8 ਸਾਲਾਂ ਬਾਅਦ ਸ਼੍ਰੀਲੰਕਾ ਫਿਰ ਰੱਖੇਗਾ ਪਾਕਿ ਦੀ ਧਰਤੀ ''ਤੇ ਪੈਰ

10/18/2017 8:35:07 AM

ਕੋਲੰਬੋ, (ਬਿਊਰੋ)— ਸ਼੍ਰੀਲੰਕਾਈ ਕ੍ਰਿਕਟ ਟੀਮ ਸਾਲ 2009 ਵਿਚ ਲਾਹੌਰ ਦੇ ਗੱਦਾਫੀ ਸਟੇਡੀਅਮ ਦੇ ਬਾਹਰ ਟੀਮ ਬੱਸ 'ਤੇ ਹੋਏ ਅੱਤਵਾਦੀ ਹਮਲੇ ਦੀਆਂ ਬੁਰੀਆਂ ਯਾਦਾਂ ਨੂੰ ਪਿੱਛੇ ਛੱਡਦੇ ਹੋਏ 8 ਸਾਲ ਦੇ ਲੰਬੇ ਸਮੇਂ ਬਾਅਦ ਇਕ ਵਾਰ ਫਿਰ ਪਾਕਿਸਤਾਨ 'ਚ ਕੌਮਾਂਤਰੀ ਕ੍ਰਿਕਟ ਖੇਡਣ ਲਈ ਤਿਆਰ ਹੈ। ਸ਼੍ਰੀਲੰਕਾਈ ਟੀਮ ਦੇ ਕਈ ਖਿਡਾਰੀਆਂ ਨੇ ਹਾਲਾਂਕਿ ਪਾਕਿਸਤਾਨ ਦੌਰੇ 'ਤੇ ਜਾਣ ਨੂੰ ਲੈ ਕੇ ਪਹਿਲਾਂ ਹੀ ਇਤਰਾਜ਼ ਪ੍ਰਗਟਾਇਆ ਸੀ ਤੇ ਹੁਣ ਇਹ ਦੌਰਾ ਹਕੀਕਤ ਬਣਨ ਜਾ ਰਿਹਾ ਹੈ।  29 ਅਕਤੂਬਰ ਨੂੰ ਲਾਹੌਰ ਵਿਚ ਸ਼੍ਰੀਲੰਕਾਈ ਟੀਮ ਪਾਕਿਸਤਾਨ ਦੀ ਮੇਜ਼ਬਾਨੀ ਵਿਚ 8 ਸਾਲ ਬਾਅਦ ਉਸਦੀ ਧਰਤੀ 'ਤੇ ਟੀ-20 ਕੌਮਾਂਤਰੀ ਮੈਚ ਖੇਡਣ ਉਤਰੇਗੀ। ਸ਼੍ਰੀਲੰਕਾ ਕ੍ਰਿਕਟ ਬੋਰਡ (ਐੱਸ. ਐੱਲ. ਸੀ.) ਨੇ ਇਸਦੀ ਪੁਸ਼ਟੀ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਸਾਲ 2009 'ਚ ਲਾਹੌਰ ਸਥਿਤ ਗੱਦਾਫੀ ਸਟੇਡੀਅਮ ਦੇ ਬਾਹਰ ਸ਼੍ਰੀਲੰਕਾਈ ਕ੍ਰਿਕਟਰਾਂ ਦੀ ਟੀਮ ਦੀ ਬੱਸ 'ਤੇ ਅੱਤਵਾਦੀਆਂ ਨੇ ਗੋਲੀਆਂ ਵਰ੍ਹਾ ਦਿੱਤੀਆਂ ਸਨ। ਇਸ ਹਾਦਸੇ ਵਿਚ ਸ਼੍ਰੀਲੰਕਾ ਦੇ 6 ਖਿਡਾਰੀਆਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਸਨ, ਜਦਕਿ 6 ਪਾਕਿਸਤਾਨੀ ਪੁਲਸ ਅਧਿਕਾਰੀ ਤੇ 2 ਸਥਾਨਕ ਨਾਗਰਿਕਾਂ ਦੀ ਵੀ ਮੌਤ ਹੋ ਗਈ ਸੀ।

ਇਸ ਹਾਦਸੇ ਤੋਂ ਬਾਅਦ ਸਾਰੀਆਂ ਕੌਮਾਂਤਰੀ ਕ੍ਰਿਕਟ ਟੀਮਾਂ ਨੇ ਪਾਕਿਸਤਾਨ ਦੌਰੇ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਹੀ ਉਸ ਨੂੰ ਆਪਣੇ ਘਰੇਲੂ ਮੈਚ ਸੰਯੁਕਤ ਅਰਬ ਅਮੀਰਾਤ ਵਿਚ ਆਯੋਜਿਤ ਕਰਨੇ ਪੈ ਰਹੇ ਹਨ। ਹਾਲਾਂਕਿ ਪਿਛਲੇ ਕੁਝ ਸਾਲਾਂ ਵਿਚ ਇਸ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਹੋਈ ਹੈ ਤੇ ਸਾਲ 2015 ਵਿਚ ਜ਼ਿੰਬਾਬਵੇ ਨੇ ਪਾਕਿਸਤਾਨ ਦਾ ਦੌਰਾ ਕੀਤਾ ਸੀ। ਇਸਦੇ ਇਲਾਵਾ ਪਿਛਲੇ ਮਹੀਨੇ ਹੀ ਪਾਕਿਸਤਾਨ ਦੀ ਮੇਜ਼ਬਾਨੀ ਵਿਚ ਗੱਦਾਫੀ ਸਟੇਡੀਅਮ ਵਿਚ ਹੀ ਵਿਸ਼ਵ ਇਲੈਵਨ ਨਾਲ 3 ਟੀ-20 ਮੈਚਾਂ ਦੀ ਸੀਰੀਜ਼ ਦੀ ਪਹਿਲ ਕਰਾਈ ਗਈ ਸੀ। ਐੱਸ. ਐੱਲ. ਸੀ. ਨੇ ਆਗਾਮੀ ਦੌਰੇ ਨੂੰ ਲੈ ਕੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਸ਼੍ਰੀਲੰਕਾ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਮਿਲ ਕੇ ਪਾਕਿਸਤਾਨ ਵਿਚ ਸੁਰੱਖਿਆ ਦਾ ਜਾਇਜ਼ਾ ਲਿਆ ਹੈ।


Related News