ਹਰਮਨਪ੍ਰੀਤ ਤੋਂ ਬਾਅਦ ਪਰਨੀਤ ਕੌਰ ਨੇ ਕ੍ਰਿਕਟ ''ਚ ਕਰਵਾਈ ਬੱਲੇ-ਬੱਲੇ, ਆਸਟ੍ਰੇਲੀਆ ''ਚ ਮਿਲਿਆ ਇਹ ਮਾਣ

09/21/2017 4:05:50 PM

ਸਿਡਨੀ— ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਬਹੁਤ ਸਾਰੀਆਂ ਕੁੜੀਆਂ ਅੱਜ ਦੇ ਸਮੇਂ 'ਚ ਖੇਡਾਂ 'ਚ ਮੱਲਾਂ ਮਾਰ ਰਹੀਆਂ ਹਨ। ਇਹੋ ਜਿਹੀ ਹੀ ਇਕ ਬੱਚੀ ਹੈ ਪਰ ਪਰਨੀਤ ਕੌਰ, ਜਿਸ ਨੂੰ ਨਿਊ ਸਾਊਥ ਵੇਲਜ਼ ਦੀ ਕ੍ਰਿਕਟ ਟੀਮ ਅੰਡਰ-17 'ਚ ਖੇਡਣ ਦਾ ਮੌਕਾ ਮਿਲਿਆ ਹੈ। ਪਰਨੀਤ ਨੇ ਕਿਹਾ ਕਿ ਉਹ ਪਿਛਲੇ 4 ਸਾਲਾਂ ਤੋਂ ਕ੍ਰਿਕਟ ਖੇਡ ਰਹੀ ਹੈ। ਉਸ ਨੇ ਕਿਹਾ ਕਿ ਮੈਂ ਆਪਣੇ ਭਰਾ ਨਾਲ ਕ੍ਰਿਕਟ ਖੇਡਣ ਦਾ ਅਭਿਆਸ ਸ਼ੁਰੂ ਕੀਤਾ ਅਤੇ ਮੇਰੇ ਸੁਪਨੇ ਨੂੰ ਪੂਰਾ ਕਰਨ 'ਚ ਮੇਰੇ ਭਰਾ ਅਤੇ ਪਿਤਾ ਦਾ ਪੂਰਾ ਸਹਿਯੋਗ ਹੈ। ਉਸ ਦਾ ਕਹਿਣਾ ਹੈ ਉਹ ਫਾਸਟ ਬਾਲਰ ਹੈ, ਇਸ ਦੇ ਨਾਲ ਹੀ ਉਸ ਨੂੰ ਫਿਲਡਿੰਗ ਦਾ ਵੀ ਸ਼ੌਂਕ ਹੈ। 
ਪਰਨੀਤ ਦਾ ਕਹਿਣਾ ਹੈ ਕਿ ਉਹ ਆਸਟ੍ਰੇਲੀਆਈ ਕਪਤਾਨ ਸਟੀਵ ਸਮਿੱਥ ਅਤੇ ਭਾਰਤੀ ਕ੍ਰਿਕਟਰ ਉਮੇਸ਼ ਯਾਦਵ ਤੋਂ ਕਾਫੀ ਪ੍ਰਭਾਵਿਤ ਹੈ ਅਤੇ ਉਹ ਉਮੇਸ਼ ਯਾਦਵ ਨੂੰ ਗੇਂਦਬਾਜ਼ੀ 'ਚ ਕਾਪੀ ਕਰਨ ਦੀ ਕੋਸ਼ਿਸ਼ ਕਰਦੀ ਹੈ। ਟੀ. ਵੀ. ਤੋਂ ਉਹ ਉਨ੍ਹਾਂ ਦੇ ਸਟਾਈਲ ਨੂੰ ਦੇਖਦੀ ਹੈ ਅਤੇ ਕਾਪੀ ਕਰਦੀ ਹੈ। ਇਸ ਤੋਂ ਇਲਾਵਾ ਉਹ ਭਾਰਤੀ ਸਟਾਰ ਮਹਿਲਾ ਕ੍ਰਿਕਟਰ ਹਰਮਨਪ੍ਰੀਤ ਨੂੰ ਆਪਣੀ ਪ੍ਰੇਰਣਾ ਮੰਨਦੀ ਹੈ। ਉਹ ਉਨ੍ਹਾਂ ਨੂੰ ਵੀ ਖੇਡਦੇ ਹੋਏ ਦੇਖਦੀ ਹੈ। ਪਰਨੀਤ ਨੇ ਕਿਹਾ ਕਿ ਉਨ੍ਹਾਂ ਤੋਂ ਹੀ ਉਸ ਨੇ ਕ੍ਰਿਕਟ ਖੇਡਣ ਦਾ ਫੈਸਲਾ ਲਿਆ। ਪਰਨੀਤ ਨੇ ਪੰਜਾਬ ਦੀਆਂ ਕੁੜੀਆਂ ਨੂੰ ਇਕ ਸੰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਵੀ ਕਿਸੇ ਵੀ ਖੇਡ 'ਚ ਦਿਲਚਸਪੀ ਹੈ ਤਾਂ ਮਨ ਲਾ ਕੇ ਉਸ ਖੇਡ ਨੂੰ ਖੇਡਣ ਤਾਂ ਜੋ ਉਹ ਆਪਣੇ ਸੁਪਨੇ ਨੂੰ ਪੂਰਾ ਕਰ ਸਕਣ। ਉਸ ਨੇ ਕਿਹਾ ਕਿ ਜੇਕਰ ਉਹ ਕ੍ਰਿਕਟ ਖੇਡਣਾ ਚਾਹੁੰਦੀਆਂ ਹਨ ਤਾਂ ਜ਼ਰੂਰ ਖੇਡਣ। ਪਰਨੀਤ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿਚ ਹੀ ਨਹੀਂ ਸਗੋਂ ਕਿ ਦੁਨੀਆ ਭਰ ਵਿਚ ਔਰਤਾਂ ਵਲੋਂ ਕ੍ਰਿਕਟ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


Related News