ਇਸ ਭਾਰਤੀ ਖਿਡਾਰੀ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ, ਕੋਹਲੀ ਦੇ ਫੈਸਲੇ ''ਤੇ ਫਿਰ ਉਠੇ ਸਵਾਲ

06/26/2017 5:50:48 PM

ਨਵੀਂ ਦਿੱਲੀ— ਐਤਵਾਰ ਨੂੰ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੇ ਗਏ ਦੂਜੇ ਵਨਡੇ ਮੁਕਾਬਲੇ ਦੇ ਬਾਅਦ ਇਕ ਵਾਰ ਫਿਰ ਕਪਤਾਨ ਵਿਰਾਟ ਕੋਹਲੀ ਸਵਾਲਾਂ ਦੇ ਘੇਰੇ 'ਚ ਖੜ੍ਹੇ ਹੋ ਗਏ ਹਨ। ਇਸ ਦੀ ਵਜ੍ਹਾ ਨਾਲ ਹੀ ਕਿਤੇ ਨਾ ਕਿਤੇ ਕੋਹਲੀ-ਕੁੰਬਲੇ ਵਿਵਾਦ ਦੀ ਸ਼ੁਰੂਆਤ ਹੋਈ ਸੀ।

ਇਕ ਹੋਰ ਜ਼ੋਰਦਾਰ ਆਗਾਜ਼
ਇਹ ਖਿਡਾਰੀ ਕੋਈ ਹੋਰ ਨਹੀਂ ਸਗੋਂ 22 ਸਾਲਾ ਭਾਰਤੀ ਸਪਿਨਰ (ਚਾਈਨਾਮੈਨ) ਕੁਲਦੀਪ ਯਾਦਵ ਹਨ। ਕੁਲਦੀਪ ਨੇ ਇਸੇ ਸਾਲ ਆਸਟਰੇਲੀਆ ਦੇ ਖਿਲਾਫ ਜਦੋਂ ਟੈਸਟ ਕ੍ਰਿਕਟਰ 'ਚ ਆਪਣੇ ਕੌਮਾਂਤਰੀ ਕ੍ਰਿਕਟ ਕਰੀਅਰ ਦਾ ਆਗਾਜ਼ ਕੀਤਾ ਸੀ ਤਾਂ ਉਦੋਂ ਵੀ ਉਨ੍ਹਾਂ ਇਕ ਪਾਰੀ 'ਚ 4 ਵਿਕਟਾਂ ਲੈ ਕੇ ਧੂਮ ਮਚਾਈ ਸੀ ਅਤੇ ਐਤਵਾਰ ਨੂੰ ਜਦੋਂ ਵਨਡੇ ਕ੍ਰਿਕਟ 'ਚ ਉਨ੍ਹਾਂ ਨੂੰ ਪਹਿਲੀ ਵਾਰ ਗੇਂਦਬਾਜ਼ੀ ਦਾ ਮੌਕਾ ਮਿਲਿਆ, ਉਦੋਂ ਵੀ ਇਸ ਖਿਡਾਰੀ ਨੇ ਫਿਰ ਤੋਂ ਦਿਲ ਜਿੱਤ ਲਏ। ਕੁਲਦੀਪ ਨੇ ਐਤਵਾਰ ਨੂੰ 9 ਓਵਰਾਂ 'ਚ 50 ਦੌੜਾਂ ਦੇ ਕੇ ਸਭ ਤੋਂ ਜ਼ਿਆਦਾ 3 ਵਿਕਟਾਂ ਹਾਸਲ ਕੀਤੀਆਂ। ਇਸ ਦੌਰਾਨ ਕੁਲਦੀਪ ਨੇ ਵਿੰਡੀਜ਼ ਦੇ ਟੀਮ ਓਪਨਰ ਸ਼ਾਈ ਹੋਪ, ਐਵਿਨ ਲਿਵਿਸ ਅਤੇ ਕਪਤਾਨ ਜੇਸਨ ਹੋਲਡਰ ਦੀਆਂ ਵਿਕਟਾਂ ਲਈਆਂ।

ਕੁੰਬਲੇ-ਵਿਰਾਟ ਵਿਵਾਦ ਦੀ ਸ਼ੁਰੂਆਤ 
ਕੁਝ ਰਿਪੋਰਟਸ ਦੇ ਮੁਤਾਬਕ ਸਾਬਕਾ ਕੋਚ ਅਨਿਲ ਕੁੰਬਲੇ ਅਤੇ ਕਪਤਾਨ ਕੋਹਲੀ ਵਿਚਾਲੇ ਅਣਬਣ ਅਤੇ ਵਿਵਾਦ ਦੀ ਸ਼ੁਰੂਆਤ ਇਸੇ ਸਾਲ ਮਾਰਚ 'ਚ ਆਸਟਰੇਲੀਆ ਦੇ ਭਾਰਤ ਦੌਰੇ 'ਤੇ ਹੋਈ ਸੀ। ਸੀਰੀਜ਼ ਦੇ ਤੀਜੇ ਟੈਸਟ 'ਚ ਕੁੰਬਲੇ ਚਾਹੁੰਦੇ ਸਨ ਕਿ ਕੁਲਦੀਪ ਯਾਦਵ ਨੂੰ ਟੀਮ 'ਚ ਸ਼ਾਮਲ ਕੀਤਾ ਜਾਵੇ ਪਰ ਕੋਹਲੀ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ। ਟੀਮ ਇੰਡੀਆ ਇਸ ਮੈਚ 'ਚ ਕੁਲਦੀਪ ਦੇ ਬਿਨਾ ਉਤਰੀ ਅਤੇ ਇਹ ਮੈਚ ਡਰਾਅ ਰਿਹਾ। ਇਸ ਤੋਂ ਬਾਅਦ ਅੰਤਿਮ ਟੈਸਟ (ਧਰਮਸ਼ਾਲਾ) 'ਚ ਕੁੰਬਲੇ ਆਪਣੀ ਜ਼ਿੱਦ 'ਤੇ ਕਾਇਮ ਰਹੇ ਅਤੇ ਵਿਰਾਟ ਨੂੰ ਇਸ ਵਾਰ ਕੁਲਦੀਪ ਨੂੰ ਲੈ ਕੇ ਹੀ ਮੈਦਾਨ 'ਤੇ ਉਤਰਨਾ ਪਿਆ। ਭਾਰਤ ਨੇ ਇਹ ਟੈਸਟ ਮੈਚ ਜਿੱਤਿਆ ਅਤੇ ਇਸ ਮੈਚ 'ਚ ਕੁਲਦੀਪ ਨੇ 4 ਵਿਕਟਾਂ ਲੈ ਕੇ ਆਪਣੇ ਕਰੀਅਰ ਦਾ ਸ਼ਾਨਦਾਰ ਆਗਾਜ਼ ਕੀਤਾ। ਇਹ ਕੁੰਬਲੇ ਦੀ ਪਾਰਖੀ ਨਜ਼ਰ ਦੀ ਜਿੱਤ ਸੀ ਪਰ ਸ਼ਾਇਦ ਵਿਰਾਟ ਇਸ ਨੂੰ ਹਾਰ ਮੰਨ ਕੇ ਦਿਲ 'ਤੇ ਲਗਾ ਬੈਠੇ ਸਨ। ਅੰਦਰ ਹੀ ਅੰਦਰ ਦੋਹਾਂ ਵਿਚਾਲੇ ਇਹ ਮਾਮਲਾ ਡੂੰਘਾ ਹੁੰਦਾ ਗਿਆ ਅਤੇ ਚੈਂਪੀਅਨਸ ਟਰਾਫੀ ਫਾਈਨਲ 'ਚ ਹਾਰ ਦੇ ਬਾਅਦ ਜਦੋਂ ਟੀਮ ਇੰਡੀਆ ਵੈਸਟਇੰਡੀਜ਼ ਰਵਾਨਾ ਹੋਈ ਤਾਂ ਕੁੰਬਲੇ ਨੇ ਕੋਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਦ੍ਰਵਿੜ ਨੇ ਵੀ ਚੁੱਕੇ ਸਨ ਸਵਾਲ
ਵੈਸੇ ਕੁਲਦੀਪ ਨੂੰ ਨਾ ਚੁਣਨ ਨੂੰ ਲੈ ਕੇ ਸਿਰਫ ਕੁੰਬਲੇ ਹੀ ਨਾਰਾਜ਼ ਨਹੀਂ ਦਿਖੇ ਸਗੋਂ ਸਾਬਕਾ ਭਾਰਤੀ ਬੱਲੇਬਾਜ਼ ਅਤੇ ਕਪਤਾਨ ਰਾਹੁਲ ਦ੍ਰਵਿੜ ਨੇ ਵੀ ਚੈਂਪੀਅਨ ਟਰਾਫੀ ਫਾਈਨਲ 'ਚ ਭਾਰਤ ਦੀ ਹਾਰ ਦੇ ਬਾਅਦ ਆਪਣੀ ਰਾਏ ਰੱਖੀ। ਦ੍ਰਵਿੜ ਨੇ ਕਿਹਾ ਕਿ ਕੁਲਦੀਪ ਨੂੰ ਨਾ ਚੁਣਨਾ ਇਕ ਗਲਤ ਫੈਸਲਾ ਸੀ ਕਿਉਂਕਿ ਪੂਰੇ ਟੂਰਨਾਮੈਂਟ 'ਚ ਕੋਈ ਵੀ ਅਜਿਹੀ ਟੀਮ ਨਹੀਂ ਸੀ ਜਿਸ ਨੇ ਉਂਗਲਾਂ ਦੀ ਮਦਦ ਨਾਲ ਗੇਂਦ ਘੁਮਾਉਣ ਵਾਲੇ ਦੋ ਸਪਿਨਰਾਂ ਨੂੰ ਇਕੱਠਿਆਂ ਮੈਦਾਨ 'ਤੇ ਉਤਾਰਿਆ ਹੋਵੇ। ਸਿਰਫ ਭਾਰਤੀ ਟੀਮ 'ਚ ਅਸ਼ਵਿਨ ਅਤੇ ਜਡੇਜਾ ਦੇ ਰੂਪ 'ਚ ਇਹ ਦੇਖਣ ਨੂੰ ਮਿਲਿਆ। ਦੋਹਾਂ ਨੇ ਟੂਰਨਾਮੈਂਟ 'ਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕੀਤਾ। ਦ੍ਰਵਿੜ ਨੇ ਸਾਫ ਤੌਰ 'ਤੇ ਕਿਹਾ ਕਿ ਇੰਗਲੈਂਡ ਦੀਆਂ ਸਪਾਟ ਪਿੱਚਾਂ 'ਤੇ ਉਂਗਲਾ ਨਾਲ ਗੇਂਦ ਘੁਮਾਉਣ ਵਾਲੇ ਸਪਿਨਰਾਂ ਤੋਂ ਕਲਾਈ ਨਾਲ ਗੇਂਦਬਾਜ਼ੀ ਕਰਨ ਵਾਲੇ ਅਤੇ ਰਹੱਸਮਈ ਗੇਂਦਬਾਜ਼ ਜ਼ਿਆਦਾ ਬਿਹਤਰ ਸਾਬਤ ਹੁੰਦੇ ਹਨ। ਕੁਲਦੀਪ ਨੂੰ ਜ਼ਰੀਆ ਬਣਾਉਂਦੇ ਹੋਏ ਦ੍ਰਵਿੜ ਦਾ ਇਹ ਨਿਸ਼ਾਨਾ ਸਿਰਫ ਚੋਣ ਕਮੇਟੀ ਵੱਲ ਨਹੀਂ ਸੀ ਸਗੋਂ ਕਪਤਾਨ ਵਿਰਾਟ ਵੱਲ ਵੀ ਸੀ ਜੋ ਕਪਤਾਨ ਦੇ ਰੂਪ 'ਚ ਚੋਣ ਦੇ ਦੌਰਾਨ ਅਹਿਮ ਭੂਮਿਕਾ ਨਿਭਾਉਂਦੇ ਹਨ।


Related News