ਪਾਕਿ ''ਚ ਤੇਲ ਟੈਂਕਰ ਹਾਦਸੇ ਕਾਰਨ ਫਿੱਕਾ ਰਿਹਾ ਈਦ ਦਾ ਜਸ਼ਨ, ਮਰਨ ਵਾਲਿਆਂ ਦੀ ਵਧੀ ਗਿਣਤੀ

06/26/2017 4:58:41 PM

ਲਾਹੌਰ— ਪਾਕਿਸਤਾਨ 'ਚ ਤੇਲ ਟੈਂਕਰ ਹਾਦਸੇ ਕਾਰਨ ਈਦ ਦਾ ਤਿਉਹਾਰ  ਫਿੱਕਾ ਰਿਹਾ ਅਤੇ ਚਹਿਲ-ਪਹਿਲ ਘੱਟ ਰਹੀ। ਇਸ ਭਿਆਨਕ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 157 ਹੋ ਗਈ ਹੈ। ਪੀੜਤਾਂ ਦੇ ਪਰਿਵਾਰ ਵਾਲੇ ਆਪਣਿਆਂ ਦੀਆਂ ਲਾਸ਼ਾਂ ਦੀ ਪਛਾਣ ਕਰਨ ਹਸਪਤਾਲ ਪਹੁੰਚ ਰਹੇ ਹਨ ਪਰ ਇਨ੍ਹਾਂ 'ਚੋਂ ਜ਼ਿਆਦਾਤਰ ਇਸ ਕਦਰ ਸੜ ਗਈਆਂ ਹਨ ਕਿ ਪਛਾਣ ਤੋਂ ਪਰ੍ਹੇ ਹਨ। ਇਹ ਹਾਦਸਾ ਈਦ ਤੋਂ ਇਕ ਦਿਨ ਪਹਿਲਾਂ ਭਾਵ ਐਤਵਾਰ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ 'ਚ ਉਸ ਸਮੇਂ ਹੋਇਆ, ਜਦੋਂ 40,000 ਲੀਟਰ ਪੈਟਰੋਲ ਨਾਲ ਭਰਿਆ ਇਕ ਟੈਂਕਰ ਪਲਟ ਗਿਆ ਅਤੇ ਉਸ 'ਚੋਂ ਪੈਟਰੋਲ ਵਹਿਣ ਲੱਗਾ। ਆਲੇ-ਦੁਆਲੇ ਦੇ ਇਲਾਕੇ 'ਚ ਰਹਿਣ ਵਾਲੇ ਸੈਂਕੜੇ ਲੋਕਾਂ ਉੱਥੇ ਪਹੁੰਚ ਕੇ ਪੈਟਰੋਲ ਇਕੱਠਾ ਕਰਨ ਲੱਗੇ ਪਰ ਇਸ ਦੌਰਾਨ ਕਿਸੇ ਵਿਅਕਤੀ ਵਲੋਂ ਸਿਗਰਟ ਜਲਾਉਣ ਕਾਰਨ ਲੱਗੀ ਅੱਗ ਕਾਰਨ ਟੈਂਕਰ 'ਚ ਧਮਾਕਾ ਹੋ ਗਿਆ ਅਤੇ ਉੱਥੇ ਮੌਜੂਦ ਲੋਕ ਅੱਗ ਦੀਆਂ ਲਪਟਾਂ 'ਚ ਘਿਰ ਗਏ। 
ਇਹ ਘਟਨਾ ਲਾਹੌਰ ਤੋਂ ਕਰੀਬ 400 ਕਿਲੋਮੀਟਰ ਦੂਰ ਬਹਾਵਲਪੁਰ ਜ਼ਿਲੇ ਦੇ ਅਹਿਮਦਪੁਰ ਸ਼ੇਰਕੀਆ ਇਲਾਕੇ ਦੀ ਹੈ। ਪੀੜਤਾਂ ਦੇ ਪਰਿਵਾਰ ਵੱਡੀ ਗਿਣਤੀ ਵਿਚ ਜ਼ਿਲੇ ਦੇ ਹਸਪਤਾਲਾਂ ਦੇ ਬਾਹਰ ਲਾਸ਼ਾਂ ਦੀ ਪਛਾਣ ਲਈ ਉਡੀਕ ਕਰ ਰਹੇ ਹਨ। ਇਨ੍ਹਾਂ 'ਚ ਜ਼ਿਆਦਾਤਰ ਬੁਰੀ ਤਰ੍ਹਾਂ ਨਾਲ ਝੁਲਸ ਗਏ ਹਨ ਅਤੇ ਇਨ੍ਹਾਂ ਦੀ ਪਛਾਣ ਸਿਰਫ ਡੀ. ਐੱਨ. ਏ. ਜਾਂਚ ਤੋਂ ਹੀ ਹੋ ਸਕਦੀ ਹੈ। ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਈਦ ਮਨਾਉਣ ਲੰਡਨ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਾਪਸ ਪਰਤ ਆਏ ਹਨ ਅਤੇ ਅੱਜ ਸਵੇਰੇ ਪੀੜਤਾਂ ਨੂੰ ਦੇਖਣ ਪਹੁੰਚੇ।


Related News