ਵੋਟਰ ਕਾਰਡ ਨਹੀਂ ਹੈ ਤਾਂ ਵੀ ਪਾ ਸਕੋਗੇ ਵੋਟ

12/13/2017 6:28:20 AM

ਜਲੰਧਰ, (ਰਵਿੰਦਰ ਸ਼ਰਮਾ)- ਜੇਕਰ ਤੁਹਾਡੇ ਕੋਲ ਵੋਟਰ ਕਾਰਡ ਨਹੀਂ ਹੈ ਤਾਂ ਵੀ ਤੁਸੀਂ ਆਪਣੀ ਵੋਟ ਦੀ ਵਰਤੋਂ ਕਰ ਸਕੋਗੇ। ਵੋਟ ਪਾਉਣ ਲਈ ਸਿਰਫ ਵੋਟਰ ਕਾਰਡ ਹੀ ਮੰਨਣਯੋਗ ਨਹੀਂ ਹੋਵੇਗਾ, ਇਸ ਤੋਂ ਇਲਾਵਾ ਵੀ ਤੁਸੀਂ 15 ਹੋਰ ਦਸਤਾਵੇਜ਼ਾਂ ਰਾਹੀਂ ਆਪਣੀ ਵੋਟ ਪਾ ਕਰ ਸਕਦੇ ਹੋ। 3 ਨਗਰ ਨਿਗਮ ਅਤੇ 32 ਮਿਊਂਸੀਪਲ ਕੌਂਸਲ ਅਤੇ ਨਗਰ ਪੰਚਾਇਤ-2017 ਚੋਣਾਂ ਦੇ ਮੱਦੇਨਜ਼ਰ ਵੋਟਰ ਕਾਰਡ (ਏਪਿਕ ਕਾਰਡ-ਅਧਿਕਾਰਤ ਸ਼ਨਾਖਤੀ ਕਾਰਡ) ਨਾ ਹੋਣ ਦੀ ਹਾਲਤ ਵਿਚ ਵੋਟ ਪਾਉਣ ਲਈ 15 ਹੋਰ ਦਸਤਾਵੇਜ਼ਾਂ ਨਾਲ ਵੋਟ ਪਾਈ ਜਾ ਸਕਦੀ ਹੈ। ਇਸ ਸਬੰਧੀ ਸਟੇਟ ਇਲੈਕਸ਼ਨ ਕਮਿਸ਼ਨ ਵਲੋਂ ਉਕਤ ਦਸਤਾਵੇਜ਼ਾਂ ਦੀ ਸੂਚੀ ਜਾਰੀ ਕੀਤੀ ਗਈ ਹੈ। 
ਜ਼ਿਲਾ ਚੋਣ ਅਫਸਰ-ਕਮ-ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਵੋਟਰ ਨੂੰ ਵੋਟ ਪਾਉਂਦੇ ਸਮੇਂ ਆਪਣਾ ਇਲੈਕਟ੍ਰਾਨਿਕ ਫੋਟੋ ਸ਼ਨਾਖਤੀ ਕਾਰਡ (ਏਪਿਕ) ਦਿਖਾਉਣਾ ਜ਼ਰੂਰੀ ਹੈ। ਜਿਨ੍ਹਾਂ ਵੋਟਰਾਂ ਕੋਲ ਏਪਿਕ ਕਾਰਡ ਨਹੀਂ ਹੈ ਉਨ੍ਹਾਂ ਨੂੰ ਚੋਣ ਮਸ਼ੀਨਰੀ ਵਲੋਂ ਜਾਰੀ ਕੀਤਾ ਕੋਈ ਹੋਰ ਅਧਿਕਾਰਤ ਫੋਟੋ ਸ਼ਨਾਖਤੀ ਕਾਰਡ ਦਿਖਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੋਟਰਾਂ ਦੀ ਫੋਟੋ ਵੋਟਰ ਸੂਚੀ 'ਚ ਮੁਹੱਈਆ ਨਹੀਂ ਹੈ ਉਹ ਫੋਟੋ ਵਾਲੇ ਹੋਰ ਸ਼ਨਾਖਤੀ ਕਾਰਡ ਦਿਖਾ ਕੇ ਵੋਟ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀ ਵੋਟਰ ਜੋ ਆਪਣੇ ਪਾਸਪੋਰਟ 'ਚ ਦਰਜ ਜਾਣਕਾਰੀ ਦੇ ਆਧਾਰ 'ਤੇ ਵੋਟਰ ਬਣੇ ਹਨ, ਉਨ੍ਹਾਂ ਲਈ ਪੋਲਿੰਗ ਕੇਂਦਰ ਦੇ ਅੰਦਰ ਆਪਣਾ ਅਸਲੀ ਪਾਸਪੋਰਟ ਦਿਖਾਉਣਾ ਜ਼ਰੂਰੀ ਹੋਵੇਗਾ ਤਾਂ ਹੀ ਉਹ ਵੋਟ ਪਾ ਸਕਣਗੇ।
ਜਿਸ ਵੋਟਰ ਕੋਲ ਏਪਿਕ ਕਾਰਡ ਹੈ, ਵੋਟ ਪਾਉਂਦੇ ਸਮੇਂ ਦਿਖਾਉਣਾ ਜ਼ਰੂਰੀ : ਰਾਜੀਵ ਵਰਮਾ
ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਾਂਗ ਹੀ ਪ੍ਰਕਿਰਿਆ ਦੀ ਹੋਵੇਗੀ ਪਾਲਣਾ
ਨਗਰ ਨਿਗਮ ਅਤੇ ਮਿਊਂਸੀਪਲ ਕੌਂਸਲ ਅਤੇ ਨਗਰ ਪੰਚਾਇਤ-2017 ਚੋਣਾਂ ਜੋ ਕਿ 17 ਦਸੰਬਰ, 2017 ਨੂੰ ਹੋਣੀਆਂ ਤੈਅ ਹਨ, ਉਸ 'ਚ ਜਿਨ੍ਹਾਂ ਲੋਕਾਂ ਦੇ ਕੋਲ ਵੋਟਰ ਕਾਰਡ (ਏਪਿਕ ਕਾਰਡ-ਅਧਿਕਾਰਤ ਸ਼ਨਾਖਤੀ ਕਾਰਡ) ਹਨ, ਉਨ੍ਹਾਂ ਨੂੰ ਆਪਣੀ ਵੋਟ ਪਾਉਂਦੇ ਸਮੇਂ ਇਸ ਨੂੰ ਦਿਖਾਉਣਾ ਜ਼ਰੂਰੀ ਹੈ। ਐੱਸ. ਡੀ. ਐੱਮ. ਜਲੰਧਰ-1-ਕਮ-ਆਰ. ਓ. ਰਾਜੀਵ ਵਰਮਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੇ ਵਾਂਗ ਹੀ ਇਨ੍ਹਾਂ ਚੋਣਾਂ 'ਚ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਵੇਗੀ। ਪੂਰੇ ਚੋਣ ਸਟਾਫ ਨੂੰ ਇਸ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕਦੀ ਹੈ ਜਿਸ ਅਧੀਨ ਵੋਟ ਪਾਉਂਦੇ ਸਮੇਂ ਕਾਰਡ 'ਚ ਹੋਈਆਂ ਮਾਮੂਲੀ ਕਮੀਆਂ ਜਿਵੇਂ ਕਿ ਵੋਟਰ ਦਾ ਨਾਂ, ਮਾਤਾ-ਪਿਤਾ, ਪਤੀ ਦਾ ਨਾਂ, ਲਿੰਗ, ਉਮਰ ਜਾਂ ਪਤੇ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਏਪਿਕ ਕਾਰਡ ਦਾ ਇਲੈਕਟੋਰਲ ਰੋਲ ਦੇ ਨਾਲ ਸੀਰੀਅਲ ਨੰਬਰ 'ਚ ਫਰਕ ਨੂੰ ਵੀ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ। ਜੇਕਰ ਏਪਿਕ ਕਾਰਡ ਕਿਸੇ ਹੋਰ ਬੂਥ ਲਈ ਜਾਰੀ ਕੀਤਾ ਗਿਆ ਹੈ ਅਤੇ ਉਸ ਦਾ ਇੰਦਰਾਜ ਕਿਸੇ ਦੂਸਰੇ ਪੋਲਿੰਗ ਬੂਥ ਦੀ ਜਾਰੀ ਲਿਸਟ 'ਚ ਕੀਤਾ ਗਿਆ ਹੈ ਤਾਂ ਇਸ ਗੱਲ ਨੂੰ ਯਕੀਨੀ ਕਰ ਕੇ ਕਿ ਵੋਟਰ ਸਿਰਫ ਇਕ ਹੀ ਜਗ੍ਹਾ ਆਪਣੀ ਵੋਟ ਪਾਏ, ਇਸ ਦੇ ਲਈ ਉਸ ਦੀ ਉਂਗਲੀ 'ਤੇ ਸਿਆਹੀ ਦਾ ਨਿਸ਼ਾਨ ਚੈੱਕ ਕਰ ਕੇ ਉਸ ਨੂੰ ਵੋਟ ਪਾਉਣ ਦਿੱਤੀ ਜਾ ਸਕਦੀ ਹੈ।
ਕਿਹੜੇ-ਕਿਹੜੇ ਆਈ. ਡੀ. ਕਾਰਡ ਹਨ ਮੰਨਣਯੋਗ
1. ਪਾਸਪੋਰਟ
2. ਡਰਾਈਵਿੰਗ ਲਾਇਸੈਂਸ
3. ਪੈਨ ਕਾਰਡ
4. ਨੌਕਰੀ ਸਬੰਧੀ ਫੋਟੋ ਵਾਲਾ ਸ਼ਨਾਖਤੀ ਕਾਰਡ (ਜੋ ਕਿ ਕੇਂਦਰ ਸਰਕਾਰ, ਸੂਬਾ ਸਰਕਾਰ, ਸਥਾਨਕ ਸਰਕਾਰ, ਅਰਧ ਸਰਕਾਰੀ ਸੰਸਥਾਨਾਂ ਵਲੋਂ ਜਾਰੀ ਕੀਤਾ ਹੋਵੇ)
5. ਬੈਂਕ, ਡਾਕਖਾਨੇ ਵਲੋਂ ਜਾਰੀ ਪਾਸਬੁਕ ਜਾਂ ਫਿਰ ਕਿਸਾਨ ਪਾਸਬੁਕ (ਚੋਣ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ 45 ਦਿਨ ਪੁਰਾਣਾ ਖਾਤਾ ਹੋਣਾ ਜ਼ਰੂਰੀ) 
6. ਪ੍ਰਾਪਰਟੀ ਦਸਤਾਵੇਜ਼ ਜਿਵੇਂ ਕਿ ਪਟਾ, ਰਜਿਸਟਰਡ ਡੀਡ ਆਦਿ।
7. ਰਾਸ਼ਨ ਕਾਰਡ (ਫੋਟੋ ਵਾਲਾ) ਜੋ ਕਿ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ 45 ਦਿਨ ਪਹਿਲਾਂ ਜਾਰੀ ਹੋਇਆ ਹੋਵੇ।
8. ਐੱਸ. ਸੀ., ਐੱਸ. ਟੀ., ਓ. ਬੀ. ਸੀ. ਸਰਟੀਫਿਕੇਟ ਜੋ ਕਿ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ 45 ਦਿਨ ਪਹਿਲਾਂ ਜਾਰੀ ਹੋਇਆ ਹੋਵੇ।
9. ਪੈਨਸ਼ਨ ਸਬੰਧੀ ਫੋਟੋ ਵਾਲੇ ਦਸਤਾਵੇਜ਼, ਜਿਵੇਂ ਕਿ ਐਕਸ ਸਰਵਿਸਮੈਨ ਪੈਨਸ਼ਨ ਬੁਕ, ਪੈਨਸ਼ਨ ਪੇਮੈਂਟ ਆਰਡਰ, ਐਕਸ ਸਰਵਿਸਮੈਨ ਦੀ ਵਿਧਵਾ ਜਾਂ ਡਿਪੈਂਡੈਂਟ ਸਰਟੀਫਿਕੇਟ, ਓਲਡਏਜ ਪੈਨਸ਼ਨ ਆਰਡਰ, ਵਿਧਵਾ ਪੈਨਸ਼ਨ ਆਰਡਰ।
10. ਫ੍ਰੀਡਮ ਫਾਈਡਰ ਆਈ. ਡੀ. ਕਾਰਡ।
11. ਅਸਲਾ ਲਾਇਸੈਂਸ ਜੋ ਕਿ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ 45 ਦਿਨ ਪਹਿਲਾਂ ਜਾਰੀ ਹੋਇਆ ਹੋਵੇ।
12. ਫਿਜ਼ੀਕਲੀ ਹੈਂਡੀਕੈਪ ਸਰਟੀਫਿਕੇਟ ਜੋ ਕਿ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ 45 ਦਿਨ ਪਹਿਲਾਂ ਜਾਰੀ ਹੋਇਆ ਹੋਵੇ।
13. ਏਅਰ ਫੋਰਸ, ਨੇਵੀ, ਆਰਮੀ ਦੇ ਆਈ. ਡੀ. ਕਾਰਡ ਫੋਟੋ ਸਮੇਤ।
14. ਸਿਹਤ ਬੀਮਾ ਯੋਜਨਾ ਸਕੀਮ ਦਾ ਸਮਾਰਟ ਕਾਰਡ (ਲੇਬਰ ਮੰਤਰਾਲਾ ਵਲੋਂ ਜਾਰੀ ਕੀਤਾ ਗਿਆ) ਜੋ ਕਿ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ 45 ਦਿਨ ਪਹਿਲਾਂ ਜਾਰੀ ਹੋਇਆ ਹੋਵੇ।
15. ਮਨਰੇਗਾ ਤਹਿਤ ਜਾਰੀ ਫੋਟੋ ਵਾਲਾ ਜਾਬ ਕਾਰਡ ਜੋ ਕਿ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ 45 ਦਿਨ ਪਹਿਲਾਂ ਜਾਰੀ ਹੋਇਆ ਹੋਵੇ।
ਡੀ. ਸੀ. ਨੇ ਕਿਹਾ ਕਿ ਜੇਕਰ ਕੋਈ ਆਈ. ਡੀ. ਕਾਰਡ ਜੋ ਕਿ ਕਿਸੇ ਪਰਿਵਾਰ ਦੇ ਮੁਖੀ ਨੂੰ ਹੀ ਜਾਰੀ ਕੀਤਾ ਜਾਂਦਾ ਹੈ ਤਾਂ ਉਸ ਸੂਰਤ 'ਚ ਉਸ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਪਛਾਣ ਇਸੇ ਆਧਾਰ 'ਤੇ ਹੋ ਜਾਵੇਗੀ।


Related News