ਔਰਤਾਂ ਤੇ ਬੱਚਿਆਂ ਨੂੰ ਘੇਰ ਕੇ ਗਾਲੀ-ਗਲੋਚ ਕਰਨ ਵਾਲਾ ਹੌਲਦਾਰ ਕਾਬੂ

12/10/2017 2:11:23 AM

ਮੋਗਾ,   (ਆਜ਼ਾਦ)-  ਪੁਲਸ ਵੱਲੋਂ ਔਰਤਾਂ ਅਤੇ ਬੱਚਿਆਂ ਨੂੰ ਮੁਹੱਲੇ 'ਚ ਘੇਰ ਕੇ ਗਾਲੀ-ਗਲੋਚ ਕਰਨ ਤੋਂ ਇਲਾਵਾ ਔਰਤਾਂ ਨੂੰ ਅਸ਼ਲੀਲ ਇਸ਼ਾਰੇ ਕਰਨ ਵਾਲੇ ਹੌਲਦਾਰ ਨੂੰ ਕਾਬੂ ਕੀਤੇ ਜਾਣ ਦਾ ਪਤਾ ਲੱਗਾ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਰਵਿੰਦਰ ਕੌਰ ਨਿਵਾਸੀ ਮਾਡਲ ਟਾਊਨ ਲੰਡੇ ਕੇ ਨੇ ਕਿਹਾ ਕਿ ਉਨ੍ਹਾਂ ਦੇ ਮੁਹੱਲੇ 'ਚ ਦੋਸ਼ੀ ਹੌਲਦਾਰ ਮੇਜਰ ਸਿੰਘ ਰਹਿੰਦਾ ਹੈ, ਜੋ ਸ਼ਰਾਬ ਪੀਣ ਦਾ ਆਦੀ ਹੈ ਅਤੇ ਜਦੋਂ ਗਲੀ ਦੇ ਸਾਰੇ ਵਿਅਕਤੀ ਆਪਣੇ ਕੰਮਾਂ-ਕਾਰਾਂ ਲਈ ਘਰੋਂ ਬਾਹਰ ਚਲੇ ਜਾਂਦੇ ਹਨ ਤਾਂ ਉਹ ਔਰਤਾਂ ਅਤੇ ਬੱਚਿਆਂ ਨੂੰ ਗਲੀ 'ਚ ਘੇਰ ਕੇ ਧਮਕੀਆਂ ਦਿੰਦਾ ਹੈ। ਉਸ ਨੇ ਦੱਸਿਆ ਕਿ ਬੀਤੀ 5 ਦਸੰਬਰ ਨੂੰ ਜਦੋਂ ਉਹ ਮਨਜੀਤ ਕੌਰ, ਕਮਲੇਸ਼ ਕੌਰ ਨਾਲ ਗਲੀ 'ਚ ਮੌਜੂਦ ਸੀ ਤਾਂ ਦੋਸ਼ੀ, ਜਿਸ ਦੇ ਹੱਥ 'ਚ ਕਿਰਪਾਨ ਫੜੀ ਹੋਈ ਸੀ, ਉਨ੍ਹਾਂ ਨੂੰ ਧਮਕਾਉਣ ਲੱਗ ਗਿਆ ਅਤੇ ਅਸ਼ਲੀਲ ਇਸ਼ਾਰੇ ਕੀਤੇ, ਜਿਸ 'ਤੇ ਅਸੀਂ ਰੌਲਾ ਪਾਇਆ ਤਾਂ ਦੋਸ਼ੀ ਉਥੋਂ ਧਮਕੀਆਂ ਦਿੰਦਾ ਹੋਇਆ ਚਲਾ ਗਿਆ। 
ਡੀ. ਐੱਸ. ਪੀ. ਦੀ ਪਤਨੀ ਨੇ ਦਿਖਾਈ ਦਲੇਰੀ
ਉਸੇ ਮੁਹੱਲੇ 'ਚ ਰਹਿਣ ਵਾਲੇ ਸ੍ਰੀ ਮੁਕਤਸਰ ਸਾਹਿਬ 'ਚ ਤਾਇਨਾਤ ਡੀ. ਐੱਸ. ਪੀ. ਸੁਖਦੇਵ ਸਿੰਘ ਦੀ ਪਤਨੀ ਨੇ ਦਲੇਰੀ ਦਿਖਾਉਂਦਿਆਂ ਦੋਸ਼ੀ ਖਿਲਾਫ ਪੁਲਸ ਨੂੰ ਸ਼ਿਕਾਇਤ ਕੀਤੀ, ਜਿਸ 'ਤੇ ਉਸ ਨੂੰ ਕਾਬੂ ਕੀਤਾ ਗਿਆ। 

ਕੀ ਹੋਈ ਪੁਲਸ ਕਾਰਵਾਈ
ਥਾਣਾ ਮਹਿਣਾ ਦੇ ਮੁੱਖ ਅਫਸਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਹੌਲਦਾਰ ਮੇਜਰ ਸਿੰਘ ਪੁਲਸ ਲਾਈਨ ਮੋਗਾ 'ਚ ਤਾਇਨਾਤ ਹੈ, ਜਿਸ ਖਿਲਾਫ ਘੇਰ ਕੇ ਧਮਕਾਉਣ ਅਤੇ ਅਸ਼ਲੀਲ ਇਸ਼ਾਰੇ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਗੁਲਜ਼ਾਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਦੋਸ਼ੀ ਤੋਂ ਪੁੱਛਗਿੱਛ ਉਪਰੰਤ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


Related News