ਪ੍ਰੇਮਿਕਾ ਨੇ ਕੀਤਾ ਵਿਆਹ ਲਈ ਮਨ੍ਹਾ, ਗੁੱਸੇ ''ਚ ਆਏ ਪ੍ਰੇਮੀ ਨੇ ਘਰ ''ਚ ਦਾਖਲ ਹੋ ਕੇ ਚਾਕੂ ਨਾਲ ਕੀਤੇ ਕਈ ਵਾਰ

10/18/2017 7:05:20 PM

ਦਸੂਹਾ(ਝਾਵਰ)— ਥਾਣਾ ਦਸੂਹਾ ਦੇ ਪਿੰਡ ਮੱਕੋਵਾਲ ਦੀ ਰਹਿਣ ਵਾਲੀ ਲੜਕੀ ਦੇ ਘਰ ਵਿਚ ਦਾਖਲ ਹੋ ਕੇ ਉਸ ਦੇ ਪ੍ਰੇਮੀ ਨੇ ਉਸ ਨੂੰ ਚਾਕੂ ਮਾਰ-ਮਾਰ ਕੇ ਜ਼ਖਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਜਸਵਿੰਦਰ ਪੁੱਤਰ ਬੱਗਾ ਵਾਸੀ ਮੁਹੱਲਾ ਧਰਮਪੁਰਾ ਦਸੂਹਾ ਨੇ ਆਪਣੀ ਪ੍ਰੇਮਿਕਾ ਉਕਤ ਲੜਕੀ ਨੂੰ ਕੀਤੇ ਵਾਅਦੇ ਅਨੁਸਾਰ ਵਿਆਹ ਕਰਵਾਉਣ ਲਈ ਚੱਲਣ ਲਈ ਕਿਹਾ, ਜਿਸ 'ਤੇ ਉਹ ਰਾਜ਼ੀ ਨਾ ਹੋਈ। ਇਸ ਦੌਰਾਨ ਉਹ ਉਸ ਨਾਲ ਉਸ ਦੀ ਮਾਤਾ ਅਤੇ ਦਾਦੀ ਸਾਹਮਣੇ ਅਸ਼ਲੀਲ ਹਰਕਤਾਂ ਕਰਨ ਲੱਗਾ। ਜਦੋਂ ਪ੍ਰੇਮਿਕਾ ਨੇ ਇਸ ਦਾ ਵਿਰੋਧ ਕੀਤਾ ਤਾਂ ਉਕਤ ਪ੍ਰੇਮੀ ਨੇ ਉਸ 'ਤੇ ਚਾਕੂ ਨਾਲ ਵਾਰ ਕਰਕੇ ਜ਼ਖਮੀ ਕਰ ਦਿੱਤਾ। 
ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਬਚਨ ਸਿੰਘ ਨੇ ਦੱਸਿਆ ਕਿ ਜਦੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸੁਰਿੰਦਰ ਕੁਮਾਰ ਪੁੱੱਤਰ ਵੀਰ ਪ੍ਰਸਾਦ ਦਾ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋਣ 'ਚ ਸਫਲ ਹੋ ਗਿਆ, ਜਦਕਿ ਲੜਕੀ ਸਥਾਨਕ ਹਸਪਤਾਲ 'ਚ ਇਲਾਜ ਲਈ ਦਾਖਲ ਹੈ। ਪੁਲਸ ਨੇ ਉਸ ਦੇ ਬਿਆਨ ਦੇ ਆਧਾਰ 'ਤੇ ਦੋਸ਼ੀ ਪ੍ਰੇਮੀ ਵਿਰੁੱਧ ਧਾਰਾ 354-ਬੀ, 452, 506, 379 ਤੇ 324 ਆਈ. ਪੀ. ਸੀ. ਅਧੀਨ ਕੇਸ ਦਰਜ ਕਰਨ ਉਪਰੰਤ ਉਸ ਨੂੰ ਚੋਰੀ ਕੀਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਹੈ।


Related News