ਲੋਕਤੰਤਰ ਦਾ ਗਲਾ ਘੁੱਟਣ ਵਾਲਿਆਂ ਦੀ ਹੋਵੇ ਨਿਆਇਕ ਜਾਂਚ : ਅਕਾਲੀ-ਭਾਜਪਾ

12/12/2017 6:20:38 AM

ਚੰਡੀਗੜ੍ਹ(ਭੁੱਲਰ)-ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਇਕ ਸਾਂਝੇ ਵਫ਼ਦ ਨੇ ਅੱਜ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਬੇਨਤੀ ਕੀਤੀ ਕਿ ਉਹ ਪੰਜਾਬ ਵਿਚ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਕਾਂਗਰਸ ਦੇ ਹਿੱਤਾਂ ਨੂੰ ਪੂਰਨ ਲਈ ਲੋਕਤੰਤਰ ਦਾ ਗਲਾ ਘੁੱਟਣ ਵਾਲੇ ਸਿਆਸਤਦਾਨਾਂ-ਅਫਸਰਸ਼ਾਹੀ-ਚੋਣ ਨਿਗਰਾਨਾਂ ਦੇ ਗਠਜੋੜ ਦੀ ਨਿਆਇਕ ਜਾਂਚ ਦਾ ਹੁਕਮ ਦੇਣ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਦੀ ਅਗਵਾਈ ਵਿਚ ਗਏ ਇਸ ਵਫਦ ਨੇ ਕਿਹਾ ਕਿ ਇਸ ਨਾਪਾਕ ਗਠਜੋੜ ਨੇ ਚੋਣ ਪ੍ਰਕਿਰਿਆ ਦੇ ਹਰ ਪੜਾਅ ਉੱਤੇ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਖੱਜਲ-ਖੁਆਰ ਕਰਨ ਦੀ ਸਾਜ਼ਿਸ਼ ਰਚੀ ਹੈ, ਜਿਸ ਵਿਚ ਉਨ੍ਹਾਂ ਨੂੰ ਇਤਰਾਜ਼ਹੀਣਤਾ ਦੇ ਸਰਟੀਫਿਕੇਟ ਨਾ ਦੇਣਾ ਅਤੇ ਉਨ੍ਹਾਂ ਦੇ ਨਾਮਜ਼ਦਗੀ ਕਾਗਜ਼ ਸਵੀਕਾਰ ਨਾ ਕਰਨਾ ਸ਼ਾਮਲ ਸੀ। ਵਫਦ ਦੇ ਮੈਂਬਰਾਂ ਨੇ ਰਾਜਪਾਲ ਨੂੰ ਦੱਸਿਆ ਕਿ ਉਹ ਉਨ੍ਹਾਂ ਤਕ ਇਸ ਲਈ ਪਹੁੰਚ ਕਰ ਰਹੇ ਹਨ ਕਿਉਂਕਿ ਇਸ ਸਬੰਧੀ ਸੂਬਾਈ ਚੋਣ ਕਮਿਸ਼ਨ ਨੂੰ ਕੀਤੀਆਂ ਸ਼ਿਕਾਇਤਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਜਿਨ੍ਹਾਂ ਥਾਵਾਂ 'ਤੇ ਅਕਾਲੀ ਵਰਕਰਾਂ ਉੱਤੇ ਹਮਲੇ ਕੀਤੇ ਗਏ ਤੇ ਉਨ੍ਹਾਂ ਦੇ ਨਾਮਜ਼ਦਗੀ ਕਾਗਜ਼ ਵੀ ਪਾੜ ਦਿੱਤੇ ਗਏ ਸਨ, ਉੱਥੇ ਚੋਣਾਂ ਰੱਦ ਨਹੀਂ ਕੀਤੀਆਂ ਗਈਆਂ। ਸਾਬਕਾ ਉਪ ਮੁੱਖ ਮੰਤਰੀ ਬਾਦਲ ਨੇ ਰਾਜਪਾਲ ਨੂੰ ਇਹ ਵੀ ਕਿਹਾ ਕਿ ਉਹ ਕਾਂਗਰਸ ਸਰਕਾਰ ਨੂੰ ਆ ਰਹੀਆਂ ਨਗਰ ਨਿਗਮਾਂ ਚੋਣਾਂ ਵਾਸਤੇ ਨੀਮ-ਫੌਜੀ ਦਸਤਿਆਂ ਦੀ ਤਾਇਨਾਤੀ ਕਰਨ ਦਾ ਨਿਰਦੇਸ਼ ਦੇਣ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਵਿਚ ਇਥੇ ਨਿਰਪੱਖ ਅਤੇ ਆਜ਼ਾਦ ਚੋਣਾਂ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ, ਕਿਉਂਕਿ ਚੋਣਾਂ ਦੌਰਾਨ ਅਕਾਲੀ-ਭਾਜਪਾ ਵਰਕਰਾਂ ਖਿਲਾਫ ਹਿੰਸਾ ਤੇ ਵੱਡੇ ਪੱਧਰ 'ਤੇ ਹੇਰਾ ਫੇਰੀ ਦੀ ਸੰਭਾਵਨਾ ਹੈ। ਅਜਿਹੇ ਹਾਲਾਤ ਵਿਚ ਸਿਰਫ ਨੀਮ ਫੌਜੀ ਦਸਤੇ ਹੀ ਆਜ਼ਾਦ ਅਤੇ ਨਿਰਪੱਖ ਚੋਣਾਂ ਦਾ ਹੋਣਾ ਯਕੀਨੀ ਬਣਾ ਸਕਦੇ ਹਨ।
ਵਫ਼ਦ ਦੇ ਮੈਂਬਰਾਂ ਵਿਚ ਸ਼ਾਮਲ ਸੰਸਦ ਮੈਂਬਰਾਂ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਰਾਜਪਾਲ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਮੁੱਖ ਸਕੱਤਰ ਨੂੰ ਸਖਤ ਨਿਰਦੇਸ਼ ਜਾਰੀ ਕਰਨ ਕਿ ਜੇਕਰ ਨਗਰ ਨਿਗਮ ਚੋਣਾਂ ਦੌਰਾਨ ਸਰਕਾਰੀ ਅਧਿਕਾਰੀਆਂ ਨੇ ਪੱਖਪਾਤੀ ਭੂਮਿਕਾ ਨਿਭਾਈ ਤਾਂ ਇਸ ਵਾਸਤੇ ਮੁੱਖ ਸਕੱਤਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। 
ਇਸੇ ਦੌਰਾਨ ਵਫਦ ਨੇ ਰਾਜਪਾਲ 'ਤੇ ਸੂਬਾ ਸਰਕਾਰ ਤੋਂ ਇਹ ਸਪੱਸ਼ਟੀਕਰਨ ਲੈਣ ਲਈ ਵੀ ਜ਼ੋਰ ਪਾਇਆ ਕਿ ਪ੍ਰਦੇਸ਼ ਕਾਂਗਰਸ ਮੁਖੀ ਪੁਲਸ ਫੋਰਸ ਦਾ ਨੁਮਾਇਦਾ ਬਣ ਕੇ ਬਿਆਨ ਕਿਉਂ ਜਾਰੀ ਕਰ ਰਿਹਾ ਹੈ? ਵਫ਼ਦ ਨੇ ਕਿਹਾ ਕਿ ਜਿਸ ਢੰਗ ਨਾਲ ਸੁਨੀਲ ਜਾਖੜ ਨੇ ਪੁਲਸ ਦੇ ਕੰਮ ਕਾਜ ਬਾਰੇ ਬਿਆਨ ਦਿੱਤੇ ਹਨ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੁਲਸ ਆਜ਼ਾਦਾਨਾ ਢੰਗ ਨਾਲ ਕੰਮ ਨਹੀਂ ਕਰ ਰਹੀ ਹੈ। ਵਫਦ ਦੇ ਮੈਂਬਰਾਂ ਵਿਚ ਸੇਵਾ ਸਿੰਘ ਸੇਖਵਾਂ, ਮਹੇਸ਼ਇੰਦਰ ਸਿੰਘ ਗਰੇਵਾਲ, ਸਿਕੰਦਰ ਸਿੰਘ ਮਲੂਕਾ, ਸ਼ਰਨਜੀਤ ਢਿੱਲੋਂ, ਡਾ. ਦਲਜੀਤ ਚੀਮਾ, ਮਦਨ ਮੋਹਨ ਮਿੱਤਲ ਅਤੇ ਹਰਜੀਤ ਗਰੇਵਾਲ ਸ਼ਾਮਲ ਸਨ।


Related News