ਬ੍ਰਿਸਬੇਨ ''ਚ ਦਿਵਾਲੀ ਮੇਲੇ ਦੌਰਾਨ ਹੋਇਆ ਰਿਕਾਰਡ ਤੋੜ ਇਕੱਠ, ਮਨਕੀਰਤ ਔਲਖ ਨੇ ਝੂਮਣ ਲਾਏ ਸਰੋਤੇ

09/20/2017 8:39:41 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)—  ਇਥੋਂ ਦੇ ਸਥਾਨਕ ਵੱਖ-ਵੱਖ ਭਾਈਚਾਰਿਆਂ ਦੇ ਸਹਿਯੋਗ ਦੇ ਨਾਲ ਰੌਕੀ ਭੁੱਲਰ, ਕਮਰ ਬੱਲ, ਸੰਨੀ ਅਰੋੜਾ ਤੇ ਰਾਜ ਨਰੂਲਾ ਵਲੋਂ ਸਾਂਝੇ ਤੌਰ 'ਤੇ 'ਬ੍ਰਿਸਬੇਨ ਦੀਵਾਲੀ ਮੇਲਾ 2' ਰੌਕਲੀ ਸ਼ੋਅ ਗਰਾਊਂਡ ਵਿਖੇ ਬਹੁਤ ਹੀ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਮੇਲੇ ਦੌਰਾਨ ਵੱਖ-ਵੱਖ ਭਾਈਚਾਰਿਆਂ ਦੇ ਸਥਾਨਕ ਕਲਾਕਾਰਾਂ  ਵਲੋਂ ਹਰਿਆਣਵੀ, ਮਲਿਆਲਮ, ਬਾਲੀਵੁੱਡ ਨਾਚ, ਗੀਤ-ਸੰਗੀਤ ਤੇ ਗਿੱਧਾ-ਭੰਗੜਾ, ਲਾਈਵ ਮਿਊਜ਼ਿਕ ਦੇ ਨਾਲ ਸਰੋਤਿਆਂ ਦਾ ਖੂਬ ਮੰਨੋਰੰਜਨ ਕੀਤਾ। ਉਪਰੰਤ ਪ੍ਰਸਿੱਧ ਪੰਜਾਬੀ ਗਾਇਕ ਮਨਪ੍ਰੀਤ ਸਰਾਂ, ਪ੍ਰੀਤ ਸਿਆਂ ਤੇ ਸੁਰਖਾਬ ਨੇ ਗਾਇਕੀ ਤੇ ਸ਼ੇਅਰੋ-ਸ਼ਾਇਰੀ ਦੁਆਰਾ ਸਰੋਤਿਆਂ ਨੂੰ ਮੰਤਰ ਮੁਗਦ ਕਰ ਕੇ ਹਾਜ਼ਰੀ ਲਗਵਾਈ। ਅਖੀਰ ਵਿੱਚ ਮਾਣਮੱਤਾ ਹਰਮਨ ਪਿਆਰਾ ਗਾਇਕ ਮਨਕੀਰਤ ਔਲਖ ਨੇ ਆਪਣੇ ਪ੍ਰਸਿੱਧ ਗੀਤਾਂ ਨਾਲ ਦਸਤਕ ਦਿੱਤੀ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਠਾਠਾਂ ਮਾਰਦਾ ਇਕੱਠ ਅਸ਼-ਅਸ਼ ਕਰ ਉੱਠਿਆ ਤੇ ਸਰੋਤਿਆਂ ਨੂੰ ਦੇਰ ਰਾਤ ਤੱਕ ਆਪ-ਮੁਹਾਰੇ ਨਚਾ ਕੇ ਇਸ ਮੇਲੇ ਨੂੰ ਸਿਖਰਾਂ ਤੱਕ ਪਹੁੰਚਾ ਕੇ ਭਰਪੂਰ ਮੰਨੋਰੰਜਨ ਕੀਤਾ। ਬੱਚਿਆਂ ਦੇ ਲਈ ਵੱਖ-ਵੱਖ ਤਰਾਂ ਦੀਆ ਖੇਡ ਅਤੇ ਸੱਭਿਆਚਾਰਕ ਵੰਨਗੀਆਂ ਵੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ।
ਵੱਖ ਵੱਖ ਤਰ੍ਹਾਂ ਦੇ ਸਟਾਲ ਵੀ ਲਗਾਏ ਗਏ ਸਨ ਜਿਨ੍ਹਾਂ 'ਚ ਖਾਣ-ਪੀਣ, ਕਲਚਰਲ ਤੇ ਸਾਹਿਤਕ ਤੌਰ 'ਤੇ ਵੱਖ-ਵੱਖ ਭਾਈਚਾਰਿਆਂ ਦੇ ਸੱਭਿਆਚਾਰ ਦੀ ਤਰਜਮਾਨੀ ਕਰ ਰਹੇ ਸਨ। ਮੇਲੇ ਦੇ ਅੰਤ 'ਚ ਰਾਤ ਸਮੇ ਆਤਿਸ਼ਬਾਜੀ ਦਾ ਮਨਮੋਹਣਾ ਦ੍ਰਿਸ ਵੀ ਖਿੱਚ ਦਾ ਕੇਂਦਰ ਰਿਹਾ। ਮੇਲੇ ਦੇ ਪ੍ਰਬੰਧਕ ਰੌਕੀ ਭੁੱਲਰ, ਕੰਮਰ ਬੱਲ ਤੇ ਸੰਨੀ ਅਰੋੜਾ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਵਿਦੇਸ਼ ਵਿੱਚ ਵੱਖ-ਵੱਖ ਭਾਈਚਾਰਿਆਂ ਵਲੋਂ ਇਕ ਮੰਚ 'ਤੇ ਇਕੱਠੇ ਹੋ ਕੇ ਇਸ ਤਰ੍ਹਾਂ ਦੇ ਬਹੁ-ਸੱਭਿਆਚਾਰਕ ਮੇਲੇ ਆਯੋਜਿਤ ਕਰਨ ਨਾਲ ਸੰਸਕ੍ਰਿਤੀ, ਭਾਸ਼ਾ, ਪਹਿਰਾਵਾ, ਸਮਾਜਿਕ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਦਾ ਅਦਾਨ ਪ੍ਰਦਾਨ ਕਰਨ ਨਾਲ ਇਕ ਨਰੋਏ ਸਮਾਜ ਦੀ ਸਿਰਜਣਾ ਕਰਨ ਵਿੱਚ ਬਹੁਤ ਹੀ ਸਹਾਈ ਸਿੱਧ ਹੋ ਰਹੇ ਹਨ ਜੋ ਕਿ ਭਾਈਚਾਰਕ ਸਾਂਝ ਲਈ ਬਹੁਤ ਹੀ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੇਲੇ ਪ੍ਰਤੀ ਲੋਕਾਂ 'ਚ ਬਹੁਤ ਹੀ ਭਾਰੀ ਉਤਸ਼ਾਹ ਪਾਇਆ ਗਿਆ। ਮੰਚ ਸੰਚਾਲਨ ਦੀ ਭੂਮਿਕਾ ਪ੍ਰੀਤ ਸਿਆਂ, ਨੀਰਜ ਪੋਪਲੀ ਤੇ ਜਸਕਿਰਨ ਕੌਰ ਵਲੋ ਸਾਂਝੇ ਤੌਰ 'ਤੇ ਬਹੁਤ ਹੀ ਬਾਖੂਬੀ ਨਾਲ ਨਿਭਾਈ ਗਈ। ਇਹ ਦਿਵਾਲੀ ਮੇਲਾ ਅਮਿੱਟ ਪੈੜ ਛੱਡਦਾ ਹੋਇਆ ਨਵੇਂ ਕੀਰਤੀਮਾਨ ਸਥਾਪਿਤ ਕਰ ਗਿਆ।


Related News