ਮੋਟਰਸਾਈਕਲ-ਬੱਸ ਦੀ ਟੱਕਰ ''ਚ ਵਿਦਿਆਰਥੀ ਦੀ ਮੌਤ

08/17/2017 8:17:57 AM

ਸੰਗਤ ਮੰਡੀ, (ਮਨਜੀਤ)- ਬਠਿੰਡਾ-ਗਿੱਦੜਬਾਹਾ ਸੜਕ 'ਤੇ ਪਿੰਡ ਬੱਲੂਆਣਾ ਵਿਖੇ ਸਕੂਲੀ ਵਿਦਿਆਰਥੀਆਂ ਦਾ ਬੁਲਟ ਮੋਟਰਸਾਈਕਲ ਸਕੂਲ ਗੇਟ ਤੋਂ ਬਾਹਰ ਨਿਕਲਦਿਆਂ ਹੀ ਸਰਕਾਰੀ ਬੱਸ ਨਾਲ ਟਕਰਾ ਗਿਆ, ਜਿਸ 'ਚ ਇਕ ਵਿਦਿਆਰਥੀ ਦੀ ਮੌਤ ਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਰਮਨਪ੍ਰੀਤ ਸਿੰਘ ਪੁੱਤਰ ਜਗਦੀਪ ਸਿੰਘ, ਧਰਮਵੀਰ ਸਿੰਘ ਵਾਸੀਆਨ ਚੁੱਘੇ ਖੁਰਦ 'ਤੇ ਜਗਦੀਪ ਸਿੰਘ ਵਾਸੀ ਬਹਿਮਣ ਦੀਵਾਨਾ ਰੋਜ਼ ਮੈਰੀ ਕਾਨਵੈਂਟ ਸਕੂਲ 'ਚੋਂ ਪੜ੍ਹ ਕੇ ਤਿੰਨੋਂ ਬੁਲਟ ਮੋਟਰਸਾਈਕਲ 'ਤੇ ਬਾਹਰ ਨਿਕਲ ਰਹੇ ਸਨ ਤਾਂ ਮਲੋਟ ਤੋਂ ਬਠਿੰਡਾ ਆ ਰਹੀ ਸਰਕਾਰੀ ਬੱਸ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ। ਦੇਖਣ ਵਾਲਿਆਂ ਨੇ ਦੱਸਿਆ ਕਿ ਬੱਸ ਮੋਟਰਸਾਈਕਲ ਨੂੰ ਅੱਧਾ ਕਿਲੋਮੀਟਰ ਤੱਕ ਘੜੀਸਦੀ ਹੋਈ ਆਪਣੇ ਨਾਲ ਲੈ ਗਈ। ਗੰਭੀਰ ਜ਼ਖ਼ਮੀਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਬਠਿੰਡਾ ਲਿਜਾਇਆ ਗਿਆ, ਜਿਥੇ ਹਰਮਨਪ੍ਰੀਤ ਸਿੰਘ ਦੀ ਮੌਤ ਹੋ ਗਈ। ਤਿੰਨੋਂ ਹੀ ਵਿਦਿਆਰਥੀ ਬਾਰ੍ਹਵੀਂ ਕਲਾਸ 'ਚ ਪੜ੍ਹਦੇ ਸਨ। ਜਦ ਇਸ ਸਬੰਧੀ ਬੱਲੂਆਣਾ ਚੌਕੀ ਦੇ ਇੰਚਾਰਜ ਜਸਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਹਾਦਸੇ 'ਚ ਹਰਮਨਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਹੈ 'ਤੇ ਬਾਕੀ ਦੋਵਂੇ ਵਿਦਿਆਰਥੀਆਂ ਦੇ ਸੱਟਾਂ ਲੱਗੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਬੱਸ ਦੇ ਡਰਾਈਵਰ ਪਵਿੱਤਰ ਸਿੰਘ ਵਾਸੀ ਗਿੱਦੜਬਾਹਾ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।


Related News