ਸਾਇਨਾ ਤੇ ਸਿੰਧੂ ਦਾ ਲਗਾਤਾਰ ਨਿਰਾਸ਼ਾਜਨਕ ਪ੍ਰਦਰਸ਼ਨ

06/27/2017 11:05:37 AM

ਨਵੀਂ ਦਿੱਲੀ—  ਸਿੰਧੂ ਤੇ ਸਾਇਨਾ ਦਾ ਲਗਾਤਾਰ ਦੂਜੇ ਟੂਰਨਾਮੈਂਟ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ। ਦੋਵੇਂ ਸਟਾਰ ਖਿਡਾਰਨਾਂ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਓਪਨ ਦੇ ਦੂਜੇ ਦੌਰ 'ਚ ਬਾਹਰ ਹੋ ਗਈਆਂ ਸਨ ਤੇ ਆਸਟ੍ਰੇਲੀਆ ਓਪਨ ਵਿਚ ਉਨ੍ਹਾਂ ਦੀ ਕੁਆਰਟਰ ਫਾਈਨਲ ਵਿਚ ਛੁੱਟੀ ਹੋ ਗਈ। ਸਾਇਨਾ ਨੇ ਪਿਛਲੇ ਸਾਲ ਰੀਓ ਓਲੰਪਿਕ ਤੋਂ ਪਹਿਲਾਂ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਸੀ, ਜਿਸ ਤੋਂ ਬਾਅਦ ਉਸ ਨੂੰ ਰੀਓ ਓਲੰਪਿਕ ਵਿਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ ਤੇ ਫਿਰ ਆਪਣੇ ਗੋਡੇ ਦੀ ਸਰਜਰੀ ਕਰਾਉਣੀ ਪਈ। ਸਰਜਰੀ ਤੋਂ ਉੱਭਰਨ ਤੋਂ ਬਾਅਦ ਸਾਇਨਾ ਨੇ 2017 ਜਨਵਰੀ 'ਚ ਮਲੇਸ਼ੀਆ ਮਾਸਟਰਸ ਦਾ ਖਿਤਾਬ ਜਿੱਤਿਆ ਪਰ ਇਸ ਖਿਤਾਬੀ ਜਿੱਤ ਤੋਂ ਬਾਅਦ ਉਸ ਨੂੰ ਆਪਣੇ ਅਗਲੇ ਖਿਤਾਬ ਦੀ ਭਾਲ ਹੈ। ਸਾਇਨਾ ਦੇ ਪ੍ਰਦਰਸ਼ਨ 'ਚ ਲਗਾਤਾਰ ਗਿਰਾਵਟ ਆ ਰਹੀ ਹੈ, ਜਿਸ ਦਾ ਨਤੀਜਾ ਹੈ ਕਿ ਉਹ ਵਿਸ਼ਵ ਰੈਂਕਿੰਗ ਵਿਚ ਟਾਪ-10 ਤੋਂ ਬਾਹਰ ਹੋਣ ਤੋਂ ਬਾਅਦ 16ਵੇਂ ਨੰਬਰ 'ਤੇ ਖਿਸਕ ਗਈ ਹੈ ਤੇ ਉਸ ਨੂੰ ਟੂਰਨਾਮੈਂਟਾਂ 'ਚ ਦਰਜਾ ਨਹੀਂ ਮਿਲ ਰਿਹਾ।
ਸਿੰਧੂ ਨੇ ਰੀਓ ਤੋਂ ਬਾਅਦ ਚੀਨ ਓਪਨ ਦਾ ਖਿਤਾਬ ਜਿੱਤਿਆ। ਉਸ ਨੇ 2017 'ਚ ਸੱਯਦ ਮੋਦੀ ਤੇ ਇੰਡੀਆ ਓਪਨ ਦੇ ਖਿਤਾਬ ਜਿੱਤੇ ਪਰ ਪਿਛਲੇ ਤਿੰਨ ਸੁਪਰ ਸੀਰੀਜ਼ ਟੂਰਨਾਮੈਂਟਾਂ 'ਚ ਉਸ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ।


Related News