ਪੰਜਾਬ ਜਦੋਂ ਬੁਰੇ ਦੌਰ ''ਚ ਸੀ ਉਦੋਂ ਅਕਾਲੀਆਂ ਨੇ ਵਾਲੰਟੀਅਰ ਫੋਰਸ ਕਿਉਂ ਨਹੀਂ ਬਣਾਈ : ਅਮਰਿੰਦਰ

12/13/2017 6:42:17 AM

ਜਲੰਧਰ(ਧਵਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਲੋਂ ਸੂਬੇ 'ਚ ਸਵਾ ਲੱਖ ਵਾਲੰਟੀਅਰਸ ਦੀ ਫੋਰਸ ਖੜ੍ਹੀ ਕਰਨ ਦੇ ਦਿੱਤੇ ਗਏ ਬਿਆਨ 'ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਉਹ ਅਕਾਲੀਆਂ ਨੂੰ 50 ਸਾਲਾਂ ਤੋਂ ਜਾਣਦੇ ਹਨ। ਉਹ ਸਿਰਫ ਡਰਾਮਾ ਕਰਨ ਲਈ ਅਜਿਹੇ ਗਰਮ ਬਿਆਨ ਦਿੰਦੇ ਹਨ। ਉਹ ਖੁਦ ਅਕਾਲੀ ਦਲ 'ਚ ਰਹੇ ਹਨ, ਇਸ ਲਈ ਹਰੇਕ ਅਕਾਲੀ ਨੇਤਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਇਕ ਸਮਾਂ ਅਜਿਹਾ ਵੀ ਸੀ, ਜਦੋਂ ਅਕਾਲੀ ਜਥੇਦਾਰਾਂ ਨੇ ਘੱਗਰ ਦਰਿਆ ਵੀ ਪਾਰ ਨਹੀਂ ਕੀਤਾ ਸੀ। ਮੀਡੀਆ ਦੇ ਸਾਹਮਣੇ ਸਸਤੀ ਸ਼ੌਹਰਤ ਲਈ ਅਕਾਲੀ ਲੀਡਰਸ਼ਿਪ ਅਜਿਹੇ ਬਿਆਨ ਦੇ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਅਕਾਲੀ ਲੀਡਰਸ਼ਿਪ ਨੇ ਉਸ ਸਮੇਂ ਵਾਲੰਟੀਅਰ ਫੋਰਸ ਕਿਉਂ ਨਹੀਂ ਖੜ੍ਹੀ ਕੀਤੀ, ਜਦੋਂ ਪੰਜਾਬ ਅੱਤਵਾਦ ਦੇ ਬੁਰੇ ਦੌਰ 'ਚੋਂ ਲੰਘ ਰਿਹਾ ਸੀ। ਉਸ ਸਮੇਂ ਅਜਿਹੀ ਵਾਲੰਟੀਅਰ ਫੋਰਸ ਦੀ ਲੋੜ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਵਲੋਂ ਕਾਰਪੋਰੇਸ਼ਨ ਚੋਣਾਂ ਨੂੰ ਦੇਖਦੇ ਹੋਏ ਹੀ ਲੋਕਤੰਤਰ ਨੂੰ ਬਚਾਉਣ ਦਾ ਮੁੱਦਾ ਉਠਾ ਕੇ ਧਰਨੇ ਦਿੱਤੇ ਗਏ। ਧਰਨੇ ਦੇਣ ਤੋਂ ਅਕਾਲੀ ਦਲ ਨੂੰ ਕੋਈ ਨਹੀਂ ਰੋਕ ਰਿਹਾ ਪਰ ਨੈਸ਼ਨਲ ਹਾਈਵੇ 'ਤੇ ਧਰਨੇ ਦੇਣ ਦੀ ਉਨ੍ਹਾਂ ਦੀ ਸਰਕਾਰ ਇਜਾਜ਼ਤ ਨਹੀਂ ਦੇਵੇਗੀ। ਸੁਖਬੀਰ ਬਾਦਲ ਹੁਣ ਇਹ ਕਹਿ ਰਹੇ ਹਨ ਕਿ ਸਰਕਾਰ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਦਿਖਾਏ। ਉਨ੍ਹਾਂ ਸੁਖਬੀਰ ਨੂੰ ਕਿਹਾ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਹੀ ਕੌਣ ਜਾ ਰਿਹਾ ਹੈ ਪਰ ਜੇਕਰ ਅਕਾਲੀ ਨੇਤਾਵਾਂ ਨੇ ਕਾਨੂੰਨ ਨੂੰ ਆਪਣੇ ਹੱਥ 'ਚ ਲਿਆ ਅਤੇ ਕਾਨੂੰਨ ਦੀ ਪਾਲਣਾ ਨਾ ਕੀਤੀ ਤਾਂ ਉਹ ਅਕਾਲੀਆਂ ਨੂੰ ਛੱਡਣਗੇ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਨੂੰ ਚੋਣਾਂ 'ਚ ਆਪਣੀ ਹਾਰ ਸਾਹਮਣੇ ਦਿਖਾਈ ਦੇ ਰਹੀ ਹੈ। ਇਸ ਲਈ ਹਾਰਨ ਤੋਂ ਬਾਅਦ ਉਹ ਜਨਤਾ ਨੂੰ ਕਹਿਣਗੇ ਕਿ ਉਨ੍ਹਾਂ ਨਾਲ ਧੱਕਾ ਹੋਇਆ ਹੈ, ਜਿਸ ਕਾਰਨ ਉਹ ਚੋਣ ਹਾਰ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਗਵਰਨਰ ਨੂੰ ਮੰਗ ਪੱਤਰ ਦੇ ਕੇ ਆਏ ਹਨ ਪਰ ਅਜਿਹੇ ਮੰਗ ਪੱਤਰ ਨਾਲ ਉਨ੍ਹਾਂ ਦੀ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਅਕਾਲੀਆਂ ਨੇ ਨੈਸ਼ਨਲ ਹਾਈਵੇ ਜਾਮ ਕਰਕੇ ਪੰਜਾਬ ਦਾ ਨੁਕਸਾਨ ਤਾਂ ਕਰ ਹੀ ਦਿੱਤਾ ਹੈ।
ਅਕਾਲੀ ਕੀ ਪਟਿਆਲਾ 'ਚ ਆਪਣੀ ਸਰਕਾਰ ਦੇ ਸਮੇਂ ਦੀ ਬੂਥ ਕੈਪਚਰਿੰਗ ਨੂੰ ਭੁੱਲ ਗਏ ਹਨ?
ਕੈਪਟਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਤਾਂ ਕੁਝ ਕੀਤਾ ਹੀ ਨਹੀਂ ਹੈ। ਅਕਾਲੀ ਐਵੇਂ ਹੀ ਰੌਲਾ ਪਾ ਰਹੇ ਹਨ। ਅਸਲ 'ਚ ਅਕਾਲੀਆਂ ਨੂੰ ਉਹ ਦਿਨ ਯਾਦ ਨਹੀਂ ਜਦੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਪਟਿਆਲਾ 'ਚ ਸਾਰੇ ਪੋਲਿੰਗ ਬੂਥਾਂ 'ਤੇ ਅਕਾਲੀ ਜਥੇਦਾਰਾਂ ਨੇ ਕਬਜ਼ੇ ਕਰ ਲਏ ਸਨ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੇ ਸਾਹਮਣੇ ਇਕ ਜਥੇਦਾਰ ਨੇ ਇਕ ਕੁੜੀ ਕੋਲੋਂ ਪੁੱਛਿਆ ਸੀ ਕਿ ਉਹ ਕਿਸ ਨੂੰ ਵੋਟ ਪਾਉਣ ਜਾ ਰਹੀ ਹੈ? ਜਦੋਂ ਕੁੜੀ ਨੇ ਕਿਹਾ ਕਿ ਉਹ ਕਾਂਗਰਸ ਨੂੰ ਵੋਟ ਪਾਏਗੀ ਤਾਂ ਅਕਾਲੀ ਵਰਕਰਾਂ ਨੇ ਉਸ ਕੁੜੀ ਨੂੰ ਵਾਲਾਂ ਤੋਂ ਘੜੀਸ ਕੇ ਪੋਲਿੰਗ ਸਟੇਸ਼ਨ ਤੋਂ ਬਾਹਰ ਕੱਢ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਸ ਸਮੇਂ ਅਕਾਲੀਆਂ ਨੂੰ ਲੋਕ ਰਾਜ ਦੀ ਹੱਤਿਆ ਯਾਦ ਨਹੀਂ ਆਈ ਸੀ। ਪਟਿਆਲਾ ਹੀ ਨਹੀਂ ਉਸ ਸਮੇਂ ਸਾਰੇ ਨਗਰ ਨਿਗਮਾਂ 'ਚ ਇੰਝ ਹੀ ਹੋਇਆ ਸੀ। ਕਾਂਗਰਸੀਆਂ ਨੂੰ ਤਾਂ ਨਾਮਜ਼ਦਗੀ ਕਾਗਜ਼ ਦਾਖਲ ਕਰਨ ਤਕ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਤਿੰਨਾਂ ਸ਼ਹਿਰਾਂ 'ਚ ਭਾਰੀ ਬਹੁਮਤ ਨਾਲ ਚੋਣਾਂ ਜਿੱਤੇਗੀ। 


Related News