ਰਾਣਾ ਖਿਲਾਫ ਝੂਠਾ ਪਰਚਾ ਰੱਦ ਨਾ ਹੋਣ ''ਤੇ ਸ਼ਿਵ ਸੈਨਾ ਵਿੱਢੇਗੀ ਸੰਘਰਸ਼ : ਪੰਡਿਤ

12/10/2017 1:35:47 PM

ਟਾਂਡਾ ਉੜਮੁੜ (ਗੁਪਤਾ)— ਸ਼ਿਵ ਸੈਨਾ ਦੇ ਜ਼ਿਲਾ ਪ੍ਰਧਾਨ ਰਜਿੰਦਰ ਰਾਣਾ ਖਿਲਾਫ ਸਿਆਸੀ ਰੰਜਿਸ਼ ਕਾਰਨ ਦਰਜ ਕੀਤੇ ਗਏ ਝੂਠੇ ਪਰਚੇ ਨੂੰ ਰੱਦ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਸ਼ਨੀਵਾਰ ਟਾਂਡਾ ਵਿਖੇ ਸ਼ਿਵ ਸੈਨਾ (ਹਿੰਦੋਸਤਾਨ) ਦੇ ਜ਼ਿਲਾ ਚੇਅਰਮੈਨ ਵਿਕਾਸ ਜਸਰਾ ਦੀ ਅਗਵਾਈ 'ਚ ਇਕ ਹੰਗਾਮੀ ਮੀਟਿੰਗ ਕੀਤੀ ਗਈ, ਜਿਸ 'ਚ ਸ਼ਿਵ ਸੈਨਾ ਦੇ ਪੰਜਾਬ ਉਪ ਪ੍ਰਧਾਨ ਮਿੱਕੀ ਪੰਡਿਤ ਅਤੇ ਰਾਹੁਲ ਖੰਨਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।
ਮੀਟਿੰਗ 'ਚ ਸ਼ਾਮਲ ਇਕੱਠ ਨੂੰ ਸੰਬੋਧਨ ਕਰਦਿਆਂ ਮਿੱਕੀ ਪੰਡਿਤ ਨੇ ਕਿਹਾ ਕਿ ਬੀਤੇ ਦਿਨੀਂ ਹੁਸ਼ਿਆਰਪੁਰ ਵਿਖੇ ਆਪਸੀ ਰੰਜਿਸ਼ ਕਾਰਨ 2 ਧਿਰਾਂ 'ਚ ਲੜਾਈ-ਝਗੜਾ ਹੋ ਗਿਆ ਸੀ, ਜਿਸ 'ਚ ਜ਼ਖ਼ਮੀ ਹੋਏ ਦੋਨਾਂ ਧਿਰਾਂ ਦੇ ਲੋਕ ਹਸਪਤਾਲ 'ਚ ਦਾਖਲ ਹੋ ਗਏ ਸਨ ਪਰ ਪੁਲਸ ਨੇ ਇਕ ਧਿਰ ਦੇ ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ ਕਰ ਦਿੱਤਾ ਪਰ ਦੂਜੀ ਧਿਰ ਦੇ ਜ਼ਖਮੀਆਂ ਦੇ ਬਿਆਨ ਦਰਜ ਨਹੀਂ ਕੀਤੇ। ਉਨ੍ਹਾਂ ਨੇ ਕਿਹਾ ਕਿ ਪਰਚਾ ਦਰਜ ਕਰਵਾਉਣ ਵਾਲੀ ਧਿਰ ਦੀ ਮਦਦ ਕਰ ਰਹੇ ਸਿਆਸੀ ਲੋਕਾਂ ਦੇ ਦਬਾਅ ਪਾਉਣ ਕਾਰਨ ਪੁਲਸ ਨੇ ਸ਼ਿਵ ਸੈਨਾ ਦੇ ਜ਼ਿਲਾ ਪ੍ਰਧਾਨ ਰਜਿੰਦਰ ਰਾਣਾ ਦਾ ਨਾਂ ਵੀ ਪਰਚੇ 'ਚ ਪਾ ਦਿੱਤਾ ਹੈ। ਅਜਿਹੀ ਧੱਕੇਸ਼ਾਹੀ ਨੂੰ ਸ਼ਿਵ ਸੈਨਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ। ਰਾਹੁਲ ਖੰਨਾ ਨੇ ਕਿਹਾ ਕਿ ਸਿਆਸੀ ਦਬਾਅ ਅਤੇ ਪੁਲਸ ਦੀ ਧੱਕੇਸ਼ਾਹੀ ਕਾਰਨ ਪਰਚੇ 'ਚ ਰਾਣਾ ਦਾ ਨਾਂ ਪਾਉਣ ਸਬੰਧੀ ਜ਼ਿਲਾ ਪੁਲਸ ਮੁਖੀ ਨੂੰ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਅਤੇ ਉਨ੍ਹਾਂ ਸ਼ਿਵ ਸੈਨਾ ਨੂੰ ਇਹ ਭਰੋਸਾ ਦਿੱਤਾ ਹੈ ਕਿ ਕਿਸੇ ਨਾਲ ਵੀ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਇਸ ਕੇਸ ਦੀ ਪੂਰੀ ਜਾਂਚ-ਪੜਤਾਲ ਕੀਤੀ ਜਾਵੇਗੀ।
ਉੁਨ੍ਹਾਂ ਨੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਰਜਿੰਦਰ ਰਾਣਾ ਖਿਲਾਫ ਝੂਠਾ ਪਰਚਾ ਰੱਦ ਨਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਪੂਰਾ ਇਨਸਾਫ ਨਾ ਦਿੱਤਾ ਗਿਆ ਤਾਂ ਸ਼ਿਵ ਸੈਨਾ ਪੰਜਾਬ ਦੇ ਸਾਰੇ ਹਿੰਦੂ ਸੰਗਠਨਾਂ ਦੇ ਸਹਿਯੋਗ ਨਾਲ ਸੰਘਰਸ਼ ਦਾ ਬਿਗੁਲ ਵਜਾ ਦੇਵੇਗੀ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਆਕਾਸ਼ ਰਾਣਾ, ਬਿੰਨੀ ਲੋਧੀ ਚੱਕ, ਜਿੰਦਰ ਬਣਿਆਲ, ਆਸ਼ੂ ਰਾਜਪੂਤ, ਸੁਧਾਂਸ਼ੂ ਮਲਹੋਤਰਾ, ਗੌਰਵ, ਸੋਨੂੰ, ਜਸਪਾਲ ਆਦਿ ਹਾਜ਼ਰ ਸਨ।


Related News