..ਤਾਂ ਇਸ ਕਾਰਨ ਵਿਅਕਤੀ ਦੀ ਫਲਾਈਟ ਦੋ ਵਾਰੀ ਹੋਈ ਰੱਦ

01/17/2018 3:07:04 PM

ਲੰਡਨ (ਬਿਊਰੋ)— ਹਵਾਈ ਜਹਾਜ਼ ਵਿਚ ਯਾਤਰੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਸਹੂਲਤਾਂ ਦੇ ਨਾਲ-ਨਾਲ ਜ਼ਰੂਰਤ ਤੋਂ ਜ਼ਿਆਦਾ ਸਾਮਾਨ ਲਿਜਾਣ ਵਾਲਿਆਂ ਨੂੰ ਸਾਮਾਨ ਦਾ ਵੱਧ ਕਿਰਾਇਆ ਦੇਣਾ ਪੈਂਦਾ ਹੈ। ਲੰਡਨ ਵਿਚ ਰਹਿਣ ਵਾਲੇ ਇਕ ਵਿਅਕਤੀ ਦੀ ਫਲਾਈਟ ਦੋ ਵਾਰੀ ਰੱਦ ਹੋ ਗਈ। ਅਸਲ ਵਿਚ ਇਹ ਵਿਅਕਤੀ ਵਾਧੂ ਸਾਮਾਨ ਦਾ ਕਿਰਾਇਆ ਦੇਣ ਤੋਂ ਬਚਣ ਲਈ 10 ਜੋੜੀ ਕੱਪੜੇ ਪਹਿਨ ਕੇ ਹਵਾਈ ਜਹਾਜ਼ ਅੰਦਰ ਦਾਖਲ ਹੋ ਗਿਆ ਸੀ। 
ਰੇਆਨ ਕਾਰਨੇ ਵਿਲੀਅਮਸ ਜਿਸ ਨੂੰ 'ਰੇਆਨ ਹਵਾਈ' ਦਾ ਨਾਂ ਦਿੱਤਾ ਗਿਆ ਹੈ ਉਸ ਨੂੰ ਬੁੱਧਵਾਰ ਨੂੰ ਕੇਫਲਾਵਿਕ ਹਵਾਈ ਅੱਡੇ 'ਤੇ ਉਡਾਣ ਭਰਨ ਲਈ ਬੋਰਡਿੰਗ ਪਾਸ ਦਿੱਤੇ ਜਾਣ ਤੋਂ ਇਨਕਾਰ ਕਰ ਦਿੱਤਾ ਗਿਆ। ਉਹ ਬ੍ਰਿਟਿਸ਼ ਏਅਰਵੇਜ਼ ਜ਼ਰੀਏ ਆਈਸਲੈਂਡ ਤੋਂ ਲੰਡਨ ਦੀ ਯਾਤਰਾ ਕਰ ਰਿਹਾ ਸੀ। ਸਾਮਾਨ ਦਾ ਕਿਰਾਇਆ ਬਚਾਉਣ ਲਈ ਰੇਆਨ ਨੇ 8 ਜੋੜੀ ਪੈਂਟ ਅਤੇ 10 ਕਮੀਜ਼ਾਂ ਪਾਈਆਂ ਹੋਈਆਂ ਸਨ। ਇਸ ਲਈ ਰੇਆਨ ਨੂੰ ਬ੍ਰਿਟੇਨ ਦੀ ਫਲਾਈਟ ਵਿਚ ਬੈਠਣ ਤੋਂ ਰੋਕ ਦਿੱਤਾ ਗਿਆ। ਇਸ ਮਗਰੋਂ ਰੇਆਨ ਨੇ ਆਪਣੇ ਸੋਸ਼ਲ ਮੀਡੀਆ ਪੇਜ਼ 'ਤੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇਸ ਨੂੰ ਨਸਲੀ ਹਰਕਤ ਦੱਸਿਆ। ਬ੍ਰਿਟਿਸ਼ ਏਅਰਵੇਜ਼ ਨੇ ਸਫਾਈ ਦਿੱਤੀ ਕਿ ਇਸ ਮਾਮਲੇ ਵਿਚ ਕੋਈ ਨਸਲੀ ਭੇਦਭਾਵ ਨਹੀਂ ਕੀਤਾ ਗਿਆ। ਹਾਲਾਂਕਿ ਇਜ਼ੀ ਜੈੱਟ ਦੀ ਦੂਜੀ ਫਲਾਈਟ ਵਿਚ ਰੇਆਨ ਨੇ ਦੁਬਾਰਾ ਲੰਡਨ ਜਾਣ ਦੀ ਕੋਸ਼ਿਸ਼ ਕੀਤੀ ਪਰ ਇਸ ਵਾਰੀ ਵੀ ਰੇਆਨ ਨੂੰ ਉਡਾਣ ਭਰਨ ਦੀ ਇਜਾਜ਼ਤ ਨਹੀਂ ਮਿਲੀ। ਰੇਆਨ ਨੇ ਟਵੀਟ ਕੀਤਾ ਕਿ ਦੋ ਦਿਨ ਵਿਚ ਦੋ ਫਲਾਈਟਾਂ ਵਿਚ ਬਿਨਾ ਕਿਸੇ ਕਾਰਨ ਉਸ ਨੂੰ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਖੀਰ ਰੇਆਨ ਨਾਰਵੇ ਏਅਰਲਾਈਨਜ਼ ਦੀ ਫਲਾਈਟ ਲੈ ਕੇ ਬ੍ਰਿਟੇਨ ਪਹੁੰਚੇ। ਹਾਲਾਂਕਿ ਇਹ ਪਹਿਲਾ ਮਾਮਲਾ ਨਹੀਂ ਹੈ, ਜਦੋਂ ਕਿਸੇ ਯਾਤਰੀ ਨੇ ਇੰਨੇ ਕੱਪੜੇ ਪਹਿਨ ਕੇ ਜਹਾਜ਼ ਵਿਚ ਸਫਰ ਕੀਤਾ ਹੋਵੇ।  ਇਸ ਤੋਂ ਪਹਿਲਾਂ ਸਾਲ 2015 ਵਿਚ ਸਕਾਟਲੈਂਡ ਦੇ ਗਾਇਕ ਜੇਮਜ਼ ਮੈਕਐਲਵਰ 12 ਜੋੜੀ ਕੱਪੜੇ ਪਹਿਨ ਕੇ ਲੰਡਨ ਤੋਂ ਗਲਾਸਗੋ ਦੀ ਫਲਾਈਟ ਵਿਚ ਸਵਾਰ ਹੋਏ ਸਨ।


Related News