ਕਿੱਧਰ ਨੂੰ ਤੁਰ ਪਈ, ਪੰਜਾਬ ਦੀ ਜਵਾਨੀਏ

06/01/2017 4:08:37 PM

ਅੱਜ ਦੇ ਮਾਹੌਲ ਦੇਖੋ, ਕੀਤੀ ਮਿਹਰਬਾਨੀ ਏ,
ਕਿੱਧਰ ਨੂੰ ਤੁਰ ਪਈ, ਪੰਜਾਬ ਦੀ ਜਵਾਨੀਏ।

ਹੂੜ-ਮੱਤ ਵਾਲਾ, ਹੈ ਰਿਵਾਜ ਏਥੇ ਪੈ ਗਿਆ,
ਮਨੁੱਖਤਾ ਦੇ ਤਾਈਂ, ਦੱਸੋ ਕਿਹੜਾ ਖੋਹ ਕੇ ਲੈ ਗਿਆ,
ਸੱਚ ਸੂਲੀ ਉੱਤੇ, ਝੂਠ ਚੜੇ ਅਸਮਾਨੀ ਏ।
ਕਿੱਧਰ ਨੂੰ ਤੁਰ ਪਈ, ਪੰਜਾਬ ਦੀ ਜਵਾਨੀਏ।

ਕੌਣ ਦਿਲਾਂ ਵਿੱਚ, ਯਾਰੋ ਜ਼ਹਿਰ ਪਿਆ ਘੋਲਦਾ,
ਮਾਇਆ ਤੱਕੜੀ ਵਿੱਚ, ਬੰਦਾ ਰਿਸ਼ਤਿਆਂ ਨੂੰ ਤੋਲਦਾ,
ਮੋਹ ਦੀਆਂ ਤੰਦਾ ਵਾਲੀ, ਹੁੰਦੀ ਪਈ ਹਾਨੀ ਏ।
ਕਿੱਧਰ ਨੂੰ ਤੁਰ ਪਈ, ਪੰਜਾਬ ਦੀ ਜਵਾਨੀਏ।

ਇੱਕ ਦੂਜੇ ਉੱਤੇ ਦੇਖੋ, ਤੋਹਮਤਾਂ ਹੀ ਲਾਉਂਦੇ ਨੇ,
ਫ਼ੋਕੀਆਂ ਜਾਇਦਾਦਾਂ ਉੱਤੇ, ਕਬਜ਼ਾ ਵੀ ਚਾਹੁੰਦੇ ਨੇ,
ਠੱਗਣ ਵਾਲੇ ਨੂੰ ਕਹਿੰਦੇ, ਬੜਾ ਵੱਡਾ ਦਾਨੀ ਏ।
ਕਿੱਧਰ ਨੂੰ ਤੁਰ ਪਈ, ਪੰਜਾਬ ਦੀ ਜਵਾਨੀਏ।

ਕਤਲਾਂ ਤੇ ਗਾਰਤਾਂ ਦਾ, ਰੌਲਾ ਜਿਹਾ ਪੈ ਗਿਆ,
ਬੰਦੇ ਕੋਲੋਂ ਬੰਦੇ ਦੀ, ਅਕਲ ਖੋਹ ਕੇ ਲੈ ਗਿਆ,
ਆਪਣੀ ਹੀ ਕਰਨ, ਲੱਗਾ ਇਹ ਮਨਮਾਨੀ ਏ।
ਕਿੱਧਰ ਨੂੰ ਤੁਰ ਪਈ ਪੰਜਾਬ ਦੀ ਜਵਾਨੀਏ।

ਅਕਲਾਂ ਦੇ ਨਾਲੋਂ ਏਥੇ, ਵੱਡੀ ਹੋਈ ਮੱਝ ਜੀ,
ਬਾਕੀ ਨੇ ਨਿਕੰਮੇ, ਆਖੇ ਮੈਨੂੰ ਹੀ ਹੈ ਚੱਜ ਜੀ,
ਗਲ ਵਿੱਚ ਪਰੋ ਕੇ ਰੱਖੀ, ਮੈਂ ਵਾਲੀ ਗ਼ਾਨੀ ਏ।
ਕਿੱਧਰ ਨੂੰ ਤੁਰ ਪਈ ਪੰਜਾਬ ਦੀ ਜਵਾਨੀਏ।

ਜੇਬ ਵਿੱਚ ਪੈਸਾ, ਯਾਰ-ਬੇਲੀ ਬੜੇ ਹੋ ਜਾਂਦੇ,
ਜ਼ੇਬ ਵਿਹਲੀ ਹੋਈ, ਸਾਰੇ ਪਿੱਛੇ ਹੋ ਖਲੋ ਜਾਂਦੇ,
ਪੈਸਾ ਹੀ ਤਾਂ ਬਣ ਬੈਠਾ, ਦਿਲਬਰ ਜ਼ਾਨੀ ਏ।
ਕਿੱਧਰ ਨੂੰ ਤੁਰ ਪਈ ਪੰਜਾਬ ਦੀ ਜਵਾਨੀਏ।
ਬੰਬ, ਗੋਲੇ ਬਣ ਗਏ, ਚਲੇ ਹਥਿਆਰ ਜੀ,
ਦੂਰ-ਦੂਰ ਤੱਕ, ਜਿਹੜੇ ਕਰਦੇ ਨੇ ਮਾਰ ਜੀ,
ਬੰਦੇ ਨੂੰ ਪਹੁੰਚਾਵੇ ਬੰਦਾ, ਇਨਾਂ ਨਾਲ ਹਾਨੀ ਏ।
ਕਿੱਧਰ ਨੂੰ ਤੁਰ ਪਈ, ਪੰਜਾਬ ਦੀ ਜਵਾਨੀਏ।

ਕਾਮ, ਕ੍ਰੋਧ, ਲੋਭ, ਮੋਹ, ਵਧਿਆ ਹੰਕਾਰ ਜੀ,
ਪੰਜੇ ਪਏ ਕਰਦੇ, ਮਨੁੱਖਤਾ 'ਤੇ ਵਾਰ ਜੀ,
ਪਰਸ਼ੋਤਮ! ਇਹ ਕਲਿਯੁੱਗ, ਵਾਲੀ ਹੀ ਨਿਸ਼ਾਨੀ ਏ।
ਕਿੱਧਰ ਨੂੰ ਤੁਰ ਪਈ, ਪੰਜਾਬ ਦੀ ਜਵਾਨੀਏ।

ਅੱਜ ਦੀ ਮਨੁੱਖਤਾ, ਸੁਰੱਖਿਤ ਨਾ ਰਹਿ ਗਈ,
ਸਰੋਏ ਦੀ ਕਲਮ ਯਾਰੋ, ਸੱਚੋ-ਸੱਚ ਕਹਿ ਗਈ,
ਬਣ ਗਿਆ ਬੰਦਾ ਤਾਂ, ਸ਼ੈਤਾਨ ਵਾਲੀ ਨਾਨੀ ਏ।
ਕਿੱਧਰ ਨੂੰ ਤੁਰ ਪਈ, ਪੰਜਾਬ ਦੀ ਜਵਾਨੀਏ।
- ਪਰਸ਼ੋਤਮ ਲਾਲ ਸਰੋਏ,
- ਮੋਬਾ: 91-92175-44348


Related News