ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ''ਚ ਨਿਗਮ ਚੋਣਾਂ ਦਸੰਬਰ ਦੇ ਸ਼ੁਰੂ ''ਚ ਕਰਵਾਉਣ ''ਤੇ ਬਣੀ ਸਹਿਮਤੀ

10/18/2017 6:49:17 PM

ਜਲੰਧਰ  (ਧਵਨ) — ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ 'ਚ ਨਗਰ ਨਿਗਮ ਚੋਣਾਂ ਦਸੰਬਰ ਮਹੀਨੇ ਦੇ ਸ਼ੁਰੂ 'ਚ ਕਰਵਾਉਣ 'ਤੇ ਸੂਬਾ ਸਰਕਾਰ 'ਚ ਸਹਿਮਤੀ ਬਣ ਗਈ ਹੈ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਇਸ ਸਬੰਧ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਸਥਾਨਕ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਨਿਗਮ ਚੋਣਾਂ ਦਸੰਬਰ ਦੇ ਸ਼ੁਰੂ 'ਚ ਕਰਵਾਉਣ ਨੂੰ ਲੈ ਕੇ ਹਰੀ ਝੰਡੀ ਮਿਲ ਚੁੱਕੀ ਹੈ। ਮੁੱਖ ਮੰਤਰੀ ਅਤੇ ਸਿੱਧੂ ਦਰਮਿਆਨ ਨਿਗਮ ਚੋਣਾਂ ਨੂੰ ਲੈ ਕੇ ਰਸਮੀ ਚਰਚਾ ਹੋ ਚੁੱਕੀ ਹੈ। ਅੱਜ ਵੀ ਚੰਡੀਗੜ੍ਹ 'ਚ ਨਵਜੋਤ ਸਿੱਧੂ ਮੁੱਖ ਮੰਤਰੀ ਨਾਲ ਮਿਲੇ ਸਨ ਜਿਸ 'ਚ ਰਸਮੀ ਚਰਚਾ ਫਿਰ  ਹੋਈ ਹੈ। ਦੱਸਿਆ ਜਾਂਦਾ ਹੈ ਕਿ ਕਾਂਗਰਸ ਨੂੰ ਜਿਸ ਤਰ੍ਹਾਂ ਨਾਲ ਗੁਰਦਾਸਪੁਰ ਲੋਕ ਸਭਾ ਸੀਟ ਦੀ ਉਪ ਚੋਣ 'ਚ ਭਾਰੀ ਸਫਲਤਾ ਹਾਸਿਲ ਹੋਈ ਹੈ ਨੂੰ ਦੇਖਦੇ ਹੋਏ ਹੁਣ ਕਾਂਗਰਸ ਸਰਕਾਰ ਨਿਗਮ ਚੋਣਾਂ ਨੂੰ ਹੋਰ ਲਟਕਾਉਣਾ ਨਹੀਂ ਚਾਹੁੰਦੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ੁਰੂ ਤੋਂ ਹੀ ਦਸੰਬਰ 'ਚ ਨਿਗਮ ਚੋਣਾਂ ਕਰਵਾਉਣ ਦੇ ਪੱਖ 'ਚ ਸੀ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਸਥਾਨਕ ਲੋਕਲ ਬਾਡੀਜ਼ ਸੰਸਥਾਵਾਂ 'ਚ ਪਾਰਟੀ ਜਿੱਤ ਹਾਸਿਲ ਕਰ ਕੇ ਮੇਅਰਾਂ ਦੇ ਅਹੁਦਿਆਂ 'ਤੇ ਆਪਣੇ ਨੇਤਾਵਾਂ ਨੂੰ ਬਿਠਾਏ ਜਿਸ ਤੋਂ ਬਾਅਦ ਸ਼ਹਿਰਾਂ 'ਚ ਵਿਕਾਸ ਕੰਮਾਂ ਨੂੰ ਲੈ ਕੇ ਇਕ ਨਵਾਂ ਬਲਿਊ ਪ੍ਰਿੰਟ ਤਿਆਰ ਕੀਤਾ ਜਾ ਸਕੇ। ਅਜੇ ਤਕ ਪਿਛਲੇ 5 ਸਾਲਾਂ ਤੋਂ ਮੇਅਰਾਂ ਦੇ ਅਹੁਦਿਆਂ 'ਤੇ ਭਾਜਪਾ ਦੇ ਨੇਤਾ ਹੀ ਬਿਰਾਜਮਾਨ ਸਨ ਜਿਸ ਕਾਰਨ ਉਨ੍ਹਾਂ ਦਾ ਤਾਲਮੇਲ ਸੂਬੇ ਦੀ ਕਾਂਗਰਸ ਸਰਕਾਰ ਨਾਲ ਠੀਕ ਨਹੀਂ ਬੈਠ ਰਿਹਾ ਸੀ।
ਸਰਕਾਰੀ ਹਲਕਿਆਂ 'ਚ ਚਰਚਾ ਚਲ ਰਹੀ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਥਾਨਕ ਲੋਕਲ ਬਾਡੀਜ਼ ਵਿਭਾਗ ਨੂੰ ਕਹਿ ਦਿੱਤਾ ਹੈ ਕਿ ਹੁਣ ਛੇਤੀ ਤੋਂ ਛੇਤੀ ਸਾਰੇ ਨਿਗਮ ਚੋਣਾਂ ਵਾਲੇ ਮਹਾਨਗਰਾਂ 'ਚ ਵਾਰਡਬੰਦੀ ਦਾ ਕੰਮ ਖਤਮ ਕਰ ਦਿੱਤਾ ਜਾਵੇ। ਇਸ ਨਾਲ ਨਿਗਮ ਚੋਣਾਂ ਕਰਵਾਉਣ ਦਾ ਰਸਤਾ ਸਾਫ ਹੋ ਜਾਵੇਗਾ। ਗੁਰਦਾਸਪੁਰ ਉਪ ਚੋਣ ਜਿੱਤਣ ਤੋਂ ਬਾਅਦ ਵਿਰੋਧੀ ਖੇਮੇ 'ਚ ਕਾਫੀ ਹਲਚਲ ਮਚੀ ਹੋਈ ਹੈ। ਆਮ ਆਦਮੀ ਪਾਰਟੀ ਤਾਂ ਗੁਰਦਾਸਪੁਰ 'ਚ ਪੂਰੀ ਤਰ੍ਹਾਂ ਬਿਖਰ ਗਈ ਸੀ ਅਤੇ ਉਸ ਦੇ ਉਮੀਦਵਾਰ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਸੀ। ਦੂਜੇ ਪਾਸੇ ਅਕਾਲੀ-ਭਾਜਪਾ ਦਰਮਿਆਨ ਵੀ ਤਾਲਮੇਲ ਦੀ ਕਮੀ ਉਜਾਗਰ ਹੋ ਚੁੱਕੀ ਹੈ। ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦੀ ਜਿੱਤ ਨਾਲ ਪਾਰਟੀ ਵਰਕਰਾਂ ਦਾ ਮਨੋਬਲ ਵੀ ਉੱਚਾ ਹੋਇਆ ਹੈ ਜਿਸ ਦਾ ਲਾਭ ਕਾਂਗਰਸ ਸਰਕਾਰ ਉਠਾਉਣਾ ਚਾਹੁੰਦੀ ਹੈ। ਦੱਸਿਆ ਜਾਂਦਾ ਹੈ ਕਿ ਜਿਵੇਂ ਹੀ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ 'ਚ ਵਾਰਡਬੰਦੀ ਦਾ ਕੰਮ ਪੂਰਾ ਹੋਵੇਗਾ ਤਾਂ ਉਸੇ ਸਮੇਂ ਸਰਕਾਰ ਚੋਣ ਕਮਿਸ਼ਨ ਨੂੰ ਨਿਗਮ ਚੋਣਾਂ ਕਰਾਉਣ ਲਈ ਹਰੀ ਝੰਡੀ ਦੇ ਦੇਵੇਗੀ। ਸਰਕਾਰ ਨੇ ਵਾਰਡਬੰਦੀ ਨੂੰ ਆਖਰੀ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਇਹ ਵੀ ਸਮਝਦੀ ਹੈ ਕਿ ਕਾਰਪੋਰੇਸ਼ਨਾਂ ਦੀ ਚੋਣ ਕਰਵਾ ਕੇ ਉਹ ਆਪਣੇ ਕਈ ਨੇਤਾਵਾਂ ਨੂੰ ਟਿਕਟਾਂ ਦੇ ਕੇ ਉਨ੍ਹਾਂ ਨੂੰ ਐਡਜਸਟ ਕਰ ਦੇਵੇਗੀ।


Related News