ਲੱਖਾਂ ਦੀ ਲਾਗਤ ਨਾਲ ਬਣੇ ਰੈਣ-ਬਸੇਰੇ ਪਏ ਖਾਲੀ

12/13/2017 5:29:51 AM

ਪਟਿਆਲਾ, (ਬਲਜਿੰਦਰ, ਰਾਣਾ)- ਪਿਛਲੇ ਦੋ ਦਹਾਕਿਆਂ ਤੋਂ ਨਗਰ ਨਿਗਮ ਪਟਿਆਲਾ ਸੜਕਾਂ 'ਤੇ ਸੌਣ ਵਾਲਿਆਂ ਦਾ ਕੋਈ ਹੱਲ ਨਹੀਂ ਕੱਢ ਸਕੀ। ਹਾਲਾਤ ਇਹ ਹਨ ਕਿ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਵੀ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ, ਰੇਲਵੇ ਸਟੇਸ਼ਨਾਂ ਅਤੇ ਧਾਰਮਿਕ ਅਸਥਾਨਾਂ ਦੇ ਬਾਹਰ ਅੱਜ ਵੀ ਵੱਡੀ ਗਿਣਤੀ ਵਿਚ ਬੇਸਹਾਰਾ ਲੋਕ ਬਾਹਰ ਸੌਂ ਰਹੇ ਹਨ।  ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਨਗਰ ਨਿਗਮ ਵੱਲੋਂ ਬਣਾਏ ਗਏ ਰੈਣ-ਬਸੇਰੇ ਖਾਲੀ ਪਏ ਹਨ।
ਫੁੱਟਪਾਥਾਂ 'ਤੇ ਦਰਜਨਾਂ ਵਿਅਕਤੀ ਰਾਤ ਨੂੰ ਸੌਂਦੇ ਆਮ ਦੇਖੇ ਜਾ ਸਕਦੇ ਹਨ। ਇਸ ਨੂੰ ਕਾਨੂੰਨ ਲਾਗੂ ਕਰਨ ਵਾਲਿਆਂ ਦੀ ਕਮੀ ਕਹੀਏ ਜਾਂ ਫਿਰ ਕੁਝ ਹੋਰ? ਪਰ ਇਹ ਸਾਫ ਹੈ ਸ਼ਹਿਰ ਵਿਚੋਂ ਸੜਕਾਂ 'ਤੇ ਬੇਸਹਾਰਾ ਸੌਣ ਵਾਲਿਆਂ ਦੀ ਗਿਣਤੀ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਜ਼ਿਲਾ ਪ੍ਰਸ਼ਾਸਨ ਵੱਲੋਂ ਇਕ ਗੈਰ-ਸਰਕਾਰੀ ਸੰਸਥਾ 'ਹਰ ਹਾਥ ਕਲਮ' ਨਾਲ ਮਿਲ ਕੇ 'ਬੈਗਰ ਫ੍ਰੀ ਪਟਿਆਲਾ' ਨਾਂ ਦੀ ਮੁਹਿੰਮ ਵੀ ਚਲਾਈ ਗਈ ਸੀ ਪਰ ਇਸ ਦਾ ਕੋਈ ਜ਼ਿਆਦਾ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ। 
ਜ਼ਿਲਾ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਜਾ ਰਹੀ ਸਖਤੀ
ਜ਼ਿਲਾ ਪ੍ਰਸ਼ਾਸਨ ਵੱਲੋਂ ਬਾਹਰ ਸੌਣ ਵਾਲਿਆਂ ਖਿਲਾਫ ਸਖਤੀ ਨਹੀਂ ਕੀਤੀ ਜਾ ਰਹੀ। ਰਾਤ ਨੂੰ ਪੀ. ਆਰ. ਸੀ. ਦੀਆਂ ਪਾਰਟੀਆਂ ਪੁਰੇ ਸ਼ਹਿਰ ਵਿਚ ਘੁੰਮਦੀਆਂ ਹਨ। ਕੋਈ ਇਨ੍ਹਾਂ ਨੂੰ ਰੈਣ-ਬਸੇਰਿਆਂ ਵਿਚ ਨਹੀਂ ਭੇਜ ਰਿਹਾ। 'ਜਗ ਬਾਣੀ' ਦੀ ਟੀਮ ਵੱਲੋਂ ਦੌਰਾ ਕਰਨ 'ਤੇ ਦੇਖਿਆ ਗਿਆ ਕਿ ਸ਼ਹਿਰ ਦੀ ਸਭ ਤੋਂ ਖੂਬਸੂਰਤ ਮੰਨੀ ਜਾਣ ਵਾਲੀ ਮਾਲ ਰੋਡ 'ਤੇ ਹੀ ਦਰਜਨਾਂ ਵਿਅਕਤੀ ਫੁੱਟਪਾਥ 'ਤੇ ਲਾਈਨ ਲਾ ਕੇ ਤਰਪਾਲਾਂ ਹੇਠ ਸੁੱਤੇ ਹੋਏ ਸਨ। ਸੜਕਾਂ 'ਤੇ ਸੌਣ ਵਾਲਿਆਂ ਵਿਚ ਸਭ ਤੋਂ ਜ਼ਿਆਦਾ ਭਿਖਾਰੀ ਸ਼ਾਮਲ ਹਨ, ਜਿਨ੍ਹਾਂ ਵਿਚ ਵੱਡੀ ਉਮਰ ਦੀਆਂ ਔਰਤਾਂ, ਵਿਅਕਤੀ ਅਤੇ ਛੋਟੇ ਬੱਚਿਆਂ ਸਮੇਤ ਅਪਾਹਜ ਭਿਖਾਰੀ ਹਨ ਜੋ ਵੱਖ-ਵੱਖ ਚੌਕਾਂ 'ਚ ਭੀਖ ਮੰਗਦੇ ਅਕਸਰ ਦੇਖੇ ਜਾ ਸਕਦੇ ਹਨ। ਇਨ੍ਹਾਂ ਕਾਰਨ ਹੀ ਗੱਡੀਆਂ ਵਿਚੋਂ ਸਾਮਾਨ ਚੋਰੀ ਹੋਣ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ। ਵਧਦੀ ਭਿਖਾਰੀਆਂ ਦੀ ਗਿਣਤੀ ਕਾਰਨ ਆਮ ਸ਼ਹਿਰੀਆਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ਕਈ ਵਾਰ ਤਾਂ ਇਹ ਭਿਖਾਰੀ ਝੁੰਡਾਂ ਦੇ ਰੂਪ ਵਿਚ ਗੱਡੀਆਂ 'ਚ ਬੈਠ ਕੇ ਵੀ ਆਉਂਦੇ-ਜਾਂਦੇ ਦੇਖੇ ਜਾ ਸਕਦੇ ਹਨ।
ਧਾਰਮਿਕ ਅਸਥਾਨਾਂ ਦੇ ਸਾਹਮਣੇ ਭਿਖਾਰੀਆਂ ਦੀ ਭੀੜ
ਪਟਿਆਲਾ ਅੰਦਰ ਸਥਿਤ ਵੱਖ-ਵੱਖ ਧਾਰਮਿਕ ਅਸਥਾਨਾਂ 'ਤੇ ਭਿਖਾਰੀਆਂ ਦੀ ਭੀੜ ਲਗਾਤਾਰ ਵਧਦੀ ਹੀ ਜਾ ਰਹੀ ਹੈ। ਰੋਕਥਾਮ ਨਾ ਹੋਣ ਕਾਰਨ ਅਤੇ ਇਨ੍ਹਾਂ ਭਿਖਾਰੀਆਂ ਦੇ ਪਿਛੋਕੜ ਦਾ ਪਤਾ ਨਾ ਹੋਣ ਕਾਰਨ ਆਮ ਸ਼ਹਿਰੀਆਂ ਲਈ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਧਾਰਮਿਕ ਅਸਥਾਨਾਂ 'ਤੇ ਕਈ ਵਾਰ ਜੇਬ ਕੱਟਣਾ, ਵਾਹਨ ਚੋਰੀ, ਚੇਨ ਸਨੈਚਿੰਗ ਵਰਗੀਆਂ ਘਟਨਾਵਾਂ ਦਾ ਹੋਣਾ ਵੀ ਇਨ੍ਹਾਂ ਭਿਖਾਰੀਆਂ 'ਤੇ ਸ਼ੱਕ ਪੈਦਾ ਕਰਦਾ ਹੈ। ਜ਼ਿਆਦਾਤਰ ਇਹ ਭਿਖਾਰੀ ਮੱਧ ਪ੍ਰਦੇਸ਼, ਬਿਹਾਰ, ਯੂ. ਪੀ., ਗੁਜਰਾਤ ਤੇ ਰਾਜਸਥਾਨ ਸੂਬਿਆਂ ਤੋਂ ਪਲਾਇਨ ਕਰ ਕੇ ਪੰਜਾਬ ਅੰਦਰ ਵੱਖ-ਵੱਖ ਸ਼ਹਿਰਾਂ ਵਿਚ ਆਪਣੇ ਪੱਕੇ ਡੇਰੇ ਜਮਾਈ ਬੈਠੇ ਹਨ, ਜੋ ਸੂਬੇ ਲਈ ਭਵਿੱਖ ਵਿਚ ਸੁਰੱਖਿਆ ਪੱਖੋਂ ਘਾਤਕ ਸਿੱਧ ਹੋ ਸਕਦੇ ਹਨ। 


Related News