ਅਮਰੀਕਾ ਦੇ ਸੂਬੇ ਐਰੀਜ਼ੋਨਾ ''ਚ ਸਿੱਖ ਡਰਾਈਵਰ ''ਤੇ ਹਮਲਾ

10/19/2017 11:57:22 AM

ਫਰਿਜ਼ਨੋ (ਨੀਟਾ ਮਾਛੀਕੇ)— ਫਰਿਜ਼ਨੋ ਨਿਵਾਸੀ ਇੰਦਰਜੀਤ ਸਿੰਘ ਬਰਾੜ ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਵਿਚ ਟਰੱਕ ਚਲਾ ਕਹੇ ਹਨ, ਬੁੱਧਵਾਰ ਸ਼ਾਮ ਨੂੰ ਵੈਨਸਲੋ ਐਰੀਜ਼ੋਨਾ ਵਿੱਖੇ ਫਲਾਇੰਗ ਜੇ ਟਰੱਕ ਸਟਾਪ 'ਤੇ ਨਫ਼ਰਤ ਨਾਲ ਭਰੇ ਇਕ ਮੈਕਸੀਕਨ ਮੂਲ ਦੇ ਡਰਾਈਵਰ ਵੱਲੋਂ ਉਨ੍ਹਾਂ 'ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ 31 ਨੰਬਰ ਪੰਪ 'ਤੇ ਆਪਣੇ ਟਰੱਕ ਵਿਚ ਤੇਲ ਭਰਾ ਰਹੇ ਸਨ। ਇੰਦਰਜੀਤ ਬਰਾੜ ਦੇ ਦੱਸਣ ਮੁਤਾਬਕ ਜਦੋਂ  ਉਹ ਟਰੱਕ ਸਟਾਪ 'ਤੇ ਤੇਲ ਭਰਾਉਣ ਲਈ ਰੁੱਕੇ ਤਾਂ ਉੱਥੇ ਕਾਫੀ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਇਕ ਟਰੱਕ ਜੋ ਉਨ੍ਹਾਂ ਦੇ ਮੂਹਰੇ ਸੀ ਨੇ ਪੰਪ ਚੋਂ ਟਰੱਕ ਬੈਕ ਕਰਕੇ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਮਗਰ ਇੰਦਰਜੀਤ ਦਾ ਟਰੱਕ ਸੀ ਜਦੋਂ ਓਹਦਾ ਟ੍ਰੇਲਰ ਇੰਦਰਜੀਤ ਦੇ ਟਰੱਕ ਦੇ ਨੇੜੇ ਆਇਆ ਤਾਂ ਇੰਦਰਜੀਤ ਨੇ ਹਾਰਨ ਵਜਾਇਆ। ਬਸ ਫਿਰ ਕੀ ਸੀ ਨਫ਼ਰਤ ਦੀ ਅੱਗ ਅਤੇ ਪੰਪ ਦੀ ਉਡੀਕ ਵਿਚ ਮੱਚਦੇ ਮਕਸੀਕਨ ਮੂਲ ਦੇ ਡਰਾਈਵਰ ਨੇ ਇੰਦਰਜੀਤ ਨੂੰ ਗਾਲ੍ਹਾਂ ਕੱਢੀਆਂ ਅਤੇ ਡਰਾਈਵਰ ਸਾਈਡ ਬਾਰੀ ਨੂੰ ਧੱਕੇ ਮਾਰੇ ਪਰ ਇੰਦਰਜੀਤ ਆਪਣੇ ਟਰੱਕ ਵਿਚ ਹੀ ਬੈਠਾ ਰਿਹਾ ਅਤੇ ਜਦੋਂ ਇੰਦਰਜੀਤ ਦੀ ਤੇਲ ਭਰਾਉਣ ਦੀ ਵਾਰੀ ਆਈ ਤਾਂ ਤੇਲ ਭਰਾਉਂਦੇ ਇੰਦਰਜੀਤ ਨੂੰ ਫਿਰ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਪਰ ਇੰਦਰਜੀਤ ਚੁੱਪ ਚਾਪ ਆਪਣਾਂ ਕੰਮ ਕਰਦਾ ਰਿਹਾ। ਉਪਰੰਤ ਜਦੋਂ ਇੰਦਰਜੀਤ ਨੇ ਟਰੱਕ ਦੀ ਬਾਰੀ ਖੋਲ੍ਹ ਕੇ ਕੰਮ ਵਾਲੇ ਦਸਤਾਨੇ ਕੱਢਣ ਲਈ ਧਿਆਨ ਓਧਰ ਕੀਤਾ ਤਾਂ ਮੈਕਸੀਕਨ ਮੂਲ ਦੇ ਡਰਾਈਵਰ ਨੇ ਝਪਟ ਮਾਰ ਕੇ ਇੰਦਰਜੀਤ ਦੇ ਮੂੰਹ 'ਤੇ ਪੂਰੇ ਜ਼ੋਰ ਦੀ ਘਸੁੰਨ ਮਾਰ ਦਿੱਤਾ, ਜਿਸ ਕਰ ਕੇ ਇੰਦਰਜੀਤ ਦੇ ਮੂੰਹ 'ਤੇ ਕਾਫ਼ੀ ਸੱਟ ਲੱਗੀ ਅਤੇ ਬਾਅਦ ਵਿਚ ਟਰੱਕ ਲੈ ਕੇ ਭੱਜ ਗਿਆ। ਜਿਸ ਤੋਂ ਬਾਅਦ ਪੁਲਸ ਰਿਪੋਰਟ ਹੋਈ ਅਤੇ ਇੰਦਰਜੀਤ ਨੂੰ ਹਸਪਤਾਲ ਲਿਜਾਇਆ ਗਿਆ। ਇੰਦਰਜੀਤ ਘਬਰਾਇਆ ਹੋਇਆ ਹੋਣ ਕਰਕੇ ਟਰੱਕ ਦੀ ਫੋਟੋ ਵੀ ਕਲੀਅਰ ਨਹੀਂ ਖਿੱਚ ਸਕਿਆ। ਨਾਂ ਕੰਪਨੀ ਦਾ ਨਾਮ ਨਾ ਹੀ ਲਾਈਸੈਂਸ ਨੰਬਰ ਪਲੇਟ ਦੀ ਫੋਟੋ ਆਈ ਹੈ। ਹੁਣ ਤਾਂ ਸਿਰਫ ਇਹੀ ਆਸ ਹੈ ਕਿ ਇਹ ਪੂਰੀ ਘਟਨਾਂ ਸ਼ਾਇਦ ਫਲਾਇੰਗ ਜੇ ਦੇ ਕੈਮਰਿਆਂ ਵਿਚ ਕੈਦ ਹੋਈ ਹੋਵੇ, ਉਥੋਂ ਹੀ ਜਾਂਚ ਅੱਗੇ ਵਧ ਸਕੇਗੀ। ਇੰਦਰਜੀਤ ਦੇ ਦੱਸਣ ਮੁਤਾਬਕ ਮਕਸੀਕੋ ਮੂਲ ਦੇ ਡਰਾਈਵਰ ਦਾ ਕੱਦ ਤਕਰੀਬਨ 5 ਫੁੱੱਟ 8 ਕੁ ਇੰਚ ਹੈ। ਰੰਗ ਸਾਫ਼ ,ਕਲੀਨ ਸੇਵ, ਪਤਲੇ ਸਰੀਰ ਦਾ ਹੈ। ਆਸ ਕਰਦੇ ਹਾਂ ਕਿ ਇਹ ਜਲਦੀ ਪੁਲਸ ਦੀ ਗ੍ਰਿਫ਼ਤ ਵਿਚ ਆ ਜਾਵੇਗਾ।


Related News