ਪੇਟੀਐੱਮ ਦੇ ਨਾਂ ''ਤੇ ਪਿੰਡਾਂ ਦੇ ਭੋਲੇ-ਭਾਲੇ ਲੋਕਾਂ ਨੂੰ ਕੀਤਾ ਜਾ ਰਿਹੈ ਗੁੰਮਰਾਹ

06/26/2017 2:58:58 AM

ਮਜੀਠਾ,   (ਪ੍ਰਿਥੀਪਾਲ)-  ਅੱਜਕਲ ਸੋਸ਼ਲ ਮੀਡੀਆ ਅਤੇ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ 'ਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਸਮੇਂ-ਸਮੇਂ 'ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਮੋਬਾਇਲ ਫੋਨ 'ਤੇ ਕਿਸੇ ਵੀ ਏਜੰਸੀ ਵੱਲੋਂ ਆਧਾਰ ਕਾਰਡ ਨੰਬਰ, ਬੈਂਕ ਖਾਤੇ ਦਾ ਨੰਬਰ, ਪੈਨ ਕਾਰਡ ਦਾ ਨੰਬਰ ਜਾਂ ਬੈਂਕ ਖਾਤੇ ਨਾਲ ਸੰਬੰਧਿਤ ਅਜਿਹੀ ਕੋਈ ਵੀ ਜਾਣਕਾਰੀ ਮੰਗਣ 'ਤੇ ਨਾ ਦਿੱਤੀ ਜਾਵੇ ਕਿਉਂਕਿ ਇਹ ਨੰਬਰ ਲੈ ਕੇ ਕੋਈ ਵੀ ਸ਼ਰਾਰਤੀ ਵਿਅਕਤੀ ਕਿਸੇ ਵੀ ਵਿਅਕਤੀ ਦੇ ਖਾਤੇ 'ਚੋਂ ਨਕਦੀ ਕਢਵਾ ਸਕਦਾ ਹੈ ਤੇ ਪਿਛਲੇ ਦਿਨਾਂ 'ਚ ਅਜਿਹੀਆਂ ਕਈ ਘਟਨਾਵਾਂ ਲੋਕਾਂ ਨਾਲ ਵਾਪਰ ਵੀ ਚੁੱਕੀਆਂ ਹਨ ਪਰ ਇਸ ਦੇ ਉਲਟ ਮਜੀਠਾ ਤੇ ਇਸ ਦੇ ਆਸ-ਪਾਸ ਪਿੰਡਾਂ 'ਚ ਬੀਤੇ ਦਿਨ ਕੁਝ ਵਿਅਕਤੀ ਲੋਕਾਂ ਨੂੰ ਪੇਟੀਐੱਮ ਦੀ ਵਰਤੋਂ ਕਰ ਕੇ ਖਰੀਦਦਾਰੀ ਲਈ ਲੈਣ-ਦੇਣ ਕਰਨ ਲਈ ਕਹਿ ਰਹੇ ਸਨ ਤੇ ਇਸ ਲਈ ਲੋਕਾਂ ਪਾਸੋਂ ਉਨ੍ਹਾਂ ਦੇ ਆਧਾਰ ਕਾਰਡ ਤੇ ਕੁਝ ਹੋਰ ਸ਼ਨਾਖਤ ਲਈ ਦਸਤਾਵੇਜ਼ ਲੈ ਰਹੇ ਸਨ, ਇਸ ਦੇ ਨਾਲ ਹੀ ਉਹ ਲੋਕਾਂ ਨੂੰ ਕਹਿ ਰਹੇ ਸਨ ਕਿ ਪੇਟੀਐੱਮ ਕਾਰਡ ਦਾ ਖਾਤਾ ਖੁੱਲ੍ਹਵਾਉਣ ਵਾਲੇ ਹਰੇਕ ਖਾਤਾਧਾਰਕ ਦੇ ਖਾਤੇ 'ਚ 220 ਰੁਪਏ ਦੀ ਰਾਸ਼ੀ ਜਮ੍ਹਾ ਹੋ ਜਾਵੇਗੀ।  ਪਿੰਡ ਹਰੀਆਂ ਦੀਆਂ ਪੜ੍ਹੀਆਂ-ਲਿਖੀਆਂ ਔਰਤਾਂ ਨੇ ਉਨ੍ਹਾਂ ਕੋਲੋਂ ਪੁੱਛਿਆ ਕਿ ਉਹ ਕਿਹੜੇ ਬੈਂਕ ਜਾਂ ਕੰਪਨੀ ਵੱਲੋਂ ਆਏ ਹਨ ਤਾਂ ਉਕਤ ਵਿਅਕਤੀ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕੇ ਤੇ ਨਾ ਹੀ ਆਪਣਾ ਕੋਈ ਸ਼ਨਾਖਤੀ ਕਾਰਡ ਹੀ ਦਿਖਾ ਸਕੇ, ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਇਹ ਵਿਅਕਤੀ ਪਿੰਡਾਂ ਦੇ ਭੋਲੇ-ਭਾਲੇ ਲੋਕਾਂ ਨੂੰ ਪੇਟੀਐੱਮ ਦੇ ਬਹਾਨੇ ਗੁੰਮਰਾਹ ਕਰ ਕੇ ਆਧਾਰ ਕਾਰਡ ਲਿਜਾ ਰਹੇ ਸਨ, ਜਿਸ ਦਾ ਬਾਅਦ 'ਚ ਉਹ ਨਾਜਾਇਜ਼ ਫਾਇਦਾ ਵੀ ਲੈ ਸਕਦੇ ਹਨ। ਇਹ ਦੇਖਣ 'ਤੇ ਉਕਤ ਔਰਤਾਂ ਨੇ ਪੱਤਰਕਾਰਾਂ ਨੂੰ ਸੂਚਿਤ ਕੀਤਾ ਤਾਂ ਪੱਤਰਕਾਰਾਂ ਦੇ ਦੇਖਣ 'ਚ ਆਇਆ ਕਿ ਉਹ ਆਧਾਰ ਕਾਰਡ ਲੈ ਕੇ ਕੋਈ ਰਸੀਦ ਜਾਂ ਕੋਈ ਹੋਰ ਸਬੂਤ ਨਹੀਂ ਦੇ ਰਹੇ ਸਨ। ਪੱਤਰਕਾਰਾਂ ਦੀ ਟੀਮ ਵੱਲੋਂ ਕੀਤੀ ਪੜਤਾਲ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਹਰਕਤ 'ਚ ਆ ਕੇ ਉਕਤ ਵਿਅਕਤੀਆਂ ਨੂੰ ਪੁਲਸ ਥਾਣਾ ਕੱਥੂਨੰਗਲ ਹਵਾਲੇ ਕਰ ਦਿੱਤਾ।


Related News