ਪਾਕਿ ਨੇ ਅਫਗਾਨਿਸਤਾਨ ਨਾਲ ਲੱਗਦੀ ਸਰਹੱਦ ''ਤੇ ਬਾੜ ਲਗਾਉਣ ਦਾ ਕੰਮ ਕੀਤਾ ਸ਼ੁਰੂ

06/21/2017 12:59:51 AM

ਇਸਲਾਮਾਬਾਦ— ਪਾਕਿਸਤਾਨ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਅਫਗਾਨਿਸਤਾਨ ਨਾਲ ਲੱਗਦੀ ਆਪਣੀ 2,400 ਕਿਲੋਮੀਟਰ ਤੋਂ ਜ਼ਿਆਦਾ ਲੰਬੀ ਸਰਹੱਦ 'ਤੇ ਬਾੜ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਨੇ ਇਹ ਕਦਮ ਅੱਤਵਾਦੀਆਂ ਦੀ ਵਧਦੀ ਘੁਸਪੈਠ ਨੂੰ ਰੋਕਣ ਲਈ ਚੁੱਕਿਆ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ 'ਤੇ ਅਸਰ ਪਿਆ ਹੈ। 
ਪਾਕਿਸਤਾਨੀ ਫੌਜ ਨੇ ਕਿਹਾ, ''ਅਫਗਾਨਿਸਤਾਨ ਨਾਲ ਲੱਗਦੀ ਸਰਹੱਦ 'ਤੇ ਲੜੀਵਾਰ ਤਰੀਕੇ ਨਾਲ ਬਾੜ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।'' ਪਾਕਿਸਤਾਨ ਅਫਗਾਨਿਸਤਾਨ ਨਾਲ ਲੰਬੀ ਸਰਹੱਦ ਸਾਂਝੀ ਕਰਦਾ ਹੈ, ਜੋ ਕਿ ਪਹਾੜੀ ਇਲਾਕਿਆਂ ਤੋਂ ਹੋ ਕੇ ਲੰਘਦੀ ਹੈ, ਜਿਸ ਕਾਰਨ ਇਨ੍ਹਾਂ ਇਲਾਕਿਆਂ 'ਤੇ ਗਸ਼ਤ ਨਹੀਂ ਹੁੰਦੀ। ਗਸ਼ਤ ਦੀ ਕਮੀ ਦੇ ਕਾਰਨ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿਚਕਾਰ ਸਰਹੱਦ 'ਤੇ ਹੋਣ ਵਾਲੀਆਂ ਝੜਪਾਂ ਦੇ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧਦਾ ਹੀ ਜਾ ਰਿਹਾ ਹੈ। ਪਿਛਲੇ ਮਈ ਮਹੀਨੇ ਦੋਵਾਂ ਦੇਸ਼ਾਂ ਵਿਚਾਲੇ ਚੱਲੀ ਗੋਲੀਬਾਰੀ 'ਚ ਘੱਟ ਤੋਂ ਘੱਟ 15 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਹੋਰ ਜ਼ਖਮੀ ਵੀ ਹੋ ਗਏ ਸਨ। ਫਿਲਹਾਲ ਪਾਕਿਸਤਾਨੀ ਫੌਜ ਨੇ ਕਿਹਾ, ''ਪਹਿਲੇ ਪੜਾਅ 'ਚ ਬਾਜੌਰ, ਮੋਹਮੰਦ ਤੇ ਖੈਬਰ ਇਲਾਕਿਆਂ 'ਚ ਘੁਸਪੈਠ ਦੇ ਜ਼ਿਆਦਾ ਖਤਰੇ ਕਾਰਨ ਬਾੜ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ।''


Related News