ਸ਼ਰਾਬ ਸਮੱਗਲਿੰਗ ਨਾਲ ਉਡੀ ਠੇਕੇਦਾਰਾਂ ਦੀ ਨੀਂਦ, ਮੁਖਬਰੀ ਦਾ ਲੈ ਰਹੇ ਸਹਾਰਾ

06/26/2017 7:53:43 AM

ਫਰੀਦਕੋਟ  (ਹਾਲੀ) - ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਸ਼ਰਾਬ ਦੀਆਂ ਕੀਮਤਾਂ ਵਿਚ ਆਏ ਉਛਾਲ ਨੇ ਭਾਵੇਂ ਠੇਕੇਦਾਰਾਂ ਦੀ ਕਮਾਈ 'ਚ ਵਾਧਾ ਕੀਤਾ ਹੈ ਪਰ ਸ਼ਰਾਬ ਦੀ ਸਮੱਗਲਿੰਗ ਨੇ ਠੇਕੇਦਾਰਾਂ ਦੀ ਨੀਂਦ ਉਡਾ ਦਿੱਤੀ ਹੈ, ਜਿਸ ਕਾਰਨ ਠੇਕੇਦਾਰਾਂ ਨੂੰ ਹੁਣ ਨਾਜਾਇਜ਼ ਸ਼ਰਾਬ ਦੇ ਧੰਦੇ ਨੂੰ ਰੋਕ ਲਾਉਣ ਲਈ ਮੁਖਬਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਇਸ ਸਮੇਂ ਜ਼ਿਲੇ ਵਿਚ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੀਆਂ ਕੀਮਤਾਂ 100 ਤੋਂ ਲੈ ਕੇ 300 ਰੁਪਏ ਪ੍ਰਤੀ ਬੋਤਲ ਤੱਕ ਵੱਧ ਗਈਆਂ ਹਨ।
ਸ਼ਰਾਬ ਮਹਿੰਗੀ ਹੋਣ ਕਾਰਨ ਫਰੀਦਕੋਟ ਵਿਚ ਠੇਕਿਆਂ 'ਤੇ ਪਿਆਕੜਾਂ ਦੀ ਭੀੜ ਘਟਣ ਤੋਂ ਬਾਅਦ ਠੇਕੇਦਾਰਾਂ ਨੇ ਪਿੰਡਾਂ ਅਤੇ ਸ਼ਹਿਰਾਂ ਵਿਚ ਆਪਣੇ ਮੁਖ਼ਬਰ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ ਪਰ ਇਸ ਮੁਹਿੰਮ ਨੂੰ ਕੋਈ ਵੱਡਾ ਹੁੰਗਾਰਾ ਨਹੀਂ ਸੀ ਮਿਲ ਰਿਹਾ, ਜਿਸ ਕਰਕੇ ਹੁਣ ਠੇਕੇਦਾਰਾਂ ਨੇ ਮੁਖਬਰ ਨੂੰ ਸੂਚਨਾ ਦੇਣ ਬਦਲੇ ਨਕਦ ਪੈਸੇ ਇਨਾਮ ਦੇ ਰੂਪ 'ਚ ਦੇਣ ਦਾ ਫੈਸਲਾ ਕੀਤਾ ਹੈ ਅਤੇ ਇਸ ਸਬੰਧੀ ਠੇਕਿਆਂ ਉੱਪਰ ਹੀ ਬੋਰਡ ਲੱਗਾ ਰੱਖਿਆ ਹੈ।  ਸ਼ਰਾਬ ਠੇਕੇਦਾਰਾਂ ਨੇ ਹੁਣ ਪੁਲਸ ਦਾ ਵੀ ਸਹਾਰਾ ਲਿਆ ਹੈ ਅਤੇ ਜ਼ਿਲੇ ਅੰਦਰ ਆਪਣੇ ਮੁਖ਼ਬਰਾਂ ਤੋਂ ਮੁਖ਼ਬਰੀ ਲੈ ਕੇ ਪੁਲਸ ਰਾਹੀਂ ਕਾਰਵਾਈ ਕਰਵਾਈ ਜਾ ਰਹੀ ਹੈ, ਜਿਸ ਕਾਰਨ ਨਾਜਾਇਜ਼ ਸ਼ਰਾਬ ਫੜਨ ਦੇ ਕੇਸਾਂ ਵਿਚ ਭਾਰੀ ਵਾਧਾ ਹੋਇਆ ਅਤੇ ਹਜ਼ਾਰਾਂ ਲੀਟਰ ਨਾਜਾਇਜ਼ ਸ਼ਰਾਬ ਇਨ੍ਹਾਂ 6 ਮਹੀਨਿਆਂ ਦੌਰਾਨ ਫ਼ੜੀ ਜਾ ਚੁੱਕੀ ਹੈ ਅਤੇ ਸ਼ਰਾਬ ਦੀ ਸਮੱਗਲਿੰਗ ਰੋਕਣ ਲਈ ਪੁਲਸ ਵੱਲੋਂ ਜ਼ਿਲੇ ਭਰ ਵਿਚ ਨਾਕੇ ਲਾਏ ਜਾ ਰਹੇ ਹਨ।
ਸ਼ਰਾਬ ਦੀ ਖਪਤ ਘਟਣ ਦਾ ਕਾਰਨ ਹਾਲ ਹੀ 'ਚ ਅਦਾਲਤੀ ਫ਼ੈਸਲਿਆਂ ਕਾਰਨ ਨੈਸ਼ਨਲ ਹਾਈਵੇ ਤੋਂ ਠੇਕਿਆਂ ਦਾ ਬੰਦ ਹੋਣਾ ਅਤੇ ਹਾਈਵੇ 'ਤੇ ਸਥਿਤ ਮੈਰਿਜ ਪੈਲੇਸ, ਹੋਟਲ ਅਤੇ ਬਾਰ ਵਿਚ ਸ਼ਰਾਬ ਪਿਆਉਣ 'ਤੇ ਪਾਬੰਦੀ ਲੱਗਣਾ ਵੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਲਾਗਲੇ ਜ਼ਿਲਿਆਂ ਵਿਚੋਂ ਸ਼ਰਾਬ ਦੀ ਹੋ ਰਹੀ ਸਮੱਗਲਿੰਗ 'ਤੇ ਵੀ ਪੁਲਸ ਅਤੇ ਆਬਕਾਰੀ ਵਿਭਾਗ ਨੇ ਵੱਡੀ ਪੱਧਰ 'ਤੇ ਰੋਕ ਲਾਈ ਹੋਈ ਹੈ ਅਤੇ ਇਸ ਸਬੰਧੀ ਬਣੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ।
ਰੇਸ਼ਮ ਸਿੰਘ, ਚਰਨਜੀਤ ਸਿੰਘ, ਇਕਬਾਲ ਸਿੰਘ, ਗੁਰਮੀਤ ਸਿੰਘ ਅਤੇ ਕਾਕਾ ਸਿੰਘ ਨੇ ਕਿਹਾ ਕਿ ਸਰਕਾਰ ਬਦਲਣ ਤੋਂ ਬਾਅਦ ਸ਼ਰਾਬ ਦੇ ਮੁੱਲ ਵਿਚ 50 ਫ਼ੀਸਦੀ ਤੋਂ ਜ਼ਿਆਦਾ ਵਾਧਾ ਹੋਇਆ ਹੈ, ਜਦੋਂਕਿ ਸ਼ਰਾਬ ਦੇ ਮਿਆਰ ਵਿਚ ਗਿਰਾਵਟ ਆਈ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਠੇਕੇਦਾਰ ਪੁਲਸ ਦੀ ਮਦਦ ਨਾਲ ਅਣਅਧਿਕਾਰਤ ਨਾਕੇ ਲਾ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ।  


Related News