ਸੀ. ਐੱਮ. ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਟੋਲ ਪਲਾਜ਼ਾ ਵਸੂਲ ਰਿਹਾ ਹੈ ਪੱਤਰਕਾਰਾਂ ਤੋਂ ਟੋਲ ਟੈਕਸ

08/17/2017 7:06:07 AM

ਸੁਲਤਾਨਪੁਰ ਲੋਧੀ, (ਧੀਰ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਹਰੇਕ ਟੋਲ ਬੈਰੀਅਰ 'ਤੇ ਪੱਤਰਕਾਰਾਂ ਨੂੰ ਟੋਲ ਟੈਕਸ ਫ੍ਰੀ ਕਰਨ ਸਬੰਧੀ ਜਾਰੀ ਕੀਤੇ ਹੋਏ ਨੋਟੀਫਿਕੇਸ਼ਨ ਦੇ ਬਾਵਜੂਦ ਸਭ ਤੋਂ ਵੱਧ ਲਾਡੋਵਾਲ ਟੋਲ ਪਲਾਜ਼ਾ ਵੱਲੋਂ ਵਸੂਲੇ ਜਾ ਰਹੇ ਕਥਿਤ ਤੌਰ 'ਤੇ ਟੋਲ ਟੈਕਸ ਨੂੰ ਲੈ ਕੇ ਜਿਥੇ ਮੁੱਖ ਮੰਤਰੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆ ਹਨ, ਉਥੇ ਬੈਰੀਅਰ 'ਤੇ ਪੱਤਰਕਾਰ ਭਾਈਚਾਰੇ ਨਾਲ ਦੁਰਵਿਵਹਾਰ ਵੀ ਕੀਤਾ ਜਾ ਰਿਹਾ ਹੈ, ਜਿਸ ਪਾਸੇ ਨਾ ਤਾਂ ਸਰਕਾਰ ਤੇ ਨਾ ਹੀ ਲੁਧਿਆਣਾ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਕੀਤੇ ਜਾਣ 'ਤੇ ਸਮੂਹ ਪੱਤਰਕਾਰ ਭਾਈਚਾਰੇ 'ਚ ਰੋਸ ਵਧਦਾ ਜਾ ਰਿਹਾ ਹੈ।
 ਗੌਰਤਲਬ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੋਣ ਮਨੋਰਥ ਪੱਤਰ 'ਚ ਸਮੂਹ ਪੱਤਰਕਾਰਾਂ ਵਾਸਤੇ ਟੋਲ ਟੈਕਸ ਬੈਰੀਅਰ ਫ੍ਰੀ ਕਰਨ ਸਬੰਧੀ ਵਾਅਦਾ ਕੀਤਾ ਸੀ, ਜਿਸ 'ਤੇ ਉਨ੍ਹਾਂ ਕਰੀਬ 2 ਮਹੀਨੇ ਪਹਿਲਾਂ ਨੋਟੀਫਿਕੇਸ਼ਨ ਵੀ ਜਾਰੀ ਕਰ ਕੇ ਹਰੇਕ ਬੈਰੀਅਰ 'ਤੇ ਇਸ ਦੀ ਪਾਲਣਾ ਸਬੰਧੀ ਹੁਕਮ ਵੀ ਦਿੱਤੇ ਸਨ। ਸੂਬੇ ਦੇ ਹੋਰ ਟੋਲ ਬੈਰੀਅਰਾਂ ਵੱਲੋਂ ਤਾਂ ਇਸ ਹੁਕਮ ਦੀ ਪਾਲਣਾ ਕੀਤੀ ਜਾ ਰਹੀ ਹੈ ਪਰ ਸੂਬੇ 'ਚ ਸਭ ਤੋਂ ਵੱਧ ਪੈਸੇ ਵਸੂਲ ਰਿਹਾ ਲਾਡੋਵਾਲ ਟੋਲ ਪਲਾਜ਼ਾ ਆਪਣੀ ਕਥਿਤ ਤੌਰ 'ਤੇ ਦਾਦਾਗਿਰੀ ਤੇ ਧਮਕੀਆਂ ਦੇਣ ਲਈ ਕਿਸੇ ਦੀ ਵੀ ਪ੍ਰਵਾਹ ਨਹੀਂ ਕਰਦਾ ਤੇ ਨਾ ਹੀ ਕੋਈ ਹੁਕਮ ਨੂੰ ਮੰਨਦਾ ਹੈ, ਜਿਸ ਦੇ ਰੋਸ ਵਜੋਂ ਕੁਝ ਦਿਨ ਪਹਿਲਾਂ ਸਮੂਹ ਪੱਤਰਕਾਰ ਭਾਈਚਾਰੇ ਨੇ ਲਾਡੋਵਾਲ ਟੋਲ ਪਲਾਜ਼ਾ 'ਤੇ ਧਰਨਾ ਲਗਾ ਕੇ ਪ੍ਰਸ਼ਾਸਨ ਨੂੰ ਹੁਕਮ ਜਾਰੀ ਕਰਨ ਵਾਸਤੇ ਕਿਹਾ ਸੀ। ਇਸ ਪਿੱਛੋਂ ਕੁਝ ਦਿਨ ਤਾਂ ਉਕਤ ਟੋਲ ਪਲਾਜ਼ਾ ਵੱਲੋਂ ਟੋਲ ਟੈਕਸ ਪੱਤਰਕਾਰਾਂ ਤੋਂ ਨਹੀਂ ਵਸੂਲਿਆ ਗਿਆ ਪਰ ਬੀਤੇ ਦਿਨ ਫਿਰ ਆਪਣੀ ਮਨਮਰਜ਼ੀ ਤੇ ਧੌਂਸ ਵਿਖਾਉਂਦੇ ਹੋਏ ਟੋਲ ਪਲਾਜ਼ਾ 'ਤੇ ਲੱਗੇ ਮੁਲਾਜ਼ਮਾਂ ਨੇ ਨਾ ਕੇਵਲ ਪੱਤਰਕਾਰ ਨਾਲ ਦੁਰਵਿਵਹਾਰ ਕੀਤਾ ਬਲਕਿ ਟੋਲ ਟੈਕਸ ਵੀ ਜ਼ਬਰਦਸਤੀ ਵਸੂਲਿਆ ਤੇ ਧਮਕੀ ਦਿੱਤੀ ਕਿ ਅਸੀਂ ਕਿਸੇ ਵੀ ਨੋਟੀਫਿਕੇਸ਼ਨ ਦੀ ਪ੍ਰਵਾਹ ਨਹੀਂ ਕਰਦੇ, ਜਿਸ ਕਿਸੇ ਨੂੰ ਵੀ ਕਹਿਣਾ ਹੈ ਕਹਿ ਦਿਓ, ਚਾਹੇ ਸਾਡੀ ਫੋਟੋ ਖਿੱਚ ਲਵੋ ਜਾਂ ਵੀਡੀਓ ਬਣਾ ਲਓ ਸਾਨੂੰ ਕਿਸੇ ਦਾ ਡਰ ਨਹੀਂ। ਪੱਤਰਕਾਰ ਵੱਲੋਂ ਨਾਂ ਪੁੱਛਣ 'ਤੇ ਉਕਤ ਮੁਲਾਜ਼ਮ ਨੇ ਆਪਣਾ ਨਾਂ ਨਹੀਂ ਦੱਸਿਆ ਤੇ ਕਿਹਾ ਕਿ ਫੋਟੋ ਤਾਂ ਤੁਸੀਂ ਖਿੱਚ ਲਈ ਹੈ ਜਾ ਕੇ ਅਖਬਾਰ 'ਚ ਛਾਪ ਦੇਣਾ ਕਿਉਂਕਿ ਸਾਨੂੰ ਦੁਬਾਰਾ ਹੁਕਮ ਇਸ ਨੂੰ ਰੱਦ ਕਰਨ ਦਾ ਹੋਇਆ ਹੈ।
 ਇਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਨਸਾ ਵਿਖੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਇਹ ਭਰੋਸਾ ਦਿੱਤਾ ਸੀ ਕਿ ਹੁਣ ਕਿਸੇ ਵੀ ਟੋਲ ਬੈਰੀਅਰ 'ਤੇ ਪੱਤਰਕਾਰਾਂ ਕੋਲੋਂ ਕੋਈ ਵੀ ਟੋਲ ਟੈਕਸ ਨਹੀਂ ਵਸੂਲਿਆ ਜਾਵੇਗਾ ਤੇ ਇਸ ਹੁਕਮ ਦੇ ਸਖਤੀ ਨਾਲ ਪਾਲਣਾ ਕਰਨ ਦੇ ਲਈ ਪੰਜਾਬ ਲੋਕ ਸੰਪਰਕ ਵਿਭਾਗ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ। ਇਸ ਦੇ ਬਾਵਜੂਦ ਉਕਤ ਲਾਡੋਵਾਲ ਟੋਲ ਪਲਾਜ਼ਾ ਵੱਲੋਂ ਜ਼ਬਰਦਸਤੀ ਪੰਜਾਬ ਸਕੂਲ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਟੋਲ ਬੈਰੀਅਰ ਵਸੂਲਿਆ ਜਾ ਰਿਹਾ ਹੈ ਜੋ ਕਿ ਬੇਹੱਦ ਸ਼ਰਮਨਾਕ ਤੇ ਦਾਦਾਗਿਰੀ ਵਾਲਾ ਕੰਮ ਹੈ।  ਇਸ ਸਬੰਧੀ ਜਰਨਲਿਸਟ ਐਸੋਸੀਏਸ਼ਨ ਸੁਲਤਾਨਪੁਰ ਲੋਧੀ, ਕਪੂਰਥਲਾ ਆਦਿ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਉਕਤ ਟੋਲ ਪਲਾਜ਼ਾ ਬੈਰੀਅਰ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਲੁਧਿਆਣਾ ਪ੍ਰਸ਼ਾਸਨ ਨੂੰ ਇਸ ਨੂੰ ਤੁਰੰਤ ਸਖਤੀ ਨਾਲ ਹੁਕਮ ਜਾਰੀ ਕਰ ਕੇ ਲਾਗੂ ਵੀ ਕਰਵਾਇਆ ਜਾਵੇ। ਜੇ ਇਸ ਟੋਲ ਬੈਰੀਅਰ ਵਾਲੇ ਨੇ ਕਥਿਤ ਤੌਰ 'ਤੇ ਆਪਣੀ ਮਨਮਰਜ਼ੀ ਇਸੇ ਤਰ੍ਹਾਂ ਹੀ ਜਾਰੀ ਰੱਖੀ ਤਾਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਦੁਬਾਰਾ ਸੰਘਰਸ਼ ਲਈ ਸੜਕਾਂ 'ਤੇ ਉਤਰਨਾ ਪਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।


Related News