ਔਰਤਾਂ ਪੰਜਾਬ ਦੀ ਅਸੈਂਬਲੀ ''ਚ ਵੀ ਸੁਰੱਖਿਅਤ ਨਹੀਂ : ਬੀਬੀ ਹੁੰਦਲ

06/26/2017 8:02:06 AM

ਖਮਾਣੋਂ  (ਜਟਾਣਾ) – ਕਾਂਗਰਸ ਨੇ ਪੰਜਾਬ ਵਿਧਾਨ ਸਭਾ 'ਚ ਵਿਧਾਇਕ ਬੀਬੀਆਂ ਦੀ ਖਿੱਚ-ਧੂਹ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸ ਜਮਾਤ ਔਰਤ ਵਿਰੋਧੀ ਹੈ ਤੇ ਜੇਕਰ ਔਰਤਾਂ ਪੰਜਾਬ ਦੀ ਅਸੈਂਬਲੀ 'ਚ ਹੀ ਸੁਰੱਖਿਅਤ ਨਹੀ ਤਾਂ ਹੋਰ ਕਿਹੜੀ ਥਾਂ ਬਚੇਗੀ, ਜਿਥੇ ਔਰਤ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕੇ। ਇਹ ਸ਼ਬਦ ਇਸਤਰੀ ਅਕਾਲੀ ਦਲ ਦੀ ਜਥੇਬੰਦਕ ਸਕੱਤਰ ਬੀਬੀ ਮਨਪ੍ਰੀਤ ਕੌਰ ਹੁੰਦਲ ਨੇ ਪੰਜਾਬ ਵਿਧਾਨ ਸਭਾ 'ਚ ਆਮ ਆਦਮੀ ਪਾਰਟੀ ਦੀਆਂ ਵਿਧਾਇਕ ਬੀਬੀਆਂ ਨਾਲ ਹੋਈ ਖਿੱਚ-ਧੂਹ 'ਤੇ ਪ੍ਰਤੀਕਰਮ ਦਿੰਦਿਆਂ ਕਹੇ। ਬੀਬੀ ਹੁੰਦਲ ਨੇ ਕਿਹਾ ਕਿ ਪੰਜਾਬ ਅਸੈਂਬਲੀ 'ਚ ਬੀਬੀਆਂ 'ਤੇ ਹੱਥ ਚੁੱਕ ਕੇ ਕਾਂਗਰਸ ਨੇ ਸਾਨੂੰ 1984 ਦੀ ਯਾਦ ਤਾਜ਼ਾ ਕਰਵਾ ਦਿੱਤੀ। ਸ਼੍ਰੋਮਣੀ ਅਕਾਲੀ ਦਲ ਇਸ ਧੱਕੇਸ਼ਾਹੀ ਵਿਰੁੱਧ ਜੋ ਵੀ ਸੰਘਰਸ ਆਰੰਭੇਗਾ, ਉਸ 'ਚ ਬੀਬੀਆਂ ਵਲੋਂ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਵਾਅਦਿਆਂ ਤੋਂ ਮੁੱਕਰ ਰਹੀ ਹੈ ਤੇ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ ਤੇ ਸਪੀਕਰ ਰਾਹੀਂ ਵਰਤਿਆ ਇਹ ਵੀ ਇਕ ਕੋਝਾ ਹੱਥਕੰਡਾ ਹੈ, ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਇਸ ਮੌਕੇ ਬੀਬੀ ਕੁਲਦੀਪ ਕੌਰ ਕਾਲੇਮਾਜਰਾ, ਜਸਵੀਰ ਕੌਰ ਮਹੱਦੀਆਂ, ਬਲਜਿੰਦਰ ਕੌਰ ਕਾਲੇਮਾਜਾਰਾ, ਗੁਰਪ੍ਰੀਤ ਕੌਰ ਬੱਸੀ ਪਠਾਣਾਂ ਤੇ ਸਵਰਨ ਕੌਰ ਆਦਿ ਵੀ ਹਾਜ਼ਰ ਸਨ।


Related News