ਸੰਘਰਸ਼ ਹੀ ਦਲਿਤਾਂ ਦੇ ਦੁੱਖਾਂ ਦਾ ਇਕੋ ਰਾਹ : ਵਿਰਕ

10/05/2017 3:33:38 AM

ਰੋਮ (ਕੈਂਥ)— ਭਾਰਤ 'ਚ ਕਿਤੇ ਦਲਿਤਾਂ ਨੂੰ ਗਾਵਾਂ ਦੀ ਰੱਖਿਆ ਦੇ ਨਾਂ 'ਤੇ ਮਾਰ ਦਿੱਤਾ ਜਾਂਦਾ ਹੈ, ਕਿਤੇ ਮੁੱਛ ਰੱਖਣ ਕਰ ਕੇ, ਕਿਤੇ ਘੋੜੀ 'ਤੇ ਚੜ੍ਹਨ ਕਰ ਕੇ ਤੇ ਕਿਤੇ ਧਰਮ ਦੇ ਕਾਰਨ। ਕਿਤੇ ਦਲਿਤਾਂ ਦੀਆਂ ਧੀਆਂ-ਭੈਣਾਂ ਨਾਲ ਜਬਰ-ਜ਼ਨਾਹ ਕੀਤੇ ਜਾਂਦੇ ਹਨ। ਕੀ ਭਾਰਤ ਵਿਚ ਇਹੋ ਹੀ ਹਨ ਦਲਿਤਾਂ ਦੇ ਅੱਛੇ ਦਿਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਵੈਲਫੇਅਰ ਐਸੋਸੀਏਸ਼ਨ (ਰਜਿ) ਇਟਲੀ ਦੇ ਪ੍ਰਧਾਨ ਸਰਬਜੀਤ ਸਿੰਘ ਵਿਰਕ ਨੇ ਨੌਰਥ ਇਟਲੀ ਦੇ ਜ਼ਿਲੇ ਬਰੇਸ਼ੀਆ ਦੇ ਪਿੰਡ ਸੰਨ ਗਰਵਾਸੀਓ ਵਿਚ ਅੰਬੇਡਕਰਵਾਦੀਆਂ ਦੀ ਹੋਈ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਪੰਜਾਬ ਅਤੇ ਭਾਰਤ ਦੇ ਦਲਿਤਾਂ ਨੂੰ ਕਿਹਾ ਕਿ ਤੁਹਾਡੇ ਦੁੱਖਾਂ ਦੀ ਮੁਕਤੀ ਦਾ ਇਕੋ ਰਾਹ ਹੈ ਕਿ ਤੁਸੀਂ ਸੰਘਰਸ਼ਾਂ ਦਾ ਰਾਹ ਮੱਲੋ, ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਵਿਚਾਰਾਂ ਦੀ ਰੌਸ਼ਨੀ 'ਚ, ਇਹ ਸਭ ਏਕਤਾ ਤੇ ਸੰਘਰਸ਼ ਤੋਂ ਬਿਨਾਂ ਹੱਲ ਨਹੀਂ ਹੋਵੇਗਾ।
ਉਨ੍ਹਾਂ ਪੰਜਾਬ ਸਰਕਾਰ ਦੀ ਇਸ ਗੱਲ ਲਈ ਵੀ ਆਲੋਚਨਾ ਕੀਤੀ ਕਿ ਕੈਪਟਨ ਸਰਕਾਰ ਵੀ ਬਾਦਲ ਸਰਕਾਰ ਵਾਂਗ ਦਲਿਤਾਂ ਦੇ ਬੱਚਿਆਂ ਲਈ ਚਲਾਈ ਗਈ ਪੋਸਟ ਮੈਟ੍ਰਿਕ ਸਕੀਮ ਨੂੰ ਈਮਾਨਦਾਰੀ ਨਾਲ ਨਾ ਲਾਗੂ ਕਰ ਕੇ ਪੰਜਾਬ ਦੇ ਦਲਿਤਾਂ ਨਾਲ ਧੋਖਾ ਕਰ ਰਹੀ ਹੈ। ਇਸ ਸਮੇਂ ਉੱਤਰੀ ਇਟਲੀ ਦੀਆਂ ਵੱਖ-ਵੱਖ ਸਟੇਟਾਂ ਤੋਂ ਆਏ ਹੋਏ ਆਗੂਆਂ ਨੇ ਆਪਣੇ-ਆਪਣੇ ਵਿਚਾਰ ਰੱਖੇ, ਜਿਨ੍ਹਾਂ 'ਚ ਵਿਰੋਨਾ ਤੋਂ ਲੇਖ ਰਾਜ ਜੱਖੂ, ਬੈਰਗਾਮੋ ਤੋਂ ਬਲਵਿੰਦਰ ਝਮਟ, ਮਾਨਤੋਵਾ ਤੋਂ ਪਰਮਜੀਤ ਤੇਹਿੰਗ, ਬਰੇਸ਼ੀਆ ਤੋਂ ਸ਼ਾਮ ਲਾਲ ਟੂਰਾ, ਵਿਚੈਂਸਾ ਤੋਂ ਜੀਤਰਾਮ ਮੌਤੇਫੌਰਤੇ, ਕਿਰਮੋਨਾ ਤੋਂ ਅਸ਼ੋਕ ਥਾਬਲਕੇ ਆਦਿ ਨੇ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਪੂਰੇ ਪੰਜਾਬ ਵਿਚ ਅਤੇ ਇਟਲੀ ਵਿਚ ਹੋਰ ਅੱਗੇ ਕਿਵੇਂ ਲਿਜਾਇਆ ਜਾਵੇ, 'ਤੇ ਡੂੰਘੀਆਂ ਵਿਚਾਰਾਂ ਕੀਤੀਆਂ।
ਇਸ ਮੌਕੇ ਸੁਰਿੰਦਰ ਸੰਤੋਖਪੁਰੀਆ, ਕੁਲਵਿੰਦਰ ਜੱਖੂ, ਰਾਕੇਸ਼ ਪ੍ਰੇਮੀ, ਜਸਵਿੰਦਰ ਸੋਂਧੀ, ਦੇਸ ਰਾਜ ਢੱਡਾ, ਹਰਬੰਸ ਲਾਲ, ਜਸਦੀਪ ਕੁਮਾਰ, ਜਸਪਾਲ ਖੀਵਾ, ਸੁਰਿੰਦਰ ਕੁਮਾਰ, ਕਮਲ ਦਾਦਰਾ, ਸੁਰੇਸ਼ ਕੁਮਾਰ (ਹਰਿਆਣਾ ਤੋਂ) ਸੋਨੂੰ ਕਾਂਤੀ, ਪਰਮਜੀਤ, ਦੇਸ ਰਾਜ ਚੁੰਬਰ ਆਦਿ ਵੀ ਹਾਜ਼ਰ ਸਨ।


Related News