ਲਗਾਤਾਰ ਵਾਪਰ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਕਾਰਣ ਆਮ ਲੋਕਾਂ ਲਈ ਮਾਲੀ ਸੁਰੱਖਿਆ ਕਰਨੀ ਔਖੀ ਹੋਈ

07/23/2017 2:21:04 PM

ਜਲਾਲਾਬਾਦ (ਸੇਤੀਆ) : ਹਲਕੇ ਅੰਦਰ ਵਰਤਮਾਨ ਸਮੇਂ ਵਿਚ ਸ਼ਾਤਰ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਬੈਂਕਾਂ ਵਿਚ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਹ ਨਹੀਂ ਚੋਰਾਂ ਵਲੋਂ ਦੋ ਪਹੀਆ ਵਾਹਨਾਂ ਦੀ ਚੋਰੀ ਅਤੇ ਮਕਾਨ ਮਾਲਕਾਂ ਦੀ ਗੈਰ ਮੌਜੂਦਗੀ ਵਿਚ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੀਤੇ ਸਮੇਂ ਦੌਰਾਨ ਅਜਿਹੀਆਂ ਕਈ ਵਾਰਦਾਤਾਂ ਵਾਪਰ ਚੁੱਕੀਆਂ ਹਨ ਜਿੰਨ੍ਹਾਂ ਦੇ ਹੱਲ ਲਈ ਅਜੇ ਪੁਲਸ ਸਿਰਫ ਜਾਂਚ ਹੀ ਕਰ ਰਹੀ ਹੈ ਪਰ ਚੋਰਾਂ ਖਿਲਾਫ ਪੁਲਸ ਦੀ ਢਿੱਲੀ ਕਾਰਵਾਈ ਆਮ ਲੋਕਾਂ ਲਈ ਅਸੁਰੱਖਿਆ ਦਾ ਮਾਹੌਲ ਪੈਦਾ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨਾਂ ਵਿਚ ਚੋਰੀ ਦੀਆਂ ਕਈ ਵਾਰਦਾਤਾਂ ਹੋਈਆਂ ਹਨ। ਇਨ੍ਹਾਂ ਵਾਰਦਾਤਾਂ 'ਚ ਸਿਰਫ ਇਕ ਹੀ ਘਟਨਾ ਵਿਚ ਸ਼ਾਮਲ ਚੋਰਾਂ ਨੂੰ ਫੜਣ ਵਿਚ ਪੁਲਸ ਕਾਮਯਾਬ ਹੋਈ ਹੈ। ਜੇਕਰ ਦੇਖਿਆ ਜਾਵੇ ਤਾਂ ਸਥਾਨਕ ਤਹਿਸੀਲ ਰੋਡ 'ਤੇ ਸਥਿਤ ਇਕ ਜਥੇਬੰਦੀ ਅਤੇ ਸਿਆਸੀ ਰਸੂਖ ਰੱਖਣ ਵਾਲੇ ਵਿਅਕਤੀ ਦੇ ਦਫਤਰ 'ਚ ਅਤੇ ਵਕੀਲ ਭਾਈਚਾਰੇ ਨਾਲ ਸੰਬੰਧਤ ਵਿਅਕਤੀ ਦੇ ਦਫਤਰ 'ਚ ਏ. ਸੀ ਅਤੇ ਹੋਰ ਸਮਾਨ ਚੋਰੀ ਹੋਇਆ ਸੀ ਪਰ ਉਕਤ ਚੋਰੀ ਦੀ ਘਟਨਾ ਤੋਂ 1-2 ਦਿਨਾਂ ਵਿਚ ਹੀ ਪੁਲਸ ਨੇ ਚੋਰਾਂ ਨੂੰ ਫੜ ਕੇ ਉਨ੍ਹਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਪਰ ਸਵਾਲ ਇਹ ਵੀ ਪੈਦਾ ਹੁੰਦਾ ਹੈ ਇਸ ਤੋਂ ਇਲਾਵਾ ਸ਼ਹਿਰ ਵਿਚ ਕਈ ਅਜਿਹੀਆਂ ਵਾਰਦਾਤਾਂ ਹੋਈਆਂ ਹਨ। ਜਿੰਨ੍ਹਾਂ 'ਚ ਸ਼ਾਮਲ ਚੋਰਾਂ ਨੂੰ ਫੜ੍ਹਣ ਵਿਚ ਪੁਲਸ ਕਾਮਯਾਬ ਨਹੀਂ ਹੋਈ ਹੈ।
ਬੀਤੇ ਦਿਨੀਂ ਹੋਈਆਂ ਘਟਨਾਵਾਂ ਦੀ ਗੱਲ ਕਰੀਏ ਤਾਂ ਉਤਰੇਜਾ ਟ੍ਰੇਡਿੰਗ ਕੰਪਨੀ ਦੇ ਮੁਲਾਜ਼ਿਮ 18 ਜੁਲਾਈ ਨੂੰ ਓਬੀਸੀ ਬੈਂਕ ਵਿਚ ਪੈਸੇ ਜਮਾ ਕਰਵਾਉਣ ਲਈ ਗਿਆ ਸੀ ਪਰ ਚੋਰਾਂ ਨੇ ਬੜੇ ਹੀ ਸ਼ਾਤਰ ਤਰੀਕੇ ਨਾਲ ਉਸਦੇ ਬੈਗ 'ਚ 2 ਲੱਖ ਰੁਪਏ ਚੋਰੀ ਕਰ ਲਏ। ਜਿਸ ਤੋਂ ਬਾਅਦ ਉਕਤ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਪਰ ਅਜੇ ਤੱਕ ਪੁਲਸ ਤਲਾਸ਼ ਵਿਚ ਜੁਟੀ ਹੈ। ਇਸ ਤੋਂ ਇਲਾਵਾ ਥਾਣਾ ਸਦਰ ਵਿਚ 12 ਜੂਨ ਨੂੰ ਟਿਵਾਣਾ ਰੋਡ 'ਤੇ ਸੱਤਿਅਮ ਇੰਡਸਟਰੀਜ਼ ਤੇ ਝੋਨਾ ਚੋਰੀ ਹੋਣ ਸੰਬੰਧੀ ਦਰਖਾਸਤ ਦਿੱਤੀ ਗਈ ਪਰ ਅਜੇ ਤੱਕ ਇਸ ਸੰਬੰਧੀ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ। ਇਸੇ ਤਰ੍ਹਾਂ 15 ਜੁਲਾਈ ਨੂੰ ਦੀਪਕ ਕੁਮਾਰ ਵਾਸੀ ਜਲਾਲਾਬਾਦ ਨੇ ਬਾਹਮਣੀ ਬਾਜ਼ਾਰ 'ਚ ਮੋਟਰਸਾਈਕਲ ਚੋਰੀ ਹੋਣ ਦੀ ਸੂਚਨਾ ਥਾਣਾ ਸਿਟੀ ਪੁਲਸ ਨੂੰ ਦਿੱਤੀ ਸੀ ਪਰ ਉਸਦੀ ਵੀ ਅਜੇ ਤੱਕ ਕੋਈ ਲਿਖਤ ਕਾਰਵਾਈ ਨਹੀਂ ਹੋਈ ਹੈ।
ਮਸਲਾ ਸਾਫ ਹੈ ਕਿ ਆਮ ਜਨਤਾ ਦੀ ਮਾਲੀ ਸੁਰੱਖਿਆ ਲਈ ਜ਼ਿੰਮੇਵਾਰੀ ਲੈਣ ਨੂੰ ਕੋਈ ਵੀ ਤਿਆਰ ਨਹੀਂ ਹੈ ਅਤੇ ਜੇਕਰ ਕੋਈ ਆਪਣਾ ਰਸੂਖ ਰੱਖਦਾ ਹੈ ਤਾਂ ਉਹ ਸਭ ਕੁੱਝ ਕਰਵਾ ਸਕਦਾ ਹੈ ਪਰ ਆਮ ਜਨਤਾ ਲਈ ਇਨਸਾਫ ਦੇ ਦਰਵਾਜੇ ਖੁੱਲਣੇ ਸੌਖੇ ਨਹੀਂ ਜਾਪ ਰਹੇ। ਇਸ ਸੰਬੰਧੀ ਜਦੋਂ ਥਾਨਾ ਸਿਟੀ ਪ੍ਰਭਾਰੀ ਗੁਰਨਾਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿ ਬੈਂਕ 'ਚ ਮਿਲੀ ਵੀਡਿਓ ਦੇ ਆਧਾਰ 'ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਫੜ੍ਹ ਲਿਆ ਜਾਵੇਗਾ।


Related News