ਆਨੰਦ ਰਿਹਾ 9ਵੇਂ ਸਥਾਨ ''ਤੇ

12/13/2017 4:02:20 AM

ਲੰਡਨ — ਦੁਨੀਆ ਦਾ ਨੰਬਰ ਇਕ ਖਿਡਾਰੀ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਕੱਲ ਰਾਤ ਇਥੇ ਲੰਡਨ ਸ਼ਤਰੰਜ ਕਲਾਸਿਕ ਦੀ ਆਖਰੀ ਬਾਜ਼ੀ ਵਿਚ ਅਰਮੀਨੀਆ ਦੇ ਲੇਵੋਨ ਆਰੋਨੀਅਨ ਨੂੰ ਹਰਾ ਕੇ ਦੂਜੀ ਵਾਰ 'ਗ੍ਰੈਂਡ ਚੈੱਸ ਟੂਰ' ਦਾ ਜੇਤੂ ਬਣਿਆ, ਜਦਕਿ ਭਾਰਤੀ ਸਟਾਰ ਵਿਸ਼ਵਨਾਥਨ ਆਨੰਦ ਪੰਜ ਪ੍ਰਮੁੱਖ ਟੂਰਨਾਮੈਂਟਾਂ ਦੇ ਪ੍ਰਦਰਸ਼ਨ 'ਤੇ ਆਧਾਰਿਤ ਅੰਕ ਸੂਚੀ 'ਚ ਨੌਵੇਂ ਸਥਾਨ 'ਤੇ ਰਿਹਾ। ਨਾਰਵੇ ਦੇ ਕਾਰਲਸਨ ਲਈ 'ਗ੍ਰੈਂਡ ਚੈੱਸ ਟੂਰ' ਜੇਤੂ ਬਣਨ ਲਈ ਲੰਡਨ ਕਲਾਸਿਕ ਦੇ ਆਖਰੀ ਦੌਰ ਵਿਚ ਜਿੱਤ ਦਰਜ ਕਰਨਾ ਜ਼ਰੂਰੀ ਸੀ ਤੇ ਆਖਿਰ ਵਿਚ ਉਹ ਕਾਲੇ ਮੋਹਰਿਆਂ ਨਾਲ ਖੇਡਣ ਦੇ ਬਾਵਜੂਦ ਆਰੋਨੀਅਨ ਨੂੰ 57 ਚਾਲਾਂ ਤਕ ਚੱਲੀ ਬਾਜ਼ੀ 'ਚ ਹਰਾਉਣ ਵਿਚ ਸਫਲ ਰਿਹਾ।  ਇਸ ਨਾਲ ਕਾਰਲਸਨ ਦੇ 'ਗ੍ਰੈਂਡ ਚੈੱਸ ਟੂਰ' ਵਿਚ ਕੁਲ 41 ਅੰਕ ਹੋ ਗਏ ਤੇ ਉਹ ਆਪਣੇ ਕਰੀਬੀ ਫਰਾਂਸ ਦੇ ਮੈਕਸਿਮ ਵਾਚੀਅਰ ਲਾਗ੍ਰੇਵ (38 ਅੰਕ) ਨੂੰ ਪਛਾੜਨ 'ਚ ਸਫਲ ਰਿਹਾ। 'ਗ੍ਰੈਂਡ ਚੈੱਸ ਟੂਰ' ਵਿਚ ਸਿੰਕਫੀਲਡ ਕੱਪ ਤੇ ਲੰਡਨ ਕਲਾਸਿਕ ਸਮੇਤ ਪੰਜ ਟੂਰਨਾਮੈਂਟ ਸ਼ਾਮਲ ਹਨ, ਜਿਸ ਵਿਚ ਚਾਰ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਖਿਡਾਰੀਆਂ ਨੂੰ ਅੰਕ ਦਿੱਤੇ ਜਾਂਦੇ ਹਨ। ਇਸ ਦੀ ਸ਼ੁਰੂਆਤ 2015 'ਚ ਕੀਤੀ ਗਈ ਸੀ ਤੇ ਉਸ ਸਮੇਂ ਵੀ ਕਾਰਲਸਨ ਜੇਤੂ ਬਣਿਆ ਸੀ।
ਆਨੰਦ ਇਸ ਸਾਲ ਸਿਰਫ ਸਿੰਕਫੀਲਡ ਟੂਰਨਾਮੈਂਟ ਵਿਚ ਹੀ ਚੰਗਾ ਪ੍ਰਦਰਸ਼ਨ ਕਰ ਸਕਿਆ ਸੀ ਤੇ ਉਹ ਕੁਲ 15.5 ਅੰਕਾਂ ਨਾਲ ਨੌਵੇਂ ਸਥਾਨ 'ਤੇ ਰਿਹਾ। ਇਨ੍ਹਾਂ ਵਿਚੋਂ 9 ਅੰਕ ਉਸ ਨੇ ਸਿੰਕਫੀਲਡ 'ਚ ਹਾਸਲ ਕੀਤੇ ਸਨ। ਲੰਡਨ ਕਲਾਸਿਕ ਵਿਚ ਉਸ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ, ਜਿਸ ਵਿਚ ਉਹ ਸੰਭਾਵਿਤ 9 ਵਿਚੋਂ ਤਿੰਨ ਅੰਕ ਹੀ ਹਾਸਲ ਕਰ ਸਕਿਆ ਸੀ। ਇਸ ਨਾਲ ਉਸ ਨੂੰ 'ਗ੍ਰੈਂਡ ਚੈੱਸ ਟੂਰ' ਲਈ ਸਿਰਫ 1.5 ਅੰਕ ਮਿਲੇ।  ਆਨੰਦ ਨੇ ਜੂਨ ਵਿਚ ਪੈਰਿਸ ਟੂਰਨਾਮੈਂਟ 'ਚ ਹਿੱਸਾ ਲਿਆ ਸੀ। 
ਕਾਰਲਸਨ ਤੇ ਵਾਚੀਅਰ ਲਾਗ੍ਰੇਵ ਤੋਂ ਬਾਅਦ ਗ੍ਰੈਂਡ ਚੈੱਸ ਟੂਰ-2017 ਦੀ ਅੰਕ ਸੂਚੀ ਵਿਚ ਆਰੋਨੀਅਨ (29) ਤੀਜੇ, ਅਮਰੀਕਾ ਦਾ ਹਿਕਾਰੂ ਨਾਕਾਮੁਰਾ (25) ਚੌਥੇ, ਅਮਰੀਕਾ ਦਾ ਹੀ ਫੈਬਿਆਨੋ ਕਾਰੂਆਨਾ (24) ਪੰਜਵੇਂ, ਰੂਸ ਦਾ ਸਰਜੇਈ ਕਰਜ਼ਾਕਿਨ (23.5 ) ਛੇਵੇਂ, ਅਮਰੀਕਾ ਦਾ ਵੇਸਲੀ ਸੋ ਤੇ ਰੂਸ ਦੇ ਇਯਾਨ ਨੇਪੋਮਨਿਆਚੀ (ਦੋਵੇਂ ਬਰਾਬਰ 22.5 ਅੰਕ) ਸਾਂਝੇ ਤੌਰ 'ਤੇ  ਸੱਤਵੇਂ ਤੇ ਆਨੰਦ ਨੌਵੇਂ ਸਥਾਨ 'ਤੇ ਰਿਹਾ।
ਇਸ ਵਿਚਾਲੇ ਕਾਰੂਆਨਾ ਲੰਡਨ ਸ਼ਤਰੰਜ ਕਲਾਸਿਕ ਦਾ ਖਿਤਾਬ ਜਿੱਤਣ 'ਚ ਸਫਲ ਰਿਹਾ। ਉਸ ਨੇ ਅਤੇ ਨੇਪੋਮਨਿਆਚੀ ਨੇ ਬਰਾਬਰ 6-6 ਅੰਕ ਹਾਸਲ ਕੀਤੇ ਪਰ ਬਿਹਤਰ ਟਾਈਬ੍ਰੇਕ ਸਕੋਰ ਕਾਰਨ ਅਮਰੀਕੀ ਖਿਡਾਰੀ ਚੈਂਪੀਅਨ ਬਣਿਆ। ਆਨੰਦ ਇਸ ਟੂਰਨਾਮੈਂਟ 'ਚ ਇੰਗਲੈਂਡ ਦੇ ਮਾਈਕਲ ਐਡਮਸ ਨਾਲ ਸਾਂਝੇ ਤੌਰ 'ਤੇ 9ਵੇਂ ਸਥਾਨ 'ਤੇ ਰਿਹਾ।


Related News