ਚੋਰਾਂ 3 ਘਰਾਂ ਨੂੰ ਬਣਾਇਆ ਨਿਸ਼ਾਨਾ

06/26/2017 11:39:11 PM

ਮਮਦੋਟ(ਸ਼ਰਮਾ, ਜਸਵੰਤ)—ਪਿੰਡ ਪੋਜੋ ਕੇ ਹਿਠਾੜ ਵਿਖੇ ਚੋਰਾਂ ਨੇ ਮੁਖਤਿਆਰ ਸਿੰਘ ਪੁੱਤਰ ਇੰਦਰ ਸਿੰਘ ਦੇ ਘਰ 'ਚੋਂ ਸਾਮਾਨ ਚੋਰੀ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਸਾਰਾ ਪਰਿਵਾਰ ਘਰ ਦੇ ਵਿਹੜੇ ਵਿਚ ਸੁੱਤਾ ਪਿਆ ਸੀ ਕਿ ਚੋਰ ਬੀਤੀ ਰਾਤ ਪਿਛਲੇ ਪਾਸਿਓਂ ਕਮਰੇ ਦੀ ਕੰਧ ਨੂੰ ਪਾੜ੍ਹ ਲਾ ਕੇ ਕਮਰੇ ਅੰਦਰ ਦਾਖਲ ਹੋ ਗਏ ਅਤੇ ਉਨ੍ਹਾਂ ਨੇ ਘਰ ਵਿਚ ਪਈ ਉਸ ਦੀ ਪਤਨੀ ਦੀਆਂ ਸੋਨੇ ਦੀਆਂ ਵਾਲੀਆਂ, ਚਾਂਦੀ ਦੀਆਂ ਪਜੈਬਾ ਤੇ ਹੋਰ ਸਾਮਾਨ ਵੀ ਚੋਰੀ ਕਰ ਲਿਆ ਹੈ। ਇਸ ਸਬੰਧੀ ਉਨ੍ਹਾਂ ਨੂੰ ਸਵੇਰੇ ਉਠਣ ਸਮੇਂ ਪਤਾ ਲੱਗਿਆ। ਇਸ ਸਬੰਧੀ ਉਨ੍ਹਾਂ ਨੇ ਥਾਣਾ ਮਮਦੋਟ ਵਿਖੇ ਲਿਖਤੀ ਜਾਣਕਾਰੀ ਦੇ ਦਿੱਤੀ ਹੈ। ਇਸੇ ਤਰ੍ਹਾਂ ਹੀ ਸੋਨੂੰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਮਮਦੋਟ (ਨਜ਼ਦੀਕ ਝਾੜ ਸਾਹਿਬ ਗੁਰਦੁਆਰਾ) ਨੇ ਦੱਸਿਆ ਕਿ ਚੋਰਾਂ ਵੱਲਂੋ ਬੀਤੀ ਰਾਤ ਉਸ ਦੇ ਘਰ ਨੂੰ ਪਿਛਲੇ ਪਾਸਿਓਂ ਕੰਧ ਨੂੰ ਪਾੜ੍ਹ ਲਾ ਕੇ ਘਰ 'ਚੋਂ 5000/ਰੁਪਏ, ਐੱਸ. ਬੀ. ਆਈ. ਬੈਂਕ ਦਾ ਏ. ਟੀ. ਐੱਮ. ਕਾਰਡ ਤੇ ਇਕ ਗੈਸ ਸਿਲੰਡਰ ਚੋਰੀ ਕਰ ਲਿਆ ਗਿਆ ਹੈ। ਸੋਨੂੰ ਸਿੰਘ ਨੇ ਦੱਸਿਆ ਕਿ ਇਸ ਚੋਰੀ ਸਬੰਧੀ ਲਿਖਤੀ ਤੌਰ 'ਤੇ ਥਾਣਾ ਮਮਦੋਟ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ। ਪਿਛਲੇ ਲੰਮੇ ਸਮੇਂ ਤੋਂ ਜਲਾਲਾਬਾਦ 'ਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਆਏ ਦਿਨ ਇਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਬੀਤੀ ਰਾਤ ਸਥਾਨਕ ਗੋਬਿੰਦ ਨਗਰੀ 'ਚ ਚੋਰਾਂ ਵੱਲੋਂ ਇਕ ਘਰ 'ਤੇ ਧਾਵਾ ਬੋਲਿਆ ਗਿਆ ਤੇ 4 ਲੱਖ ਦੇ ਕਰੀਬ ਦਾ ਸਾਮਾਨ ਚੋਰੀ ਕਰਕੇ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਸਿੰਘ ਪੁੱਤਰ ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨੂੰ ਦੋ ਗਲੀਆਂ ਲੱਗਦੀਆਂ ਹਨ ਤੇ ਘਰ ਦੇ ਮੈਂਬਰ ਦੂਜੇ ਪਾਸੇ ਸੌਂ ਰਹੇ ਸਨ ਤੇ ਉਹ ਆਪ ਘਰੋਂ ਬਾਹਰ ਗਿਆ ਹੋਇਆ ਸੀ। ਇਸ ਪਾਸੇ ਘਰ ਨੂੰ ਸੁੰਨਾ ਵੇਖ ਕੇ ਚੋਰ ਗਲੀ 'ਚੋਂ ਘਰ ਦੇ ਮੇਨ ਗੇਟ ਤੋਂ ਅੰਦਰ ਵੜ ਆਏ ਅਤੇ ਘਰ ਦੇ ਦੋ ਕਮਰਿਆਂ ਦੇ ਤਾਲੇ ਤੋੜ ਕੇ ਉਸ ਦੀ ਭੈਣ ਦੇ ਵਿਆਹ ਲਈ ਬਣਾਇਆ 8 ਤੋਲੇ ਸੋਨੇ ਦੇ ਗਹਿਣੇ, ਇਕ ਲੱਖ 70 ਹਜ਼ਾਰ ਰੁਪਇਆ ਨਕਦ , ਵਿਆਹ ਲਈ ਘਰ 'ਚ ਲਿਆਂਦਾ ਰਾਸ਼ਨ ਵੀ ਨਾਲ ਚੁੱਕ ਕੇ ਲੈ ਗਏ। ਉਨ੍ਹਾਂ ਦਾ 4 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਹੈ, ਜਿਸ ਸਬੰਧੀ ਉਨ੍ਹਾਂ ਨੇ ਥਾਣਾ ਸਿਟੀ ਨੂੰ ਜਾਣੂ ਕਰਵਾ ਦਿੱਤਾ ਹੈ।


Related News