ਬਿਜ਼ਨੈੱਸਮੈਨ ਦੀ ਕਾਰ ''ਚ ਲੱਗੀ ਅੱਗ

12/13/2017 4:05:24 AM

ਜਲੰਧਰ, (ਪ੍ਰੀਤ, ਸੇਠੀ)- ਅਰਬਨ ਅਸਟੇਟ ਫੇਜ਼-2 'ਚ ਟਰੈਫਿਕ ਲਾਈਟਾਂ ਦੇ ਨੇੜੇ ਬੀਤੀ ਦੇਰ ਰਾਤ ਇਕ ਬਿਜ਼ਨੈੱਸਮੈਨ ਦੀ ਕਾਰ ਵਿਚ ਅੱਗ ਲੱਗ ਗਈ। ਕਾਰ ਵਿਚੋਂ ਅੱਗ ਲੱਗਣ ਤੋਂ ਕਰੀਬ ਡੇਢ ਮਿੰਟ ਪਹਿਲਾਂ ਹੀ ਸਵਾਰ ਜੋੜੇ ਸਮੇਤ ਤਿੰਨ ਲੋਕ ਇੰਜਣ 'ਚੋਂ ਆ ਰਹੀ ਸਮੈੱਲ ਦੀ ਸਫੋਕੇਸ਼ਨ ਕਾਰਨ ਉਤਰੇ ਸਨ। ਉਨ੍ਹਾਂ ਦੇ ਉਤਰਦੇ ਹੀ ਕਾਰ ਅੱਗ ਦੀਆਂ ਲਪਟਾਂ ਵਿਚ ਘਿਰ ਗਈ। ਪਰਿਵਾਰ ਦੇ ਕਾਰ ਤੋਂ ਉਤਰ ਜਾਣ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਜਾਣਕਾਰੀ ਮੁਤਾਬਿਕ 66 ਫੁੱਟੀ ਰੋਡ ਵਾਸੀ ਗਿਰੀਸ਼ ਸੋਨੀ ਆਪਣੀ ਪਤਨੀ ਤੇ ਪਰਿਵਾਰਕ ਮੈਂਬਰਾਂ ਨਾਲ ਇਕ ਕਾਰ ਰਾਹੀਂ ਬੀਤੀ ਰਾਤ ਕਰੀਬ ਸਵਾ ਇਕ ਵਜੇ ਹਵੇਲੀ ਰੈਸਟੋਰੈਂਟ ਤੋਂ ਆਪਣੇ ਘਰ ਵੱਲ ਜਾ ਰਹੇ ਸਨ। ਅਰਬਨ ਅਸਟੇਟ ਫੇਜ਼-2 ਦੀਆਂ ਟਰੈਫਿਕ ਲਾਈਟਾਂ ਨੇੜੇ ਕਾਰ ਵਿਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
ਸੂਚਨਾ ਮਿਲਦੇ ਹੀ ਅੱਧੀ ਰਾਤ ਵੇਲੇ ਥਾਣਾ ਨੰਬਰ 7 ਦੇ ਐੱਸ. ਆਈ. ਭੁਪਿੰਦਰ ਸਿੰਘ ਮੌਕੇ 'ਤੇ ਪਹੁੰਚੇ। ਸ. ਭੁਪਿੰਦਰ ਸਿੰਘ ਨੇ ਦੱਸਿਆ ਕਿ ਬਿਜ਼ਨੈੱਸਮੈਨ ਗਿਰੀਸ਼ ਸੋਨੀ ਮੁਤਾਬਿਕ ਘਰ ਜਾਂਦੇ ਸਮੇਂ ਜਦੋਂ ਉਹ ਗੜ੍ਹਾ ਏਰੀਏ ਵਿਚ ਪਹੁੰਚੇ ਤਾਂ ਕਾਰ ਮਹਿੰਦਰਾ ਜਾਇਲੋ ਦੇ ਇੰਜਣ ਵਿਚੋਂ ਸਮੈੱਲ ਆਉਣ ਲੱਗੀ ਜੋ ਕਿ ਕਾਰ ਵਿਚ ਚਾਰੇ ਪਾਸੇ ਫੈਲ ਗਈ। ਗਿਰੀਸ਼ ਦੀ ਪਤਨੀ ਦੀ ਹਾਲਤ ਠੀਕ ਨਹੀਂ ਸੀ। ਉਨ੍ਹਾਂ ਨੇ ਸਫੋਕੇਸ਼ਨ ਨਾਲ ਤਬੀਅਤ ਖਰਾਬ ਹੋਣ ਕਾਰਨ ਕਾਰ ਰੁਕਵਾਈ। ਜਿਵੇਂ ਹੀ ਗਿਰੀਸ਼ ਤੇ ਹੋਰ ਮੈਂਬਰ ਕਾਰ ਵਿਚੋਂ ਉਤਰ ਕੇ ਥੋੜ੍ਹਾ ਸਾਈਡ 'ਤੇ ਹੋਏ ਤਾਂ ਇੰਜਣ ਵਿਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਕਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਐੱਸ. ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਸਮਾਂ ਰਹਿੰਦੇ ਕਾਰ ਤੋਂ ਪਰਿਵਾਰ ਦੇ ਉਤਰ ਜਾਣ ਕਾਰਨ ਇਕ ਹਾਦਸਾ ਹੋਣੋਂ ਟਲ ਗਿਆ। 


Related News