ਈਰਾਨ ਤੇ ਸਪੇਨ ਕੁਆਰਟਰਫਾਈਨਲ ''ਚ

10/18/2017 9:12:12 AM

ਫਾਤੋਰਦਾ/ਗੁਹਾਟੀ, (ਬਿਊਰੋ)— ਏਸ਼ੀਆਈ ਟੀਮ ਈਰਾਨ ਤੇ ਯੂਰਪੀਅਨ ਟੀਮ ਸਪੇਨ ਨੇ ਮੰਗਲਵਾਰ ਬੇਹੱਦ ਰੋਮਾਂਚਕ ਤੇ ਸੰਘਰਸ਼ਪੂਰਨ ਮੁਕਾਬਲਿਆਂ 'ਚ ਕ੍ਰਮਵਾਰ ਮੈਕਸੀਕੋ ਤੇ ਫਰਾਂਸ ਨੂੰ 2-1 ਦੇ ਇਕ ਬਰਾਬਰ ਫਰਕ ਨਾਲ ਹਰਾ ਕੇ ਫੀਫਾ ਅੰਡਰ-17 ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰਫਾਈਨਲ 'ਚ ਪ੍ਰਵੇਸ਼ ਕਰ ਲਿਆ।ਈਰਾਨ ਨੇ ਗੋਆ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਦੋ ਵਾਰ ਦੇ ਸਾਬਕਾ ਚੈਂਪੀਅਨ ਤੇ ਪਿਛਲੇ ਸੈਸ਼ਨ ਵਿਚ ਚੌਥੇ ਸਥਾਨ 'ਤੇ ਰਹੇ ਮੈਕਸੀਕੋ ਨੂੰ 2-1 ਨਾਲ ਹਰਾਇਆ, ਜਦਕਿ ਸਪੇਨ ਨੇ ਗੁਹਾਟੀ ਦੇ ਇੰਦਰਾ ਗਾਂਧੀ ਐਥਲੈਟਿਕਸ ਸਟੇਡੀਅਮ 'ਚ ਫਰਾਂਸ ਦੀ ਮਜ਼ਬੂਤ ਟੀਮ ਨੂੰ 2-1 ਨਾਲ ਹਰਾਇਆ। 

ਈਰਾਨ ਨੇ ਲਾਇਆ ਜਿੱਤ ਦਾ ਚੌਕਾ
ਈਰਾਨ ਨੇ ਆਪਣੇ ਗਰੁੱਪ-ਸੀ ਵਿਚ ਤਿੰਨੋਂ ਮੈਚ ਜਿੱਤ ਕੇ ਚੋਟੀ ਦਾ ਸਥਾਨ ਹਾਸਲ ਕੀਤਾ ਸੀ। ਉਸ ਨੇ ਜਿੱਤ ਦੇ ਇਸ ਸਿਲਸਿਲੇ ਨੂੰ ਗਰੁੱਪ-ਐੈੱਫ ਦੀ ਤੀਜੇ ਨੰਬਰ ਦੀ ਟੀਮ ਮੈਕਸੀਕੋ ਵਿਰੁੱਧ ਵੀ ਬਰਕਰਾਰ ਰੱਖਿਆ ਤੇ ਪਹਿਲੀ ਵਾਰ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਸਾਲ 2005 ਤੇ 2011 'ਚ ਚੈਂਪੀਅਨ ਰਹੀ ਅਤੇ 2015 ਵਿਚ ਚੌਥੇ ਸਥਾਨ 'ਤੇ ਰਹੀ ਮੈਕਸੀਕੋ ਦੀ ਟੀਮ ਗਰੁੱਪ ਗੇੜ 'ਚ ਦੋ ਮੈਚ ਡਰਾਅ ਕਰਾ ਸਕੀ ਸੀ ਤੇ ਇਕ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਗਰੁੱਪ ਦੌਰ ਵਿਚ ਸੰਘਰਸ਼ ਕਰਨ ਵਾਲੀ ਮੈਕਸੀਕੋ ਦੀ ਟੀਮ ਦੀ ਵਿਸ਼ਵ ਕੱਪ ਵਿਚ ਮੁਹਿੰਮ ਇਸ ਹਾਰ ਨਾਲ ਖਤਮ ਹੋ ਗਈ। 

ਈਰਾਨ ਨੇ ਮੈਕਸੀਕੋ ਵਿਰੁੱਧ ਪਹਿਲੇ 11 ਮਿੰਟ 'ਚ ਹੀ ਦੋ ਗੋਲਾਂ ਦੀ ਬੜ੍ਹਤ ਬਣਾ ਲਈ ਸੀ। ਮੁਹੰਮਦ ਸ਼ਰੀਫੀ ਨੇ 7ਵੇਂ ਤੇ ਅਲਯਾਰ ਸੱਯਦ ਨੇ 11ਵੇਂ ਮਿੰਟ 'ਚ ਗੋਲ ਕੀਤੇ। ਮੈਕਸੀਕੋ ਲਈ ਰਾਬਰਟੋ ਡੀ ਲਾ ਰੋਸਾ ਨੇ 37ਵੇਂ ਮਿੰਟ 'ਚ ਗੋਲ ਕੀਤਾ। ਪਹਿਲੇ ਹਾਫ ਦੇ ਤਿੰਨਾਂ ਗੋਲਾਂ ਤੋਂ ਬਾਅਦ ਦੋਵੇਂ ਟੀਮਾਂ ਦੂਜੇ ਹਾਫ 'ਚ ਕੋਈ ਗੋਲ ਨਹੀਂ ਕਰ ਸਕੀਆਂ।

ਦੂਜੇ ਪਾਸੇ ਈਰਾਨ ਨੇ ਜਿੱਤ ਦਾ ਚੌਕਾ ਲਾਉਂਦਿਆਂ ਕੁਆਰਟਰਫਾਈਨਲ ਵਿਚ ਜਗ੍ਹਾ ਬਣਾ ਲਈ। ਈਰਾਨ ਨੇ ਆਪਣੇ ਗਰੁੱਪ ਮੈਚ ਵਿਚ ਜਰਮਨੀ ਦੀ ਮਜ਼ਬੂਤ ਟੀਮ ਨੂੰ 4-0 ਨਾਲ ਹਰਾਇਆ ਸੀ ਤੇ ਉਸ ਨੇ ਇਸ ਆਤਮ-ਵਿਸ਼ਵਾਸ ਨੂੰ ਮੈਕਸੀਕੋ ਵਿਰੁੱਧ ਵੀ ਬਰਕਰਾਰ ਰੱਖਿਆ। ਈਰਾਨ ਦਾ ਹੁਣ ਕੁਆਰਟਰਫਾਈਨਲ ਵਿਚ 22 ਅਕਤੂਬਰ ਨੂੰ ਕੋਚੀ 'ਚ ਯੂਰਪੀਅਨ ਚੈਂਪੀਅਨ ਸਪੇਨ ਨਾਲ ਮੁਕਾਬਲਾ ਹੋਵੇਗਾ।

ਸਪੇਨ ਲਈ ਪੈਨਲਟੀ ਬਣੀ ਵਰਦਾਨ
ਫਰਾਂਸ ਤੇ ਸਪੇਨ ਦਾ ਮੁਕਾਬਲਾ 1-1 ਦੇ ਸਕੋਰ 'ਤੇ 90 ਮਿੰਟ ਤਕ ਪਹੁੰਚ ਚੁੱਕਾ ਸੀ ਤੇ ਲੱਗ ਰਿਹਾ ਸੀ ਕਿ ਮੁਕਾਬਲਾ ਪੈਨਲਟੀ ਸ਼ੂਟਆਊਟ 'ਚ ਜਾਵੇਗਾ ਪਰ ਆਖਰੀ ਸਮੇਂ ਵਿਚ ਸਪੇਨ ਨੂੰ ਫੈਸਲਾਕੁੰਨ ਪੈਨਲਟੀ ਮਿਲ ਗਈ, ਜਦੋਂ ਬਦਲਵੇਂ ਖਿਡਾਰੀ ਜੋਸ ਲਾਰਾ ਨੂੰ ਡਿਫੈਂਡਰ ਕਮਰ ਸੋਲੇਤ ਨੇ ਬਾਕਸ 'ਚ ਸੁੱਟ ਦਿੱਤਾ। ਕਪਤਾਨ ਰੂਈਜ਼ ਪੈਨਲਟੀ ਲੈਣ ਅੱਗੇ ਆਇਆ ਤੇ ਉਸ ਨੇ ਸਟੀਕ ਸ਼ਾਟ ਲਾਉਂਦਿਆਂ ਜੇਤੂ ਗੋਲ ਕੀਤਾ ਤੇ ਨਾਲ ਹੀ ਸਪੇਨ ਕੁਆਰਟਰ ਫਾਈਨਲ 'ਚ ਪਹੁੰਚ ਗਿਆ। 

ਸਪੇਨ ਨੇ ਫਰਾਂਸ ਵਿਰੁੱਧ ਇਕ ਗੋਲ ਨਾਲ ਪਿਛੜਨ ਤੋਂ ਬਾਅਦ ਵਾਪਸੀ ਕਰਦਿਆਂ ਜਿੱਤ ਹਾਸਲ ਕੀਤੀ। ਫਰਾਂਸ ਨੇ ਲੇਨੀ ਪਿੰਟਰ ਦੇ 34ਵੇਂ ਮਿੰਟ ਦੇ ਗੋਲ ਨਾਲ ਬੜ੍ਹਤ ਬਣਾਈ। ਸਪੇਨ ਨੂੰ ਜੁਆਨ ਮਿਰਾਂਡਾ ਨੇ 44ਵੇਂ ਮਿੰਟ ਵਿਚ ਬਰਾਬਰੀ ਦਿਵਾਈ, ਜਦਕਿ ਐਬਲ ਰੂਈਜ਼ ਨੇ 90ਵੇਂ ਮਿੰਟ ਦੀ ਪੈਨਲਟੀ 'ਤੇ ਸਪੇਨ ਲਈ ਮੈਚ ਜੇਤੂ ਗੋਲ ਕੀਤਾ। 

ਯੂਰਪ ਦੀਆਂ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਕਾਫੀ ਜ਼ਬਰਦਸਤ ਰਿਹਾ। ਫਰਾਂਸ ਨੇ 34ਵੇਂ ਮਿੰਟ 'ਚ ਪਿੰਟਰ ਦੇ ਗੋਲ ਨਾਲ ਬੜ੍ਹਤ ਬਣਾਈ। ਪਹਿਲੇ ਹਾਫ ਤੋਂ ਠੀਕ ਪਹਿਲਾਂ ਸਪੇਨ ਨੇ ਬਰਾਬਰੀ ਹਾਸਲ ਕਰ ਲਈ।  ਬਾਰਸੀਲੋਨਾ ਦੇ ਡਿਫੈਂਡਰ ਜੁਆਨ ਮਿਰਾਂਡਾ ਨੇ ਫੇਰੇਨ ਟੋਰੇਸ ਦੇ ਖੱਬੇ ਪਾਸੇ ਤੋਂ ਕ੍ਰਾਸ ਨੂੰ ਸੰਭਾਲਣ ਤੋਂ ਬਾਅਦ ਬਰਾਬਰੀ ਦਾ ਗੋਲ ਕਰਨ 'ਚ ਕੋਈ ਗਲਤੀ ਨਹੀਂ ਕੀਤੀ।
ਦੂਜੇ ਹਾਫ 'ਚ 45 ਮਿੰਟ ਤਕ ਜ਼ਬਰਦਸਤ ਸੰਘਰਸ਼ ਤੋਂ ਬਾਅਦ 90ਵੇਂ ਮਿੰਟ 'ਚ ਮਿਲੀ ਪੈਨਲਟੀ ਸਪੇਨ ਲਈ ਵਰਦਾਨ ਬਣ ਗਈ ਤੇ ਉਸ ਨੇ ਫੈਸਲਾਕੁੰਨ ਜਿੱਤ ਹਾਸਲ ਕਰ ਲਈ।


Related News