ਬਲਬੇੜ੍ਹਾ ਮਾਰਕੀਟ ''ਚ ਲੱਗੀ ਭਿਆਨਕ ਅੱਗ ; 10 ਦੁਕਾਨਾਂ ਸੜੀਆਂ, 2 ਮੋਟਰਸਾਈਕਲ ਵੀ ਸੜ ਕੇ ਸੁਆਹ

10/19/2017 1:12:27 AM

ਡਕਾਲਾ (ਨਰਿੰਦਰ) - ਜ਼ਿਲਾ ਪਟਿਆਲਾ ਦੇ ਉੱਘੇ ਕਸਬਾ ਬਲਬੇੜ੍ਹਾ ਵਿਖੇ ਅੱਜ ਸ਼ਾਮ ਮੁੱਖ ਮਾਰਕੀਟ ਵਿਖੇ ਅਚਾਨਕ ਭਿਆਨਕ ਅੱਗ ਲੱਗਣ ਨਾਲ ਲਗਭਗ 10 ਦੁਕਾਨਾਂ ਇਸ ਦੀ ਭੇਟ ਚੜ੍ਹ ਗਈਆਂ। ਦੁਕਾਨਦਾਰਾਂ ਦਾ ਦੀਵਾਲੀ ਮੌਕੇ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ 'ਚ 2 ਮੋਟਸਾਈਕਲ ਵੀ ਸੜ ਗਏ।  ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਕਰੀਬ 4 ਕੁ ਵਜੇ ਕਸਬਾ ਬਲਬੇੜ੍ਹਾ ਦੀ ਮੁੱਖ ਮਾਰਕੀਟ ਵਿਖੇ ਅੱਗ ਲੱਗ ਗਈ। ਕੁੱਝ ਹੀ ਸਕਿੰਟਾਂ 'ਚ ਇਸ ਨੇ ਭਿਆਨਕ ਰੂਪ ਧਾਰ ਲਿਆ। ਦੁਕਾਨਾਂ ਅੱਗੇ ਸਜਾਏ ਪਟਾਕੇ ਅੱਗ ਨਾਲ ਧਮਾਕਾ ਕਰਨ ਲੱਗੇ। ਧਮਾਕਿਆਂ ਨੇ ਮੁੱਖ ਮਾਰਕੀਟ ਦੀਆਂ ਦੁਕਾਨਾਂ ਅੰਦਰ ਵੀ ਅੱਗ ਪਹੁੰਚਾ ਦਿੱਤੀ। ਕਈ ਦੁਕਾਨਾਂ ਅੰਦਰ ਪਿਆ ਸਾਮਾਨ ਵੀ ਅੱਗ ਦੀ ਲਪੇਟ ਵਿਚ ਆ ਗਿਆ।
ਘਟਨਾ ਬਾਰੇ ਦੱਸਿਆ ਗਿਆ ਹੈ ਕਿ ਕਸਬੇ ਦੀ ਮੁੱਖ ਮਾਰਕੀਟ 'ਚ ਦੁਕਾਨ 'ਤੇ ਇੱਕ ਬੱਚਾ ਪਟਾਕਿਆਂ ਵਾਲੇ ਪਿਸਤੌਲ ਦੀ ਜਾਂਚ ਰਿਹਾ ਸੀ। ਪਿਸੌਤਲ 'ਚੋਂ ਨਿਕਲੇ ਪਟਾਕੇ ਦੀ ਅੱਗ ਦੁਕਾਨਾਂ ਸਾਹਮਣੇ ਲੱਗੇ ਪਟਾਕਿਆਂ ਵਿਚ ਜਾ ਡਿੱਗੀ। ਦੁਕਾਨਾਂ ਅੱਗੇ ਲੱਗੇ ਟੈਂਟਾਂ ਨੂੰ ਅੱਗ ਲੱਗ ਗਈ, ਜਿਸ ਨੇ ਕੁੱਝ ਹੀ ਸਕਿੰਟਾਂ 'ਚ ਭਿਆਨਕ ਰੂਪ ਧਾਰ ਲਿਆ। ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਸਾਮਾਨ ਤਬਾਹ ਹੋ ਗਿਆ। ਦੁਕਾਨਦਾਰ ਓਮ ਪ੍ਰਕਾਸ਼ ਠਾਕੁਰ ਨੇ ਦੱਸਿਆ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਹੈ। ਓਮ ਪ੍ਰਕਾਸ਼ ਠਾਕੁਰ, ਕਰਨ ਠਾਕੁਰ, ਸੁਸ਼ੀਲ ਠਾਕੁਰ, ਮਨੋਜ ਕੁਮਾਰ, ਕਰਮ ਸਿੰਘ ਤੇ ਹੋਰਨਾਂ ਨੇ ਫਾਇਰ ਬ੍ਰਿਗੇਡ ਪ੍ਰਤੀ ਨਾਰਾਜ਼ਗੀ ਪ੍ਰਗਟ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੇ ਅੱਗ ਦੀ ਘਟਨਾ ਵਾਪਰਨ ਨਾਲ ਹੀ ਤੁਰੰਤ 101 ਨੰਬਰ 'ਤੇ ਫੋਨ ਕੀਤਾ ਤਾਂ ਉਨ੍ਹਾਂ ਦਾ ਨੰਬਰ ਬੰਦ ਸੀ। ਇਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਲਗਭਗ ਡੇਢ ਘੰਟਾ ਦੇਰੀ ਨਾਲ ਪਟਿਆਲਾ ਤੋਂ ਫਾਇਰ ਬ੍ਰਿਗੇਡ ਘਟਨਾ ਵਾਲੀ ਥਾਂ 'ਤੇ ਪੁੱਜਾ। ਉਨ੍ਹਾਂ ਸਪੱਸ਼ਟ ਕੀਤਾ ਕਿ ਦੁਕਾਨਾਂ ਨੂੰ ਲੱਗੀ ਅੱਗ 'ਤੇ ਕਸਬੇ ਦੇ ਲੋਕਾਂ ਨੇ ਕਾਬੂ ਪਾਇਆ। ਹੋਰਨਾਂ ਦੁਕਾਨਾਂ ਨੂੰ ਅੱਗ ਲੱਗਣ ਤੋਂ ਬਚਾਇਆ ਗਿਆ। ਬਿਜਲੀ ਵਿਭਾਗ ਦੇ ਜੇ. ਈ. ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੂਰੀ ਜਾਂਚ ਕੀਤੀ ਹੈ। ਇਹ ਅੱਗ ਸ਼ਾਰਟ ਸਰਕਟ ਨਾਲ ਨਹੀਂ ਲੱਗੀ। ਪਟਾਕਿਆਂ ਤੋਂ ਅੱਗ ਲੱਗਣ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਦੌਰਾਨ ਸ਼ੇਰ ਸਿੰਘ ਵਾਸੀ ਜਾਫਰਪੁਰ ਨੇ ਦੱਸਿਆ ਕਿ ਦੁਕਾਨਾਂ ਨੇੜੇ ਖੜ੍ਹਾ ਉਸ ਦਾ ਤੇ ਇਕ ਹੋਰ ਵਿਅਕਤੀ ਦਾ ਮੋਟਰਸਾਈਕਲ ਵੀ ਅੱਗ ਨਾਲ ਸੜ ਗਿਆ।
ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਦੁਕਾਨਦਾਰਾਂ ਦਾ ਦੁੱਖ ਸੁਣਿਆ
ਡਕਾਲਾ, (ਨਰਿੰਦਰ)-ਅੱਗ ਦੀ ਘਟਨਾ ਬਾਰੇ ਪਤਾ ਚੱਲਣ 'ਤੇ ਹਲਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਮੌਕੇ 'ਤੇ ਪੁੱਜੇ ਤੇ ਦੁਕਾਨਦਾਰਾਂ ਦਾ ਦੁੱਖ ਸੁਣਿਆ। ਚੰਦੂਮਾਜਰਾ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ। ਦੁਕਾਨਦਾਰਾਂ ਦੇ ਇਸ ਨੁਕਸਾਨ ਦੀ ਭਰਪਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਘਟਨਾ ਵਿਚ ਲਾਪ੍ਰਵਾਹੀ ਵਰਤਣ ਵਾਲੇ ਮੁਲਾਜ਼ਮਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਬੁਲਾ ਕੇ ਦੁਕਾਨਦਾਰਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ ਜਾਵੇਗਾ।


Related News