਾਰਫਤ ਪੰਜਾਬ ਦੀਆਂ ਵੱਖ-ਵੱਖ ਥਾਵਾਂ ’ਤੇ ਲੋਕਾਂ ਲਈ ਲਿਜਾ ਰਹੀ ਹੈ। ਸੋ ਕਲਾ ਦੇ ਸੁਹੱਪਣ ਨੂੰ ਵੇਖਣ ਲਈ ਇਹਨੂੰ ਸਿਰਜਣ ਵਾਲੇ ਕਲਾਕਾਰ ਦਾ ਖਿਆਲ ਵੀ ਸਮਝਣਾ ਜ਼ਰੂਰੀ ਹੈ।

23 ਅਗਸਤ 1949 ਨੂੰ ਜਨਮੇ 70 ਸਾਲਾ ਬੰਸੀ ਕੌਲ ਸ਼੍ਰੀਨਗਰ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਹਨ। ਨੈਸ਼ਨਲ ਸਕੂਲ ਆਫ ਡਰਾਮਾ ਦਿੱਲੀ ਤੋਂ ਤਾਲੀਮਯਾਫ਼ਤਾ ਬੰਸੀ ਕੌਲ 1974 ਤੋਂ ਸਰਗਰਮ ਹਨ। 1995 ਵਿਚ ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਅਤੇ 2014 ਵਿਚ ਉਨ੍ਹਾਂ ਨੂੰ ਪਦਮਸ਼੍ਰੀ ਮਿਲਿਆ। ਭਗਤ ਕਬੀਰ ਦੀਆਂ ਕਵਿਤਾਵਾਂ ’ਤੇ ਉਨ੍ਹਾਂ ਦੀ ਪੇਸ਼ਕਾਰੀ ‘ਕਹੇਂ ਕਬੀਰ’ 0 ਅਦਬੀ ਸਫ਼ਾਂ ਵਿਚ ਵਿਸ਼ੇਸ਼ ਸਤਿਕਾਰ ਰੱਖਦੀ ਹੈ। 1976 ਵਿਚ ‘ਧਮਕ ਨਗਾਰੇ ਦੀ’ ਨਾਟਕ ਦੀ ਖੂਬ ਚਰਚਾ ਰਹੀ ਹੈ, ਇਸ ਨਾਟਕ ਨੂੰ ਭਾਅਜੀ ਗੁਰਸ਼ਰਨ ਸਿੰਘ ਹੁਣਾਂ ਨੇ ਖਿਡਵਾਇਆ ਸੀ ਅਤੇ ਇਸ ਨਾਟਕ ਦਾ ਨਿਰਦੇਸ਼ਨ ਬੰਸੀ ਕੌਲ ਹੁਣਾਂ ਨੇ ਕੀਤਾ ਸੀ। ਇਹ ਨਾਟਕ ਦੁੱਲੇ ਭੱਟੀ ਬਾਰੇ ਸੀ।

ਲਾਈਟ ਐਂਡ ਸਾਊਂਡ ਸ਼ੋਅ

ਇਸ ਬਾਰੇ ਗੱਲ ਕਰਦੇ ਹੋਏ ਬੰਸੀ ਕੌਲ ਕਹਿੰਦੇ ਹਨ ਕਿ ਇਹ ਮੇਰੇ ਲਈ ਰੂਹਾਨੀ ਤਜਰਬਾ ਹੈ। ਇਸ ਦੇ ਵਿਚ 4 ਚੀਜ਼ਾਂ ਖਿੱਚ ਦਾ ਕੇਂਦਰ ਹਨ।

1. ਲਾਈਟ ਐਂਡ ਸਾਊਂਡ ਸ਼ੋਅ

2. ਡਿਜੀਟਲ ਮਿਊਜ਼ੀਅਮ

3. ਸੁਖਨਾ ਝੀਲ ਸਣੇ ਬਿਆਸ ਅਤੇ ਸਤਲੁਜ ਦਰਿਆਵਾਂ ’ਚ ਕਰਵਾਏ ਜਾਣ ਵਾਲੇ ਆਪਣੀ ਕਿਸਮ ਦੇ ਪਹਿਲੇ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ

4. ਗੁਰੂ ਨਾਨਕ ਦੇਵ ਜੀ ਬਾਰੇ ਸੁਲਤਾਨਪੁਰ ਲੋਧੀ ਦੇ ਵਿਚ 4 ਤੋਂ 15 ਨਵੰਬਰ ਦਰਮਿਆਨ ਖੇਡਿਆ ਜਾਣ ਵਾਲਾ ਡਰਾਮਾ-ਇਸ ਡਰਾਮੇ ਨੂੰ ਕੇਵਲ ਧਾਲੀਵਾਲ ਨੇ ਲਿਖਿਆ ਹੈ ਅਤੇ ਨਿਰਦੇਸ਼ਨ ਮੇਰੇ ਵੱਲੋਂ ਕੀਤਾ ਗਿਆ ਹੈ।

ਬੰਸੀ ਕੌਲ ਸ਼ੋਅ ਬਾਰੇ ਵਿਸਥਾਰ ਵਿਚ ਦੱਸਦੇ ਹਨ ਕਿ ਇਸ ਦੀ ਸ਼ੁਰੂਆਤ ਅਸੀਂ ਮੁਹਾਲੀ ਤੋਂ 7 ਅਕਤੂਬਰ ਨੂੰ ਕਰ ਦਿੱਤੀ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਜਿਹਾ ਕਾਰਜ ਕਰਨਾ ਮੇਰੇ ਲਈ ਮੇਰੀ ਜ਼ਿੰਦਗੀ ਦੇ ਯਾਦਗਾਰ ਕੰਮਾਂ ਵਿਚੋਂ ਇਕ ਹੈ। ਇਸ ਦੇ ਲਈ ਸੂਬਾ ਸਰਕਾਰ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਇਸ ਦੇ ਲਈ ਸੂਚਨਾ ਅਤੇ ਲੋਕ ਸੰਪਰਕ ਮਹਿਕਮੇ ਦੇ ਸਕੱਤਰ ਗੁਰਕਿਰਤ ਕਿਰਪਾਲ ਸਿੰਘ ਅਤੇ ਅਨੰਦਿਤਾ ਨੇ ਬਹੁਤ ਮਦਦ ਕੀਤੀ। ਬੰਸੀ ਕੌਲ ਦੱਸਦੇ ਹਨ ਕਿ ਲਾਈਟ ਐਂਡ ਸਾਊਂਡ ਸ਼ੋਅ ਦੀ ਜ਼ਿੰਮੇਵਾਰੀ ਸੀ. ਐੱਸ. ਡਾਇਰੈਕਟ ਕੋਲ ਸੀ, ਜਿਸ ਵਿਚ ਸੰਜੀਵ ਪਸਰੀਚਾ ਅਤੇ ਅੰਜਲੀ ਪਸਰੀਚਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।

ਕਲਾ ਦੇ ਮਾਧਿਅਮ ਦੇ ਤੌਰ ’ਤੇ ਲਾਈਟ ਐਂਡ ਸਾਊਂਡ ਸ਼ੋਅ ਜਾਂ ਕਹਾਣੀ ਨੂੰ ਡਿਜੀਟਲ ਵਿਜ਼ੂਲਾਈਜ਼ ਕਰਨ ਦਾ ਬੰਸੀ ਕੌਲ ਦਾ ਇਹ ਕੋਈ ਪਹਿਲਾ ਮੌਕਾ ਨਹੀਂ ਹੈ। ਇਸ ਤੋਂ ਪਹਿਲਾਂ ਬੰਸੀ ਕੌਲ ਭਾਰਤ ’ਚ ਹੋਈਆਂ ਕਾਮਨਵੈਲਥ ਖੇਡਾਂ ਦੇ ਉਦਘਾਟਨੀ ਪ੍ਰੋਗਰਾਮ ਦਾ ਵੀ ਲਾਈਟ ਐਂਡ ਸਾਊਂਡ ਸ਼ੋਅ ਕਰ ਚੁੱਕੇ ਹਨ।

ਬੰਸੀ ਕੌਲ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਬਾਰੇ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਪੰਜਾਬ ਦੇ ਦਰਿਆਵਾਂ ਦਾ ਰਿਸ਼ਤਾ ਬਹੁਤ ਨਿੱਘਾ ਤੇ ਗੂੜ੍ਹਾ ਹੈ। ਇਸੇ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਬਾਰੇ ਇਕ ਲਾਈਟ ਐਂਡ ਸਾਊਂਡ ਪੰਜਾਬ ਦੇ ਦਰਿਆਵਾਂ ਕੰਢੇ ਕਰਨ ਦਾ ਮਨ ਬਣਾਇਆ।

ਮੇਰੀ ਪੰਜਾਬੀ ਸਾਂਝ

ਬੰਸੀ ਕੌਲ ਕਹਿੰਦੇ ਹਨ ਕਿ ਪੰਜਾਬ ਨਾਲੋਂ ਅਸੀਂ ਵੱਖ ਹੋ ਹੀ ਨਹੀਂ ਸਕਦੇ। ਕਸ਼ਮੀਰ ਜਦੋਂ ਵੀ ਭਾਰਤ ਦੇ ਦੂਜੇ ਹਿੱਸਿਆਂ ਵਿਚ ਜਾਵੇਗਾ ਤਾਂ ਉਹ ਪੰਜਾਬ ਦੇ ਵਿਚੋਂ ਹੋ ਕੇ ਹੀ ਜਾਵੇਗਾ। ਮੈਨੂੰ ਯਾਦ ਹੈ ਕਿ ਮੈਂ 10 ਸਾਲ ਦਾ ਅੰਮ੍ਰਿਤਸਰ ਆਇਆ ਸਾਂ ਅਤੇ ਹਾਲ ਬਾਜ਼ਾਰ ਦੇ ਵੱਡੇ ਗੇਟ ਨੂੰ ਵੇਖਦਿਆਂ ਉਸ ਵੱਲ ਖਿੱਚਿਆ ਗਿਆ ਸੀ। ਮੈਨੂੰ ਡੋਗਰੀ ਬੋਲੀ ਬੜੀ ਵਧੀਆ ਲੱਗਦੀ ਹੈ, ਮੈਂ ਪੰਜਾਬੀ ਵੀ ਬੋਲਦਾ ਹਾਂ, ਇਹ ਜ਼ੁਬਾਨਾਂ ਤਾਂ ਸਾਡੇ ਖ਼ੂਨ ਦਾ ਹਿੱਸਾ ਹਨ। ਦਿਲਚਸਪ ਗੱਲ ਇਹ ਹੈ ਕਿ ਮੇਰੀ ਘਰ ਵਾਲੀ ਅੰਜਨਾ ਪੁਰੀ ਦੇ ਬਜ਼ੁਰਗ ਬਿਹਾਰੀ ਲਾਲ ਪੁਰੀ (1830-1885) ਅਤੇ ਬਿਸ਼ਨ ਦਾਸ ਪੁਰੀ ਸਨ। ਪਿਛਲੀ ਸਦੀ ਦੇ ਸ਼ੁਰੂਆਤ ਵਿਚ ਪੰਜਾਬੀ ਵਿਆਕਰਣ ਦੇ ਖੇਤਰ ਵਿਚ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਰਿਹਾ ਹੈ। ਇਹ ਮੰਨਿਆ ਜਾਂਦਾ ਹੈ ਕਿ ਪੰਜਾਬੀ ਵਿਆਕਰਣ 1811 ਵਿਚ ਵਿਲੀਅਮ ਕੈਰੀ ਨੇ ਲਿਖੀ। ਭਾਈ ਕਾਨ੍ਹ ਸਿੰਘ ਨਾਭਾ ਦਾ ਮਹਾਨ ਕੋਸ਼ 1930 ਵਿਚ ਆਇਆ। ਉਸ ਤੋਂ ਪਹਿਲਾਂ ਬਿਹਾਰੀ ਲਾਲ ਪੁਰੀ ਨੇ ਸ਼ਬਦ ਜੋੜ ਅਤੇ ਪੰਜਾਬੀ ਵਿਆਕਰਣ ਦੇ ਖੇਤਰ ਵਿਚ ਕਿਤਾਬਾਂ ਦਿੱਤੀਆਂ, ਸੋ ਇੰਝ ਬਿਹਾਰੀ ਲਾਲ ਪੁਰੀ ਪੰਜਾਬੀ ਵਿਆਕਰਨ ਨੂੰ ਆਧੁਨਿਕ ਦੌਰ ਅੰਦਰ ਪੇਸ਼ ਕਰਨ ਵਾਲੇ ਪਹਿਲੇ ਪੰਜਾਬੀ ਸਨ। ਬੰਸੀ ਕੌਲ ਆਪਣੀ ਕਸ਼ਮੀਰੀ ਹੋਂਦ ਅਤੇ ਪੰਜਾਬ ਦੇ ਨਾਲ ਰਿਸ਼ਤੇ ਦੀਆਂ ਅਜਿਹੀਆਂ ਮੁਹੱਬਤੀ ਤੰਦਾਂ ਦਾ ਹਵਾਲਾ ਦਿੰਦੇ ਹੋਏ ਵਾਰ-ਵਾਰ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦੇ ਹਨ ਅਤੇ ਕਹਿੰਦੇ ਹਨ ਕਿ ਗੁਰੂ ਸਾਹਿਬ ਲਈ ਅਜਿਹਾ ਕੰਮ ਕਰਨਾ ਮੇਰੇ ਲਈ ਯਾਦਗਾਰ ਹਿੱਸਾ ਰਹੇਗਾ।

ਕਸ਼ਮੀਰ ਪੰਡਿਤਾਂ ਦੀ ਮੁਹੱਬਤੀ ਸਾਂਝ

ਬੰਸੀ ਕੌਲ ਕਹਿੰਦੇ ਹਨ ਕਿ ਸ਼੍ਰੀਨਗਰ ਦਾ ਬਾਸ਼ਿੰਦਾ ਹੋਣ ਨਾਤੇ ਗੁਰੂ ਨਾਨਕ ਦੇ ਘਰ ਅਤੇ ਪੰਜਾਬ ਨਾਲ ਰਿਸ਼ਤਾ ਮਹਿਸੂਸ ਕਰਨ ਦੇ ਮੇਰੇ ਕੋਲ ਕਈ ਕਾਰਣ ਹਨ। ਸਾਡਾ ਰਿਸ਼ਤਾ ਤਾਂ ਗੁਰੂ ਤੇਗ ਬਹਾਦਰ ਜੀ ਦੇ ਕਸ਼ਮੀਰੀ ਪੰਡਤਾਂ ਦੇ ਹੱਕ ਵਿਚ ਦਿੱਲੀ ਹਾਅ ਦਾ ਨਾਅਰਾ ਮਾਰਨ ਵੇਲੇ ਹੋਰ ਗੂੜ੍ਹਾ ਹੋ ਜਾਂਦਾ ਹੈ। ਸਾਡੇ ਪਿਛੋਕੜ ਵਿਚ ਪਈਆਂ ਹੋਈਆਂ ਇਹ ਕਹਾਣੀਆਂ ਦੱਸਦੀਆਂ ਹਨ ਕਿ ਮਸਲਾ ਵਜੂਦ ਦਾ ਹੈ, ਮਸਲਾ ਧਰਮ ਦਾ ਹੈ, ਮਸਲਾ ਹੈ ਸਹੀ ਅਤੇ ਗਲਤ ਵਿਚ ਨਿਖੇੜਾ ਕਰਦਿਆਂ ਸਾਂਝੀਵਾਲਤਾ ਦੀ ਉਮੀਦ ਨੂੰ ਬਣਾਉਣਾ ਅਤੇ ਮਨੁੱਖਤਾ ਦੀਆਂ ਕਦਰਾਂ ਕੀਮਤਾਂ ’ਤੇ ਪਹਿਰਾ ਦਿੰਦੇ ਰਹਿਣਾ ਜਿਹਦੀ ਅੱਜ ਹੋਰ ਵੀ ਲੋੜ ਵੱਧ ਜਾਂਦੀ ਹੈ।

ਆਪਣੀ ਮਿੱਟੀ ਤੋਂ ਜੁਦਾ ਹੋਣ ਤੋਂ ਵੱਡਾ ਜ਼ਖ਼ਮ ਕੋਈ ਨਹੀਂ ਹੁੰਦਾ। ਸਾਡੇ ਕਸ਼ਮੀਰੀ ਪੰਡਤਾਂ ਦੇ ਆਪਣੇ ਸ਼੍ਰੀਨਗਰ ਨੂੰ ਛੱਡ ਕੇ ਦਿੱਲੀ ’ਚ ਆਸਰਾ ਲੈਣ ਦੀ ਭਾਵਨਾ ਨੂੰ ਪੰਜਾਬ ਤੋਂ ਬਿਹਤਰ ਕੌਣ ਸਮਝ ਸਕਦਾ ਹੈ, ਜਿਨ੍ਹਾਂ ਨੇ ਵੰਡ ਦਰਮਿਆਨ ਆਪਣੀ ਧਰਤੀ ਨੂੰ ਛੱਡਿਆ ਅਤੇ ਨਨਕਾਣਾ ਸਾਹਿਬ ਤੋਂ ਸਦਾ ਲਈ ਵਿਛੜ ਗਏ।

ਗੁਰੂ ਨਾਨਕ ਪਾਤਸ਼ਾਹ ‘ਕੁਦਰਤ ਦੀ ਆਵਾਜ਼’

ਬੰਸੀ ਕੌਲ ਪੰਜਾਬ-ਸਾਂਝੀਵਾਲਤਾ-ਮਨੁੱਖਤਾ-ਵਿਸ਼ਵ ਸ਼ਾਂਤੀ-ਸਿੱਖ ਧਰਮ ਦੀਆਂ ਗੱਲਾਂ ਇਕੋ ਸਾਹ ’ਚ ਕਰਦੇ ਹੋਏ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵੱਡੀਆਂ ਗੱਲਾਂ ਕਰਨ ਦਾ ਵੇਲਾ ਹੈ। ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਵਿਚ ਸਾਂਝੀ ਵਿਰਾਸਤ ਹੈ। ਮਨੁੱਖਤਾ ਦੀਆਂ ਗੱਲਾਂ ਹਨ। ਭੇਦਭਾਵ ਨੂੰ ਖ਼ਤਮ ਕਰਦਿਆਂ ਸਮਾਨਤਾ ਦੇ ਇਸ਼ਾਰੇ ਹਨ, ਸੋ ਇਹ ਵੇਲਾ ਗਲਤ ਹੋ ਰਹੀਆਂ ਗੱਲਾਂ ਨੂੰ ਠੀਕ ਕਰਨ ਦਾ ਹੈ। ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ’ਤੇ ਤੁਰਦਿਆਂ ਹੁਣ ਲੋੜ ਹੈ ਕਿ ਅਸੀਂ ‘ਨਵੀਂ ਉਦਾਸੀ’ ਸ਼ੁਰੂ ਕਰੀਏ। ਆਪਸ ਵਿਚ ਮੁਹੱਬਤਾਂ ਵੰਡੀਏ, ਵੰਡ ਕੇ ਛਕੀਏ ਅਤੇ ਇਸ ਦੌਰ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਵਿਚੋਂ ਇਕ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਵੀ ਬਚਾਈਏ। ਸਾਨੂੰ ਤਾਂ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪੂਰੀ ਦੁਨੀਆ ਦੇ ਅੰਦਰ 550 ਸਾਲਾ ਬਹਾਨੇ ਇਹ ਸਾਲ ‘ਕੁਦਰਤ ਦੀ ਆਵਾਜ਼’ ਦਾ ਨਾਅਰਾ ਹੋਵੇ।

-ਹਰਪ੍ਰੀਤ ਸਿੰਘ ਕਾਹਲੋਂ


Related News