ਪੰਜਾਬ ਸ਼ਹਿਰੀ ਆਵਾਸ ਯੋਜਨਾ ਬੇ-ਘਰੇ ਲੋਕਾਂ ਦਾ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਕਰੇਗੀ : ਡੀ. ਸੀ.

09/22/2017 11:08:37 AM


ਜਲੰਧਰ (ਅਮਿਤ) - ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਪੰਜਾਬ ਸ਼ਹਿਰੀ ਆਵਾਸ ਯੋਜਨਾ ਬੇ-ਘਰੇ ਲੋਕਾਂ ਦਾ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ 3 ਲੱਖ ਤੋਂ ਘੱਟ ਸਾਲਾਨਾ ਆਮਦਨ ਵਾਲੇ ਸ਼ਹਿਰੀ ਲੋਕ ਇਸ ਸਕੀਮ ਤਹਿਤ ਘਰ ਲਈ ਅਰਜ਼ੀਆਂ ਦੇ ਸਕਦੇ ਹਨ।

ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਬੇ-ਘਰੇ ਲੋਕਾਂ ਨੂੰ ਮੁਫਤ ਮਕਾਨ ਦਿੱਤੇ ਜਾਣਗੇ ਤਾਂ ਜੋ ਸਰਕਾਰ ਵਲੋਂ ਇਨ੍ਹਾਂ ਪਰਿਵਾਰਾਂ ਨੂੰ ਰਾਹਤ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਅਫ਼ਸਰਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਤਾਂ ਜੋ ਇਸ ਸਕੀਮ ਨੂੰ ਵੱਧ ਤੋਂ ਵੱਧ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਡੀ. ਸੀ. ਨੇ ਕਿਹਾ ਕਿ ਜਿਹੜੇ ਵੀ ਲੋਕ ਇਸ ਸਕੀਮ ਦਾ ਫਾਇਦਾ ਲੈਣਾ ਚਾਹੁੰਦੇ ਹਨ, ਉਨ੍ਹਾਂ ਕੋਲ ਆਧਾਰ ਕਾਰਡ ਹੋਣਾ ਜ਼ਰੂਰੀ ਹੈ ਤੇ ਉਹ ਵਿਅਕਤੀ ਪਿਛਲੇ 10 ਸਾਲਾਂ ਤੋਂ ਸੂਬੇ ਦਾ ਵਸਨੀਕ ਹੋਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਬਿਨੈਕਰਤਾ ਜਾਂ ਉਸ ਦੇ ਪਰਿਵਾਰ ਕੋਲ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਜਾਇਦਾਦ ਨਹੀਂ ਹੋਣੀ ਚਾਹੀਦੀ। ਸ਼੍ਰੀ ਸ਼ਰਮਾ ਨੇ ਕਿਹਾ ਕਿ ਇਸ ਸਕੀਮ ਦਾ ਫਾਇਦਾ ਲੈਣ ਲਈ ਤੇ ਲੋਕਾਂ ਨੂੰ ਸਹੂਲਤ ਦੇਣ ਲਈ ਜ਼ਿਲਾ ਭਰ ਦੀਆਂ 11 ਸ਼ਹਿਰੀ ਸੰਸਥਾਵਾਂ ਵਿਚ ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ। ਚਾਹਵਾਨ ਵਿਅਕਤੀ ਇਨ੍ਹਾਂ ਹੈਲਪ ਡੈਸਕਾਂ 'ਤੇ ਜਾ ਕੇ ਇਸ ਸਕੀਮ ਦਾ 30 ਸਤੰਬਰ ਤੱਕ ਫਾਇਦਾ ਲੈ ਸਕਦੇ ਹਨ।

ਉੁਨ੍ਹਾਂ ਕਿਹਾ ਕਿ ਅਫਸਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਸ ਸਕੀਮ ਦੀ ਰੋਜ਼ਾਨਾ ਨਿਗਰਾਨੀ ਕਰਨ ਅਤੇ ਇਸ ਸੰਬੰਧੀ ਰਿਪੋਰਟ ਜ਼ਿਲਾ ਪ੍ਰਸ਼ਾਸਨ ਨੂੰ ਦੇਣ।


Related News