ਕੁਸ਼ਾਗਰ ਨੇ ਖਿਤਾਬ ਲਈ ਦਾਅਵਾ ਕੀਤਾ ਮਜ਼ਬੂਤ

06/27/2017 2:20:30 AM

ਜਲੰਧਰ (ਨਿਖਲੇਸ਼ ਜੈਨ)—ਭਾਰਤੀ ਅੰਡਰ-13 ਟੀਮ 'ਚ ਚੋਣ ਲਈ ਜਲੰਧਰ ਵਿਚ ਚੱਲ ਰਹੀ ਅੰਡਰ-13 ਨੈਸ਼ਨਲ ਚੈੱਸ ਚੈਂਪੀਅਨਸ਼ਿਪ ਦੇ ਦੋਵਾਂ ਹੀ ਵਰਗਾਂ ਵਿਚ ਕਈ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ। ਜੇਤੂ ਕੌਣ ਬਣੇਗਾ, ਇਹ ਕਹਿਣਾ ਅਜੇ ਵੀ ਮੁਸ਼ਕਿਲ ਹੈ, ਫਿਰ ਵੀ ਬਾਲਕ ਵਰਗ ਵਿਚ ਜਿਥੇ ਤਸਵੀਰ ਥੋੜ੍ਹੀ ਸਾਫ ਹੋਈ, ਉਥੇ ਹੀ ਬਾਲਿਕਾ ਵਰਗ 'ਚ ਇਹ ਤਸਵੀਰ ਪਹਿਲਾਂ ਤੋਂ ਵੀ ਧੁੰਦਲੀ ਹੋ ਗਈ।
ਬਾਲਕ ਵਰਗ ਵਿਚ ਕੱਲ ਤਕ ਬੜ੍ਹਤ 'ਤੇ ਚੱਲ ਰਹੇ ਤੇਲੰਗਾਨਾ ਦੇ ਕੁਸ਼ਾਗਰ ਮੋਹਨ ਨੇ ਆਪਣੀ ਬੜ੍ਹਤ ਨੂੰ ਅੱਜ ਅੱਧੇ ਤੋਂ ਇਕ ਅੰਕ ਪਹੁੰਚਾ ਦਿੱਤਾ। ਉਸ ਨੇ ਦੂਜੇ ਸਥਾਨ 'ਤੇ ਚੱਲ ਰਹੇ ਗੁਜਰਾਤ ਦੇ ਨੈਤਿਕ ਮਹਿਤਾ ਨੂੰ ਹਰਾਉਂਦਿਆਂ ਖਿਤਾਬ 'ਤੇ ਆਪਣਾ ਦਾਅਵਾ ਕਾਫੀ ਮਜ਼ਬੂਤ ਕਰ ਲਿਆ, ਹਾਲਾਂਕਿ ਅਜੇ 3 ਰਾਊਂਡ ਬਾਕੀ ਹਨ ਤੇ ਉਸ ਨੂੰ ਅਜੇ ਵੀ ਖਿਤਾਬ ਸੁਰੱਖਿਅਤ ਕਰਨ ਲਈ 2 ਅੰਕ ਬਣਾਉਣੇ ਪੈਣਗੇ। 
ਟਾਪ ਸੀਡ ਤੇਲੰਗਾਨਾ ਦੇ ਹੀ ਰਾਜਾ ਰਿਤਵਿਕ ਨੇ ਐੱਮ. ਪ੍ਰਣੇਸ਼ ਨੂੰ ਹਰਾਉਂਦਿਆਂ 6.5 ਅੰਕਾਂ ਨਾਲ ਦੂਜਾ ਸਥਾਨ ਹਾਸਲ ਕਰ ਲਿਆ। ਉਸ ਦੇ ਨਾਲ ਦਿੱਲੀ ਦੇ ਅਪਰਣਵ ਤਿਵਾੜੀ ਤੇ ਰੋਹਿਤ ਕ੍ਰਿਸ਼ਣਾ ਵੀ 6.5 ਅੰਕਾਂ ਨਾਲ ਦੂਜੇ ਸਥਾਨ 'ਤੇ ਹਨ।
ਲੜਕੀਆਂ ਦੀ ਗੱਲ ਕੀਤੀ ਜਾਵੇ ਤਾਂ ਕੱਲ ਤਕ ਬੜ੍ਹਤ 'ਤੇ ਚੱਲ ਰਹੀ ਮਹਾਰਾਸ਼ਟਰ ਦੀ ਦਿਵਿਆ ਦੇਸ਼ਮੁੱਖ ਨੇ ਅੱਜ ਪੱਛਮੀ ਬੰਗਾਲ ਦੀ ਬਰਿਸ਼ਟ ਮੁਖਰਜੀ ਨਾਲ ਡਰਾਅ ਖੇਡਿਆ। ਤਾਮਿਲਨਾਡੂ ਦੀ ਜਯੋਤਸਿਨਾ ਨੇ ਆਪਣੇ ਹੀ ਸੂਬੇ ਦੀ ਪ੍ਰਤਿਭਾ ਸਵਿਤਾ ਸ਼੍ਰੀ ਨੂੰ ਹਰਾ ਕੇ 7 ਅੰਕ ਬਣਾ ਲਏ ਹਨ ਤੇ ਉਹ ਦਿਵਿਆ ਨਾਲ ਸਾਂਝੇ ਤੌਰ 'ਤੇ ਬੜ੍ਹਤ 'ਤੇ ਹੈ। ਮਹਾਰਾਸ਼ਟਰ ਦੀ ਮੁਦੁਲ ਦੇਹਾਂਕਰ ਨੇ ਅੱਜ ਤੇਲੰਗਾਨਾ ਦੀ ਜੀ ਸਾਹਿਥਯ ਨੂੰ ਹਰਾਉਂਦਿਆਂ 6.5 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। 
ਹੁਣ ਜੇਕਰ ਦੇਖਿਆ ਜਾਵੇ ਤਾਂ ਇਹ ਤਿੰਨ ਖਿਡਾਰਨਾਂ ਹੀ ਅਗਲੇ 3 ਰਾਊਂਡ ਵਿਚ ਖਿਤਾਬ ਦੀਆਂ ਦਾਅਵੇਦਾਰ ਨਜ਼ਰ ਆ ਰਹੀਆਂ ਹਨ ਅਤੇ ਜਿਹੜੀ ਵੀ ਇਨ੍ਹਾਂ ਤਿੰਨ ਰਾਊਂਡ ਵਿਚ ਬਿਹਤਰ ਖੇਡ ਦਿਖਾਏਗੀ, ਉਹੀ ਖਿਤਾਬ 'ਤੇ ਕਬਜ਼ਾ ਕਰੇਗੀ।


Related News