ਐਲਾਨਾਂ ਦੀ ਝੜੀ ਲਾ ਕੇ ਕੈਪਟਨ ਨੇ ਵਜਾਇਆ ਜ਼ਿਮਨੀ ਚੋਣ ਦਾ ਬਿਗੁਲ

08/18/2017 4:53:34 AM

ਗੁਰਦਾਸਪੁਰ  (ਹਰਮਨਪ੍ਰੀਤ ਸਿੰਘ) - ਆਜ਼ਾਦੀ ਤੋਂ 70 ਸਾਲਾਂ ਬਾਅਦ ਜ਼ਿਲਾ ਗੁਰਦਾਸਪੁਰ ਅੰਦਰ ਪਹਿਲੀ ਵਾਰ ਮਨਾਏ ਗਏ ਰਾਜ ਪੱਧਰੀ ਆਜ਼ਾਦੀ ਦਿਵਸ ਮੌਕੇ ਗੁਰਦਾਸਪੁਰ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸੁਪਰ ਤੇ ਪਠਾਨਕੋਟ ਜ਼ਿਲਿਆਂ ਲਈ ਅਨੇਕਾਂ ਐਲਾਨਾਂ ਦੀ ਝੜੀ ਲਾ ਕੇ ਇਥੇ ਜ਼ਿਮਨੀ ਚੋਣਾਂ ਦਾ ਬਿਗੁਲ ਵਜਾ ਦਿੱਤਾ ਹੈ।  ਜ਼ਿਕਰਯੋਗ ਹੈ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਵਿਨੋਦ ਖੰਨਾ ਦੀ ਮੌਤ ਉਪਰੰਤ ਹੁਣ ਜਲਦੀ ਹੀ ਇਸ ਹਲਕੇ ਅੰਦਰ ਜ਼ਿਮਨੀ ਚੋਣ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿਮਨੀ ਚੋਣ ਕਾਰਨ ਹੀ ਇਸ ਵਾਰ ਗੁਰਦਾਸਪੁਰ ਨੂੰ ਰਾਜ ਪੱਧਰੀ ਸਮਾਗਮ ਲਈ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਸਿਰਫ ਇਕ ਵਾਰ 1997 ਤੋਂ 2002 ਤੱਕ ਰਹੀ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਸਮੇਂ ਗੁਰਦਾਸਪੁਰ ਅੰਦਰ ਰਾਜ ਪੱਧਰੀ ਗਣਤੰਤਰਤਾ ਦਿਵਸ ਮਨਾਇਆ ਗਿਆ ਸੀ। ਹੁਣ ਪਹਿਲੀ ਵਾਰ ਰਾਜ ਪੱਧਰੀ ਆਜ਼ਾਦੀ ਦਿਵਸ ਲਈ ਗੁਰਦਾਸਪੁਰ ਪਹੁੰਚੇ ਕੈਪਟਨ ਨੇ ਜਿਸ ਢੰਗ ਨਾਲ ਸਮੁੱਚੇ ਪੰਜਾਬ ਲਈ ਕਈ ਐਲਾਨ ਕਰਨ ਤੋਂ ਇਲਾਵਾ ਖਾਸ ਤੌਰ 'ਤੇ ਗੁਰਦਾਸਪੁਰ ਤੇ ਪਠਾਨਕੋਟ ਜ਼ਿਲਿਆਂ ਦੇ ਵਿਕਾਸ ਲਈ ਵੱਡੇ ਐਲਾਨ ਕੀਤੇ ਹਨ, ਉਨ੍ਹਾਂ ਨੂੰ ਜ਼ਿਆਦਾਤਰ ਜ਼ਿਲਾ ਵਾਸੀਆਂ ਵੱਲੋਂ ਸਿੱਧੇ ਤੌਰ 'ਤੇ ਜ਼ਿਮਨੀ ਚੋਣ ਨਾਲ ਜੋੜਿਆ ਜਾ ਰਿਹਾ ਹੈ।
ਗੁਰਦਾਸਪੁਰ ਜ਼ਿਲੇ ਲਈ ਐਲਾਨਾਂ ਦੀ ਝੜੀ
ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਜ਼ਿਲੇ 'ਚ 67 ਹਜ਼ਾਰ ਨਵੇਂ ਲਾਭਪਾਤਰੀਆਂ ਨੂੰ ਮਗਨਰੇਗਾ ਕਾਰਡ ਜਾਰੀ, ਪਠਾਨਕੋਟ/ ਗੁਰਦਾਸਪੁਰ/ ਬਟਾਲਾ ਪੁਲਸ ਜ਼ਿਲਿਆਂ ਦੀ ਪੁਲਸ ਦੇ ਬੁਨਿਆਦੀ ਢਾਂਚੇ ਲਈ 2.5 ਕਰੋੜ ਰੁਪਏ ਦੀ ਗ੍ਰਾਂਟ, ਸਕੂਲਾਂ ਦੇ ਵਿਕਾਸ ਲਈ 118 ਕਰੋੜ, ਸਿਹਤ ਸਹੂਲਤਾਂ ਲਈ 44 ਕਰੋੜ, ਬੁਢਾਪਾ ਪੈਨਸ਼ਨ ਸਕੀਮ ਤਹਿਤ 45 ਕਰੋੜ ਰੁਪਏ ਤੇ ਆਸ਼ੀਰਵਾਦ ਸਕੀਮ ਲਈ 7 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ। ਪਤਾ ਲੱਗਾ ਹੈ ਕਿ ਕੈਪਟਨ ਨੇ ਇਨ੍ਹਾਂ ਜ਼ਿਲਿਆਂ ਦੇ ਵਿਧਾਇਕਾਂ ਨਾਲ ਪਹਿਲਾਂ ਹੀ ਮੀਟਿੰਗਾਂ ਕਰ ਕੇ ਜ਼ਿਆਦਾ ਗੰਭੀਰ ਸਮੱਸਿਆਵਾਂ ਤੇ ਮੁਸ਼ਕਲਾਂ ਸਬੰਧੀ ਜਾਣਕਾਰੀ ਲਈ ਸੀ, ਜਿਸ ਤਹਿਤ ਗੁਰਦਾਸਪੁਰ ਹਲਕੇ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਮੰਗ 'ਤੇ ਉਨ੍ਹਾਂ ਨੇ ਸ਼ਹਿਰ ਦੇ ਬਾਹਰਵਾਰ ਬੱਸ ਅੱਡੇ ਦੀ ਉਸਾਰੀ ਸ਼ੁਰੂ ਕਰਵਾਉਣ, ਸ਼ਹਿਰ ਅੰਦਰ ਪੁਰਾਣੇ ਹਸਪਤਾਲ ਦੀ ਇਮਾਰਤ 'ਚ ਐਮਰਜੈਂਸੀ ਮੁੱਢਲੀਆਂ ਸਿਹਤ ਸੇਵਾਵਾਂ ਤੇ ਜੱਚਾ-ਬੱਚਾ ਵਾਰਡ ਮੁੜ ਸ਼ੁਰੂ ਕਰਵਾਉਣ ਦਾ ਐਲਾਨ ਕੀਤਾ ਹੈ।
ਇਸੇ ਤਰ੍ਹਾਂ ਇਸ ਹਲਕੇ ਦੇ ਪਿੰਡ ਡੱਲਾ ਗੋਰੀਆ 'ਚ ਸੈਨਿਕ ਸਕੂਲ ਬਣਾਉਣ ਦੇ ਐਲਾਨ, ਸਟਰੀਟ ਲਾਈਟਾਂ ਤੇ ਪਾਣੀ ਦੇ ਬਿੱਲਾਂ ਦੇ ਬਕਾਇਆ 13 ਕਰੋੜ ਰੁਪਏ ਦੇ ਬਿੱਲਾਂ 'ਚੋਂ 2.5 ਕਰੋੜ ਰੁਪਏ ਮੁਆਫ ਕਰਨ, ਸੀਵਰੇਜ/ਜਲ-ਸਪਲਾਈ ਲਈ 7.5 ਕਰੋੜ ਰੁਪਏ ਦੇਣ ਦਾ ਫੈਸਲਾ ਵੀ ਕੀਤਾ ਗਿਆ। ਡੇਰਾ ਬਾਬਾ ਨਾਨਕ ਸਮੇਤ ਹੋਰਨਾਂ ਇਲਾਕਿਆਂ ਲਈ 18 ਕਰੋੜ, ਕਲਾਨੌਰ 'ਚ ਡਿਗਰੀ ਕਾਲਜ, ਬਟਾਲਾ ਸ਼ਹਿਰ ਦੇ ਵਿਕਾਸ ਲਈ 42 ਕਰੋੜ ਖਰਚਣ, ਫਤਿਹਗੜ੍ਹ ਚੂੜੀਆਂ ਵਿਖੇ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ, ਜਲ ਸਪਲਾਈ ਤੇ ਸੀਵਰੇਜ ਦੇ ਕੰਮਾਂ ਲਈ 7.5 ਕਰੋੜ ਰੁਪਏ ਖਰਚਣ, ਫਤਿਹਗੜ੍ਹ ਚੂੜੀਆਂ 'ਚ ਨਵਾਂ ਨਵੋਦਿਆ ਵਿਦਿਆਲਿਆ ਸਥਾਪਤ ਕਰਨ ਦਾ ਐਲਾਨ ਵੀ ਕੀਤਾ। ਦੀਨਾਨਗਰ ਨੂੰ ਨਵੀਂ ਮਾਲ ਸਬ-ਡਵੀਜ਼ਨ ਬਣਾਉਣ ਤੇ ਨਵਾਂ ਰੇਲਵੇ ਓਵਰਬ੍ਰਿਜ ਬਣਾਉਣ ਦੀ ਮੰਗ ਪੂਰੀ ਕਰਨ ਦਾ ਐਲਾਨ ਵੀ ਕੀਤਾ। ਕਾਦੀਆਂ ਸ਼ਹਿਰ 'ਚ ਵੀ ਨਵਾਂ ਬੱਸ ਅੱਡਾ ਬਣਾਉਣ ਤੇ 32 ਕਰੋੜ ਨਾਲ ਸ਼ਹਿਰ ਦੀ ਸਾਰੀ 100 ਫੀਸਦੀ ਆਬਾਦੀ ਨੂੰ ਸਾਫ ਪਾਣੀ ਤੇ ਸੀਵਰੇਜ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਜਦੋਂਕਿ ਸ੍ਰੀ ਹਰਗੋਬਿੰਦਪੁਰ 'ਚ ਨਾਮਦੇਵ ਨਗਰ ਘੁਮਾਣ ਵਿਖੇ ਨਵਾਂ ਹਸਪਤਾਲ ਬਣਾਇਆ ਜਾਵੇਗਾ ਅਤੇ ਨਗਰ ਦੀ 100 ਫੀਸਦੀ ਵੱਸੋਂ ਨੂੰ ਜਲ ਸਪਲਾਈ ਤੇ ਸੀਵਰੇਜ ਨਾਲ ਜੋੜਨ ਦੀ ਮੰਗ ਵੀ ਮੰਨ ਲਈ। ਬਟਾਲਾ ਸ਼ਹਿਰ ਦੇ ਵਿਕਾਸ ਲਈ 42 ਕਰੋੜ ਖਰਚਣ ਦਾ ਐਲਾਨ ਕੀਤਾ।
ਪਠਾਨਕੋਟ ਲਈ ਨਵੇਂ ਐਲਾਨਾਂ ਦੀ ਝੜੀ
ਪਠਾਨਕੋਟ ਦੇ ਤਿੰਨਾਂ ਹਲਕਿਆਂ ਲਈ ਮੁੱਖ ਮੰਤਰੀ ਵੱਲੋਂ ਕੀਤੇ ਐਲਾਨਾਂ ਤਹਿਤ 30 ਹਜ਼ਾਰ ਨਵੇਂ ਮਗਨਰੇਗਾ ਕਾਰਡ, ਪਠਾਨਕੋਟ ਦੇ ਸ਼ਹਿਰੀ ਵਿਕਾਸ ਲਈ 67 ਕਰੋੜ ਰੁਪਏ, ਪਠਾਨਕੋਟ ਵਿਖੇ ਪੈਪਸੀਕੋ ਕੰਪਨੀ ਦਾ ਬਾਟਲਿੰਗ ਪਲਾਂਟ ਸਥਾਪਤ ਕਰਨ, ਲਿੰਕ ਸੜਕਾਂ ਦੀ ਮੁਰੰਮਤ ਲਈ 55 ਕਰੋੜ ਰੁਪਏ ਦੇਣ ਅਤੇ 30 ਸਤੰਬਰ 2017 ਤੋਂ ਪਠਾਨਕੋਟ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਵਾਉਣ ਦਾ ਐਲਾਨ ਕੀਤਾ ਗਿਆ।


Related News