ਚੌਰਸੀਆ ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲੇ 19ਵੇਂ ਭਾਰਤੀ ਗੋਲਫਰ ਬਣਨਗੇ

08/20/2017 6:28:30 PM

ਨਵੀਂ ਦਿੱਲੀ— ਭਾਰਤ ਦਾ ਮੇਜਰ ਕਹੇ ਜਾਣ ਵਾਲੇ ਅਤੇ ਇੰਡੀਅਨ ਓਪਨ ਨੂੰ ਪਿਛਲੇ ਦੋ ਸਾਲਾਂ 'ਚ ਲਗਾਤਾਰ ਜਿੱਤ ਚੁੱਕੇ ਕੋਲਕਾਤਾ ਦੇ ਐੱਸ.ਐੱਸ.ਪੀ. ਚੌਰਸੀਆ ਪ੍ਰਸਿੱਧ ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲੇ 19ਵੇਂ ਭਾਰਤੀ ਗੋਲਫਰ ਬਣਨਗੇ। ਖੇਡ ਮੰਤਰਾਲਾ ਨੇ ਅਰਜੁਨ ਪੁਰਸਕਾਰ ਦੇ ਲਈ 17 ਨਾਵਾਂ ਦੀ ਪੁਸ਼ਟੀ ਕਰ ਦਿੱਤੀ ਹੈ ਜਿਸ 'ਚ ਗੋਲਫਰ ਚੌਰਸੀਆ ਵੀ ਸ਼ਾਮਲ ਹਨ। ਯੂਰਪੀ ਟੂਰ 'ਤੇ ਚਾਰ ਸਮੇਤ 6 ਕੌਮਾਂਤਰੀ ਖਿਤਾਬ ਜਿੱਤ ਚੁੱਕੇ ਚੌਰਸੀਆ ਨੂੰ ਖੇਡ ਮੰਤਰਾਲਾ ਵੱਲੋਂ ਪੁਸ਼ਟੀ ਦਾ ਈਮੇਲ ਮਿਲ ਚੁੱਕਾ ਹੈ।

ਏਸ਼ੀਅਨ ਟੂਰ ਆਰਡਰ ਆਫ ਮੈਰਿਟ 'ਚ ਦੂਜੇ ਸਥਾਨ 'ਤੇ ਮੌਜੂਦ ਚੌਰਸੀਆ 29 ਅਗਸਤ ਨੂੰ ਖੇਡ ਦਿਵਸ ਦੇ ਦਿਨ ਰਾਸ਼ਟਰਪਤੀ ਭਵਨ 'ਚ ਇਹ ਸਨਮਾਨ ਪ੍ਰਾਪਤ ਕਰਨਗੇ। ਚੌਰਸੀਆ ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲੇ 19ਵੇਂ ਭਾਰਤੀ ਗੋਲਫਰ ਅਤੇ ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ (ਪੀ.ਜੀ.ਟੀ.ਆਈ.) ਦੇ 10ਵੇਂ ਮੈਂਬਰ ਬਣਨਗੇ। ਅਰਜੁਨ ਪੁਰਸਕਾਰ ਜਿੱਤ ਚੁੱਕੇ ਪੀ.ਜੀ.ਟੀ.ਆਈ. ਦੇ ਹੋਰ ਮੈਂਬਰਾਂ 'ਚ ਅਲੀ ਸ਼ੇਰ (1991), ਅਮਿਤ ਲੂਥਰਾ (1996), ਹਰਮੀਤ ਕਾਹਲੋਂ (1997), ਜੀਵ ਮਿਲਖਾ ਸਿੰਘ (1999), ਸ਼ਿਵ ਕਪੂਰ (2002), ਜੋਤੀ ਰੰਧਾਵਾ (2004), ਅਰਜੁਨ ਅਟਵਾਲ (2007), ਗਗਨਜੀਤ ਭੁੱਲਰ (2013) ਅਤੇ ਅਨਿਰਬਾਨ ਲਾਹਿੜੀ (2014) ਸਾਮਲ ਹਨ। ਕੋਲਕਾਤਾ ਦੇ ਚੌਰਸੀਆ ਨੇ 2016 ਦੇ ਰੀਓ ਓਲੰਪਿਕ ਅਤੇ ਇਸ ਸਾਲ ਗੋਲਫ ਵਿਸ਼ਵ ਕੱਪ 'ਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਉਹ 2016 'ਚ ਹੀ ਯੂਰੇਸ਼ੀਆ ਕੱਪ 'ਚ ਟੀਮ ਏਸ਼ੀਆ ਦੇ ਮੈਂਬਰ ਰਹੇ ਸਨ।


Related News