ਇੰਗਲੈਂਡ ਖਿਲਾਫ ਇੰਡੀਆ ਅੰਡਰ-19 ਟੀਮ ਨੇ 5-0 ਨਾਲ ਕਲੀਨ ਸਵੀਪ ਕਰ ਕੇ ਰਚਿਆ ਇਤਿਹਾਸ

08/17/2017 1:01:13 PM

ਟਾਂਟਨ— ਭਾਰਤ ਦੀ ਅੰਡਰ-19 ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਪੰਜਵੇਂ ਅਤੇ ਅੰਤਿਮ ਯੁਵਾ ਇਕ ਰੋਜ਼ਾ ਕ੍ਰਿਕਟ ਮੈਚ 'ਚ ਅੱਜ ਇੱਥੇ ਮੇਜ਼ਬਾਨ ਇੰਗਲੈਂਡ ਅੰਡਰ-19 ਟੀਮ ਨੂੰ ਬੇਹੱਦ ਕਰੀਬੀ ਮੈਚ 'ਚ ਇਕ ਵਿਕਟ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 'ਚ 5-0 ਨਾਲ ਕਲੀਨ ਸਵੀਪ ਕੀਤਾ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ 'ਤੇ 222 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਭਾਰਤੀ ਟੀਮ ਨੇ 49.2 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 226 ਦੌੜਾਂ ਬਣਾ ਕੇ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ।

ਇੰਗਲੈਂਡ ਵੱਲੋਂ ਲੀਆਮ ਬੈਂਕਸ ਨੇ ਸਭ ਤੋਂ ਜ਼ਿਆਦਾ 51 ਦੌੜਾਂ ਬਣਾਈਆਂ ਜਦਕਿ ਹੈਰੀ ਬਰੂਕਸ ਨੇ 49 ਅਤੇ ਹੇਠਲੇ ਕ੍ਰਮ ਦੇ ਬੱਲੇਬਾਜ਼ ਟਾਮ ਲੈਮਨਬਾਈ ਨੇ 31 ਅਤੇ ਹੈਨਰੀ ਬਰੂਕਸ ਨੇ ਅਜੇਤੂ 25 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤੀ ਟੀਮ ਵੱਲੋਂ ਲੈੱਗ ਸਪਿਨਰ ਰਾਹੁਲ ਚਾਹਰ ਨੇ 63 ਦੌੜਾਂ ਦੇ ਕੇ ਚਾਰ ਅਤੇ ਖੱਬੇ ਹੱਥ ਦੇ ਸਪਿਨਰ ਅਭਿਸ਼ੇਕ ਸ਼ਰਮਾ ਨੇ 33 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਕਪਤਾਨ ਪ੍ਰਿਥਵੀ ਸ਼ਾ (46 ਗੇਂਦਾਂ 'ਤੇ 7 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 52 ਦੌੜਾਂ) ਨੇ ਭਾਰਤ ਨੂੰ ਖੇਡ 'ਚ ਸ਼ਾਨਦਾਰ ਆਗਾਜ਼ ਦਿੱਤਾ ਪਰ ਜਦੋਂ ਸਕੋਰ 87 'ਤੇ ਸੀ ਤਾਂ ਉਹ ਆਊਟ ਹੋ ਗਏ।

ਇਸ ਤੋਂ ਬਾਅਦ ਭਾਰਤੀ ਟੀਮ ਨੇ ਨਿਯਮਿਤ ਵਕਫੇ 'ਚ ਵਿਕਟ ਗੁਆਏ। ਹਾਰਵਿਕ ਦੇਸਾਈ ਨੇ 44 ਅਤੇ ਐੱਸ. ਰਾਧਾਕ੍ਰਿਸ਼ਨਨ 30 ਦੌੜਾਂ ਬਣਾਈਆਂ ਪਰ ਇਕ ਦੌੜ ਦੇ ਅੰਦਰ ਤਿੰਨ ਵਿਕਟਾਂ ਗੁਆਉਣ ਨਾਲ ਸਕੋਰ 9 ਵਿਕਟਾਂ 'ਤੇ 217 ਦੌੜਾਂ ਹੋ ਗਿਆ। ਕਮਲੇਸ਼ ਨਾਗਰਕੋਟੀ (ਅਜੇਤੂ 26) ਅਜਿਹੇ 'ਚ ਇਕ ਪਾਸੇ ਟਿੱਕੇ ਰਹੇ ਅਤੇ ਆਖਰੀ ਓਵਰ 'ਚ ਜੇਤੂ ਚੌਕਾ ਲਗਾਇਆ ਜਿਸ ਨਾਲ ਭਾਰਤ ਨੇ ਯੁਵਾ ਟੈਸਟ ਸੀਰੀਜ਼ ਤੋਂ ਇਲਾਵਾ ਪੰਜ ਮੈਚਾਂ ਦੀ ਇਕ ਰੋਜ਼ਾ ਸੀਰੀਜ਼ 'ਚ ਕਲੀਨ ਸਵੀਪ ਕਰਕੇ ਦੌਰੇ ਦਾ ਸ਼ਾਨਦਾਰ ਅੰਤ ਕੀਤਾ। ਭਾਰਤ ਨੇ ਇਸ ਤੋਂ ਪਹਿਲਾਂ ਦੋ ਮੈਚਾਂ ਦੀ ਯੁਵਾ ਟੈਸਟ ਸੀਰੀਜ਼ 'ਚ 2-0 ਨਾਲ ਜਿੱਤ ਦਰਜ ਕੀਤੀ।


Related News