ਅਕੁਲ ਖੱਤਰੀ ਅਦਾਲਤ ''ਚ ਪੇਸ਼

12/13/2017 7:01:56 AM

ਨਵਾਂਸ਼ਹਿਰ, (ਤ੍ਰਿਪਾਠੀ)- ਫਰੀਦਕੋਟ ਦੇ ਜੱਗੂ ਗੈਂਗ ਨਾਲ ਸਬੰਧਤ ਤੇ ਨਵਾਂਸ਼ਹਿਰ ਪੇਸ਼ੀ ਭੁਗਤਣ ਉਪਰੰਤ ਵਾਪਸੀ 'ਤੇ ਗਿਰੋਹ ਦੇ ਸਾਥੀਆਂ ਵੱਲੋਂ ਪੁਲਸ ਕਰਮਚਾਰੀਆਂ ਨੂੰ ਫੱਟੜ ਕਰ ਕੇ ਭੱਜਣ ਵਾਲੇ ਗੈਂਗਸਟਰ ਅਕੁਲ ਖੱਤਰੀ ਨੂੰ ਸੋਮਵਾਰ ਨੂੰ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ। ਥਾਣਾ ਸਦਰ ਪੁਲਸ ਨਵਾਂਸ਼ਹਿਰ ਦੁਆਰਾ ਕੇਂਦਰੀ ਜੇਲ ਅੰਮ੍ਰਿਤਸਰ ਤੋਂ ਪੇਸ਼ੀ ਵਾਰੰਟ 'ਤੇ ਲਿਆਂਦੇ ਅਕੁਲ ਖੱਤਰੀ ਨੂੰ ਪੇਸ਼ੀ ਉਪਰੰਤ ਵਾਪਸ ਅੰਮ੍ਰਿਤਸਰ ਜੇਲ ਭੇਜ ਦਿੱਤਾ ਗਿਆ। ਵਰਣਨਯੋਗ ਹੈ ਕਿ ਉਕਤ ਗੈਂਗਸਟਰ 'ਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਕਈ ਅਪਰਾਧਿਕ ਮਾਮਲੇ ਦਰਜ ਹਨ। ਅਕੁਲ ਖੱਤਰੀ ਨੂੰ ਫਰਵਰੀ, 2016 ਨੂੰ ਨਵਾਂਸ਼ਹਿਰ ਦੀ ਅਦਾਲਤ 'ਚ ਪੇਸ਼ੀ ਲਈ ਲਿਆਂਦਾ ਗਿਆ ਸੀ। ਪੇਸ਼ੀ ਉਪਰੰਤ ਵਾਪਸ ਫਰੀਦਕੋਟ ਭੇਜੇ ਜਾਣ ਦੇ ਸਮੇਂ ਨਵਾਂਸ਼ਹਿਰ ਦੇ ਪਿੰਡ ਉੜਾਪੜ ਨਜ਼ਦੀਕ 4 ਵਿਅਕਤੀਆਂ ਦੁਆਰਾ ਅਕੁਲ ਦੀ ਗੱਡੀ 'ਤੇ ਹਮਲਾ ਕੀਤਾ ਗਿਆ ਤੇ ਪੁਲਸ ਕਰਮਚਾਰੀਆਂ ਨੂੰ ਫੱਟੜ ਕਰ ਕੇ ਉਸ ਨੂੰ ਛੁਡਵਾ ਕੇ ਫਰਾਰ ਹੋ ਗਏ। ਪੁਲਸ ਨੇ ਉਕਤ ਮਾਮਲੇ ਸਬੰਧੀ ਥਾਣਾ ਸਦਰ ਨਵਾਂਸ਼ਹਿਰ 'ਚ ਮਾਮਲਾ ਦਰਜ ਕੀਤਾ ਸੀ। ਥਾਣਾ ਸਦਰ ਦੇ ਐੱਸ.ਐੱਚ.ਓ. ਗੁਰਮੁੱਖ ਸਿੰਘ ਨੇ ਦੱਸਿਆ ਕਿ ਪੇਸ਼ੀ ਉਪਰੰਤ ਮਾਣਯੋਗ ਅਦਾਲਤ ਦੇ ਹੁਕਮਾਂ 'ਤੇ ਉਕਤ ਦੋਸ਼ੀ ਨੂੰ ਅੰਮ੍ਰਿਤਸਰ ਦੀ ਜੇਲ 'ਚ ਭੇਜ ਦਿੱਤਾ ਗਿਆ ਹੈ।  


Related News