ਮਾਰਕੁੱਟ, ਲੁੱਟ-ਖੋਹ ਵਰਗੇ 7 ਕੇਸਾਂ ''ਚ ਨਾਮਜ਼ਦ ਪੋਪੀ ਸਾਥੀ ਸਮੇਤ ਗ੍ਰਿਫਤਾਰ

12/12/2017 5:40:20 AM

ਜਲੰਧਰ, (ਪ੍ਰੀਤ, ਸੁਧੀਰ)- ਮਾਰਕੁੱਟ, ਲੁੱਟਖੋਹ ਅਤੇ ਦਹਿਸ਼ਤ ਫੈਲਾਉਣ ਦੇ ਕਰੀਬ 7 ਕੇਸਾਂ ਵਿਚ ਨਾਮਜ਼ਦ ਪੇਸ਼ੇਵਰ ਮੁਲਜ਼ਮ ਨੂੰ ਪੁਲਸ ਨੇ ਉਸ ਦੇ ਸਾਥੀ ਸਮੇਤ ਕਾਬੂ ਕਰ ਲਿਆ ਹੈ। ਏ. ਡੀ. ਸੀ. ਪੀ. ਸਿਟੀ-1 ਮਨਦੀਪ ਸਿੰਘ ਨੇ ਦੱਸਿਆ ਕਿ ਏ. ਸੀ. ਪੀ. ਨਵਨੀਤ ਮਾਹਲ ਦੀ ਅਗਵਾਈ ਵਿਚ ਥਾਣਾ ਨੰਬਰ 1 ਦੇ ਐੱਸ. ਐੱਚ. ਓ. ਰੇਸ਼ਮਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਵੇਰਕਾ ਪਲਾਂਟ ਨਜ਼ਦੀਕ ਮੋਟਰਸਾਈਕਲ ਸਵਾਰ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਪੋਪੀ ਪੁੱਤਰ ਸੁਰਿੰਦਰ ਸਿੰਘ ਵਾਸੀ ਬੋਲੀਨਾ ਦੁਆਬਾ, ਪਤਾਰਾ ਅਤੇ ਗਗਨ ਬੱਗਾ ਪੁੱਤਰ ਰਜਿੰਦਰ ਕੁਮਾਰ ਵਾਸੀ ਬੋਲੀਨਾ ਦੁਆਬਾ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮ ਹਰਪ੍ਰੀਤ ਸਿੰਘ ਉਰਫ ਪੋਪੀ ਕੋਲੋਂ ਪੁਲਸ ਨੇ ਦੇਸੀ ਪਿਸਤੌਲ ਤੇ 5 ਕਾਰਤੂਸ ਬਰਾਮਦ ਕੀਤੇ। ਏ. ਡੀ. ਸੀ. ਪੀ. ਮਨਦੀਪ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਪੋਪੀ ਪੇਸ਼ੇਵਰ ਅਪਰਾਧੀ ਹੈ। ਉਸ ਦੇ ਖਿਲਾਫ ਲੁੱਟਖੋਹ, ਡਕੈਤੀ ਤੇ ਠੱਗੀ ਸਮੇਤ ਕਰੀਬ 7 ਕੇਸ ਦਰਜ ਹਨ, ਜਦਕਿ ਗ੍ਰਿਫਤਾਰ ਸਾਥੀ ਗਗਨ ਬੱਗਾ ਖਿਲਾਫ ਕੋਈ ਕੇਸ ਦਰਜ ਨਹੀਂ ਹੈ। 
ਐਸ਼ਪ੍ਰਸਤੀ ਲਈ ਗਗਨ ਜੁੜ ਗਿਆ ਪੋਪੀ ਨਾਲ 
ਪੁਲਸ ਅਧਿਕਾਰੀ ਨੇ ਦੱਸਿਆ ਕਿ ਅਪਰਾਧੀ ਪੋਪੀ ਐਸ਼ਪ੍ਰਸਤੀ ਕਰਦਾ ਹੈ। ਉਸ ਦੀ ਐਸ਼ਪ੍ਰਸਤੀ ਦੇਖ ਕੇ ਗਗਨ ਬੱਗਾ ਵੀ ਪਿਛਲੇ ਕੁਝ ਦਿਨਾਂ ਤੋਂ ਉਸ ਨਾਲ ਜੁੜ ਗਿਆ। ਪੁਲਸ ਮੁਤਾਬਕ ਗਗਨ ਦੀ ਕ੍ਰਿਮੀਨਲ ਬੈਕਗਰਾਊਂਡ ਨਹੀਂ ਹੈ। 
ਅਬੋਹਰ ਦੇ ਰਾਜੂ ਨਾਲ ਮਿਲ ਕੇ ਦਿੱਤਾ ਕਈ ਵਾਰਦਾਤਾਂ ਨੂੰ ਅੰਜਾਮ
ਏ. ਡੀ. ਸੀ. ਪੀ. ਮਨਦੀਪ ਸਿੰਘ ਨੇ ਦੱਸਿਆ ਕਿ ਪੋਪੀ ਤੋਂ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਉਸ ਨੇ ਆਪਣੇ ਸਾਥੀ ਅਬੋਹਰ ਵਾਸੀ ਰਾਜੂ ਨਾਲ ਜੁੜ ਕੇ ਪਹਿਲਾਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ। ਰਾਜੂ ਮੂਲ ਰੂਪ ਤੋਂ ਤਾਂ ਅਬੋਹਰ ਦਾ ਹੈ, ਪਰ ਜ਼ਿਆਦਾਤਰ ਪੋਪੀ ਨਾਲ ਹੀ ਪਿੰਡ ਵਿਚ ਰਹਿੰਦਾ ਹੈ। ਰਾਜੂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਪੋਪੀ ਤੇ ਰਾਜੂ ਨੇ ਬਰਨਾਲਾ 'ਚ ਲੁੱਟਿਆ ਸੀ ਪੈਟਰੋਲ ਪੰਪ
ਏ. ਡੀ. ਸੀ. ਪੀ. ਮਨਦੀਪ ਸਿੰਘ ਨੇ ਦੱਸਿਆ ਕਿ ਪੇਸ਼ੇਵਰ ਪੋਪੀ ਤੇ ਉਸ ਦੇ ਸਾਥੀਆਂ ਖਿਲਾਫ ਬਰਨਾਲਾ ਤੇ ਜਲੰਧਰ ਦਿਹਾਤੀ ਵਿਚ ਵੀ ਲੁੱਟਖੋਹ, ਸਨੈਚਿੰਗ, ਫਾਇਰਿੰਗ ਅਤੇ ਠੱਗੀ ਦੇ 7 ਕੇਸ ਦਰਜ ਹਨ। ਪੋਪੀ ਨੇ ਆਪਣੇ ਸਾਥੀ ਰਾਜੂ ਨਾਲ ਮਿਲ ਕੇ ਜੂਨ 2014 ਵਿਚ ਬਰਨਾਲਾ ਵਿਚ ਪੈਟਰੋਲ ਪੰਪ ਦੇ ਕਰਮਚਾਰੀਆਂ ਤੋਂ ਪਿਸਤੌਲ ਦੀ ਨੋਕ 'ਤੇ 80 ਹਜ਼ਾਰ ਰੁਪਏ ਲੁੱਟੇ ਸਨ। ਮਈ 2014 ਵਿਚ ਲਾਂਬੜਾ ਏਰੀਏ ਵਿਚ ਮਹਿਲਾ ਤੋਂ ਪਿਸਤੌਲ ਦੀ ਨੋਕ 'ਤੇ ਪਰਸ ਖੋਹਿਆ ਅਤੇ ਮਾਰਕੁੱਟ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਲੁੱਟ ਦੀਆਂ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਸੀ। 


Related News