ਤਾਜ ਮਹੱਲ ਹੀ ਕਿਉਂ, ਰਾਸ਼ਟਰਪਤੀ ਭਵਨ ਨੂੰ ਵੀ ਢਾਹ ਦਿਓ

10/18/2017 9:00:24 AM

ਨਵੀਂ ਦਿੱਲੀ - ਸੰਗੀਤ ਸੋਮ ਦੇ ਤਾਜ ਮਹੱਲ ਬਾਰੇ ਦਿੱਤੇ ਗਏ ਵਾਦ-ਵਿਵਾਦ ਵਾਲੇ ਬਿਆਨ ਪਿੱਛੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮੰਗਲਵਾਰ ਕਿਹਾ ਕਿ ਇਹ ਗੱਲ ਕੋਈ ਅਰਥ ਨਹੀਂ ਰੱਖਦੀ ਕਿ ਤਾਜ ਮਹੱਲ ਨੂੰ ਕਿਸ ਨੇ ਅਤੇ ਕਿਉਂ ਬਣਵਾਇਆ? ਇਥੇ ਤਾਂ ਸਿਰਫ ਇਕ ਗੱਲ ਹੀ ਅਰਥ ਰੱਖਦੀ ਹੈ ਕਿ ਤਾਜ ਮਹੱਲ ਭਾਰਤ ਮਾਤਾ ਦੇ ਸਪੂਤਾਂ ਦੇ ਖੂਨ-ਪਸੀਨੇ ਦੀ ਕਮਾਈ ਨਾਲ ਬਣਿਆ ਹੈ। ਇਹ ਇਤਿਹਾਸਕ ਵਿਰਾਸਤ ਸਾਡੇ ਲਈ ਬੇਹੱਦ ਅਹਿਮ ਹੈ। ਖਾਸ ਤੌਰ 'ਤੇ ਸੈਰ-ਸਪਾਟੇ ਪੱਖੋਂ ਤਾਂ ਇਹ ਸਾਡੇ ਲਈ ਸਭ ਤੋਂ ਉੱਪਰ ਹੈ। ਮੈਂ ਖੁਦ 26 ਅਕਤੂਬਰ ਨੂੰ ਆਗਰਾ ਜਾਵਾਂਗਾ। ਮੇਰੀ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਆਗਰਾ ਵਿਖੇ ਆਉਣ ਵਾਲੇ ਸੈਲਾਨੀਆਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਅਤੇ ਉਨ੍ਹਾਂ ਦੀਆਂ ਸਭ ਸਹੂਲਤਾਂ ਦਾ ਧਿਆਨ ਰੱਖਿਆ ਜਾਵੇ। 


ਤਾਜ ਮਹੱਲ ਹੀ ਕਿਉਂ, ਰਾਸ਼ਟਰਪਤੀ ਭਵਨ ਨੂੰ ਵੀ ਢਾਹ ਦਿਓ
ਨਵੀਂ ਦਿੱਲੀ,  (ਇੰਟ.)-ਉੱਤਰ ਪ੍ਰਦੇਸ਼ ਦੇ ਇਕ ਭਾਜਪਾ ਵਿਧਾਇਕ ਸੰਗੀਤ ਸੋਮ ਵੱਲੋਂ ਤਾਜ ਮਹੱਲ ਨੂੰ ਗੱਦਾਰਾਂ ਦੁਆਰਾ ਬਣਵਾਈ ਯਾਦਗਾਰ ਦੱਸੇ ਜਾਣ ਪਿੱਛੋਂ ਹੁਣ ਸਮਾਜਵਾਦੀ ਪਾਰਟੀ ਦੇ ਇਕ ਹੋਰ ਨੇਤਾ ਆਜ਼ਮ ਖਾਨ ਨੇ ਵੀ ਵਾਦ-ਵਿਵਾਦ ਵਾਲਾ ਬਿਆਨ ਦਿੱਤਾ ਹੈ। 
ਆਜ਼ਮ ਨੇ ਕਿਹਾ ਹੈ ਕਿ ਅਜਿਹੀਆਂ ਸਭ ਇਮਾਰਤਾਂ ਢਾਹ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਜੋ ਗੁਲਾਮੀ ਦੀ ਨਿਸ਼ਾਨੀ ਹਨ ਭਾਵੇਂ ਉਹ ਰਾਸ਼ਟਰਪਤੀ ਭਵਨ ਹੋਵੇ ਜਾਂ ਤਾਜ ਮਹੱਲ। ਯੂ. ਪੀ. ਦੇ ਸਾਬਕਾ ਮੰਤਰੀ ਆਜ਼ਮ ਨੇ ਕਿਹਾ ਕਿ ਗੁਲਾਮੀ ਦੀਆਂ ਯਾਦਾਂ ਦਿਵਾਉਣ ਵਾਲੀਆਂ ਸਭ ਇਮਾਰਤਾਂ ਸੰਸਦ ਭਵਨ, ਕੁਤੁਬ ਮੀਨਾਰ, ਲਾਲ ਕਿਲਾ ਆਦਿ ਖਤਮ ਕਰ ਦੇਣੀਆਂ ਚਾਹੀਦੀਆਂ ਹਨ।
 ਆਜ਼ਮ ਖਾਨ ਨੇ ਯੋਗੀ ਸਰਕਾਰ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇ ਯੋਗੀ ਤਾਜ ਮਹੱਲ ਨੂੰ ਤੁੜਵਾਉਂਦੇ ਹਨ ਤਾਂ ਮੈਂ ਉਨ੍ਹਾਂ ਦਾ ਸਾਥ ਦਿਆਂਗਾ।


ਤਾਜ ਮਹੱਲ ਤੇ ਲਾਲ ਕਿਲਾ ਭਾਰਤੀ ਸੱਭਿਆਚਾਰ ਦੀ ਪਛਾਣ ਨਹੀਂ : ਵਿਜੇਵਰਗੀਯ
ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਯ ਦਾ ਕਹਿਣਾ ਹੈ ਕਿ ਤਾਜ ਮਹੱਲ ਅਤੇ ਲਾਲ ਕਿਲਾ ਭਾਰਤ ਦੀ ਇਤਿਹਾਸਕ ਵਿਰਾਸਤ ਹਨ ਪਰ ਮੁਗਲ ਬਾਦਸ਼ਾਹ ਸ਼ਾਹਜਹਾਂ ਵਲੋਂ ਬਣਾਈਆਂ ਇਨ੍ਹਾਂ ਦੋਵਾਂ ਇਮਾਰਤਾਂ ਨੂੰ ਦੇਸ਼ ਦੇ ਸੱਭਿਆਚਾਰ ਦੀ ਪਛਾਣ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਇੰਦੌਰ 'ਚ ਕਿਹਾ ਕਿ ਅਸੀਂ ਇਨ੍ਹਾਂ ਦੀ ਖੂਬਸੂਰਤੀ ਦੀ ਕਦਰ ਕਰਦੇ ਹਾਂ ਪਰ ਇਹ ਨਹੀਂ ਮੰਨਦੇ ਕਿ ਇਹ ਦੋਵੇਂ ਇਮਾਰਤਾਂ ਦੇਸ਼ ਦੇ ਸੰਸਕਾਰਾਂ ਨੂੰ ਦਰਸਾਉਂਦੀਆਂ ਹਨ।


Related News