ਵਾਰਡਬੰਦੀ ''ਚ ਕਮੀਆਂ ਨੂੰ ਪੂਰਾ ਕਰਨ ''ਚ ਜੁਟਿਆ ਨਿਗਮ ਸਟਾਫ

10/19/2017 4:15:04 AM

ਜਲੰਧਰ(ਖੁਰਾਣਾ)-ਚੰਡੀਗੜ੍ਹ 'ਚ ਬੈਠੇ ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਦੇ ਅਧਿਕਾਰੀਆਂ ਨੇ ਜਲੰਧਰ ਨਗਰ ਨਿਗਮ ਦੀ ਨਵੀਂ ਵਾਰਡਬੰਦੀ ਦਾ ਨਕਸ਼ਾ ਜਲੰਧਰ ਵਿਚ ਭਿਜਵਾ ਦਿੱਤਾ ਹੈ ਪਰ ਅਜੇ ਉਸ ਨਕਸ਼ੇ ਵਿਚ ਕਈ ਕਮੀਆਂ ਹਨ, ਜਿਨ੍ਹਾਂ ਨੂੰ ਪੂਰਾ ਕਰਨ ਵਿਚ ਨਿਗਮ ਦਾ ਸਾਰਾ ਸਟਾਫ ਜੁਟ ਗਿਆ ਹੈ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਵਾਰਡਬੰਦੀ ਵਿਚ ਕੁਲ 40 ਵਾਰਡ ਅਜਿਹੇ ਹਨ, ਜਿਨ੍ਹਾਂ ਦੀਆਂ ਹੱਦਾਂ ਦਾ ਨਿਰਮਾਣ ਕਰਦੇ ਸਮੇਂ ਕਈ ਥਾਵਾਂ ਖਾਲੀ ਛੱਡੀਆਂ ਗਈਆਂ ਹਨ, ਜੋ ਨਿਗਮ ਅਧਿਕਾਰੀਆਂ ਨੇ ਭਰਨੀਆਂ ਹਨ। ਨਗਰ ਨਿਗਮ ਦੇ ਸਾਰੇ ਡਰਾਫਟਸਮੈਨ ਤੇ ਹੈੱਡ ਡਰਾਫਟਸਮੈਨ ਅੱਜ ਫੀਲਡ ਵਿਚ ਗਏ ਤਾਂ ਜੋ ਵਾਰਡਾਂ ਦੀ ਨਿਸ਼ਾਨਦੇਹੀ ਦਾ ਕੰਮ ਪੂਰਾ ਕੀਤਾ ਜਾ ਸਕੇ। ਇਸ ਕੰਮ ਨੂੰ ਅਜੇ ਕੁਝ ਦਿਨ ਲੱਗ ਜਾਣਗੇ, ਇਸ ਲਈ ਅਗਲੇ ਹਫਤੇ ਨਵੀਂ ਵਾਰਡਬੰਦੀ ਦਾ ਨਕਸ਼ਾ ਦੁਬਾਰਾ ਚੰਡੀਗੜ੍ਹ ਭੇਜਿਆ ਜਾਵੇਗਾ ਤਾਂ ਜੋ ਇਸ ਨੂੰ ਅਪਰੂਵ ਕਰਵਾਇਆ ਜਾ ਸਕੇ। ਕੁਝ ਵਿਧਾਇਕ ਤੇ ਉਨ੍ਹਾਂ ਦੇ ਚਹੇਤੇ ਨਾਖੁਸ਼ : ਨਵੀਂ ਵਾਰਡਬੰਦੀ ਨੂੰ ਭਾਵੇਂ ਕਾਂਗਰਸੀਆਂ ਨੇ ਆਪਣੀ ਦੇਖ-ਰੇਖ ਵਿਚ ਤਿਆਰ ਕਰਵਾਇਆ ਹੈ ਪਰ ਫਿਰ ਵੀ ਕੁਝ ਕਾਂਗਰਸੀ ਵਿਧਾਇਕ ਤੇ ਉਨ੍ਹਾਂ ਦੇ ਚਹੇਤੇ ਨਵੀਂ ਵਾਰਡਬੰਦੀ ਤੋਂ ਖੁਸ਼ ਨਹੀਂ ਹਨ। ਅਜਿਹੇ ਵਿਧਾਇਕ ਵਾਰਡਬੰਦੀ ਵਿਚ ਕੁਝ ਬਦਲਾਅ ਚਾਹੁੰਦੇ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਜੇਕਰ ਹੁਣ ਇਸ ਸਟੇਜ 'ਤੇ ਵਾਰਡਾਂ ਨੂੰ ਤੋੜਿਆ ਮਰੋੜਿਆ ਗਿਆ ਜਾਂ ਜਨਰਲ ਤੋਂ ਰਿਜ਼ਰਵ ਆਦਿ ਕੀਤਾ ਗਿਆ ਤਾਂ ਇਸ ਨਾਲ ਕਾਫੀ ਵਾਰਡ ਪ੍ਰਭਾਵਿਤ ਹੋਣਗੇ। ਇਨ੍ਹੀਂ ਦਿਨੀਂ ਵਿਧਾਇਕ ਦੀਵਾਲੀ ਵਿਚ ਬਿਜ਼ੀ ਹਨ, ਜਿਸ ਕਾਰਨ ਨਵੀਂ ਵਾਰਡਬੰਦੀ ਬਾਰੇ ਵਿਧਾਇਕਾਂ ਵੱਲੋਂ ਅਗਲੇ ਹਫਤੇ ਹੀ ਫੈਸਲਾ ਲਿਆ ਜਾਵੇਗਾ।


Related News