280 ਲੋਕਾਂ ਦੇ ਕੱਟੇ ਆਟਾ ਦਾਲ ਯੋਜਨਾ ਦੇ ਕਾਰਡ, ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ

09/22/2017 1:26:50 PM

ਬਠਿੰਡਾ (ਪਰਮਿੰਦਰ)-ਜਨਤਾ ਨਗਰ ਵਿਚ ਆਟਾ ਦਾਲ ਯੋਜਨਾ ਤਹਿਤ ਕਾਰਡ ਕੱਟੇ ਜਾਣ ਕਾਰਨ ਸੰਬੰਧਿਤ ਲੋਕਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਬਿਨਾਂ ਕਿਸੇ ਜਾਣਕਾਰੀ ਉਨ੍ਹਾਂ ਦੇ ਕਾਰਡ ਕੱਟ ਦਿੱਤੇ, ਜਿਸ ਕਾਰਨ ਉਨ੍ਹਾਂ ਨੂੰ ਹੁਣ ਆਟਾ-ਦਾਲ ਯੋਜਨਾ ਦਾ ਲਾਭ ਨਹੀਂ ਮਿਲ ਰਿਹਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕਈ ਅਮੀਰਾਂ ਦੇ ਵੀ ਕਾਰਡ ਬਣੇ ਹੋਏ ਹਨ ਜਦਕਿ ਗਰੀਬਾਂ ਦੇ ਕਾਰਡ ਕੱਟ ਕੇ ਉਨ੍ਹਾਂ ਨੂੰ ਉਕਤ ਯੋਜਨਾ ਦਾ ਲਾਭ ਲੈਣ ਤੋਂ ਵਾਂਝਾ ਕਰ ਦਿੱਤਾ ਗਿਆ ਹੈ।
ਇਸ ਮੌਕੇ ਸੰਤ ਰਾਮ, ਊਸ਼ਾ ਰਾਣੀ, ਕਾਂਤਾ ਰਾਣੀ, ਬਨਫੂਲ, ਸੁਰੇਸ਼ ਕੁਮਾਰ, ਅਨੀਤਾ, ਸ਼ਕੁੰਤਲਾ ਦੇਵੀ ਤੇ ਹੋਰ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਲੰਬੇ ਸਮੇਂ ਤੋਂ ਆਟਾ ਦਾਲ ਯੋਜਨਾ ਤਹਿਤ ਕਾਰਡ ਬਣੇ ਹੋਏ ਸਨ, ਜਿਸ 'ਤੇ ਸਾਬਕਾ ਮੁੱਖ ਮੰਤਰੀ ਦੀਆਂ ਤਸਵੀਰਾਂ ਵੀ ਹਨ ਪਰ ਹੁਣ ਡਿਪੂ ਹੋਲਡਰਾਂ ਵੱਲੋਂ ਉਕਤ ਕਾਰਡਾਂ 'ਤੇ ਕਣਕ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਉਨ੍ਹਾਂ ਨੇ ਵਾਰਡ ਕੌਂਸਲਰ ਨੂੰ ਵੀ ਜਾਣੂ ਕਰਵਾਇਆ ਹੈ ਪਰ ਵਾਰਡ ਕੌਂਸਲਰ ਨੇ ਕਿਹਾ ਕਿ ਕਾਰਡ ਸੰਬੰਧਿਤ ਵਿਭਾਗ ਵੱਲੋਂ ਕੱਟੇ ਗਏ ਹਨ ਜਿਸ ਵਿਚ ਉਹ ਕੁਝ ਨਹੀਂ ਕਰ ਸਕਦੇ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਜਲਦ ਹੀ ਯੋਜਨਾ ਦਾ ਲਾਭ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇਗਾ।
ਹਰਿਆਣਾ ਮਾਰਕਾ ਦੇਸੀ ਸ਼ਰਾਬ ਬਰਾਮਦ, ਮੁਲਜ਼ਮ ਫਰਾਰ
ਨਥਾਣਾ, 21 ਸਤੰਬਰ (ਬੱਜੋਆਣੀਆਂ)-ਪੁਲਸ ਨੇ ਹਰਿਆਣਾ ਮਾਰਕਾ ਦੇਸੀ ਸ਼ਰਾਬ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ ਪਰ ਮੁਲਜ਼ਮ ਭੱਜਣ 'ਚ ਸਫ਼ਲ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਪਿੰਡ ਢੇਲਵਾਂ ਤੋਂ 15 ਬੋਤਲਾਂ ਸ਼ਰਾਬ ਦੇਸੀ ਹਰਿਆਣਾ ਦੀ ਫੜ ਲਈ ਹੈ ਪਰ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਦੀ ਪਛਾਣ ਪ੍ਰੇਮ ਸਿੰਘ ਪੁੱਤਰ ਵਜੀਰ ਸਿੰਘ ਵਾਸੀ ਢੇਲਵਾਂ ਵਜੋਂ ਹੋਈ ਹੈ। ਪੁਲਸ ਨੇ ਐਕਸਾਈਜ਼ ਐਕਟ ਤਹਿਤ ਪਰਚਾ ਦਰਜ ਕਰ ਕੇ ਭਾਲ ਆਰੰਭ ਦਿੱਤੀ ਹੈ।


Related News