''ਦੋਸਤ'' ਪਾਕਿ ਦੇ ਅੱਤਵਾਦੀਆਂ ਤੋਂ ਡਰਿਆ ਡ੍ਰੈਗਨ, ਜਾਰੀ ਕੀਤੀ ਚਿਤਾਵਨੀ

12/08/2017 7:58:27 PM

ਪੇਈਚਿੰਗ— ਪਾਕਿਸਤਾਨ 'ਚ ਵੱਡਾ ਨਿਵੇਸ਼ ਕਰਨ ਵਾਲੇ ਚੀਨ ਨੂੰ ਵੀ ਹੁਣ ਪਾਕਿਸਤਾਨੀ ਅੱਤਵਾਦੀਆਂ ਤੋਂ ਡਰ ਲੱਗਣ ਲੱਗਾ ਹੈ। ਚੀਨ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ 'ਚ ਰਹਿ ਰਹੇ ਆਪਣੇ ਨਾਗਰਿਕਾਂ ਤੇ ਨਿਵੇਸ਼ਕਾਂ ਨੂੰ ਅੱਤਵਾਦੀ ਹਮਲਿਆਂ ਤੋਂ ਸਾਵਧਾਨ ਕੀਤਾ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਚੀਨ ਪਾਕਿਸਤਾਨ 'ਚ ਵੱਡੇ ਇੰਫ੍ਰਾਸਟ੍ਰਕਚਰ 'ਚ ਵੱਡਾ ਨਿਵੇਸ਼ ਕਰ ਰਿਹਾ ਹੈ। ਚੀਨ ਪਾਕਿਸਤਾਨ 'ਚ 57 ਅਰਬ ਡਾਲਰ ਦਾ ਬੈਲਟ ਐਂਡ ਰੋਡ ਪ੍ਰੋਜੈਕਟ ਤਿਆਰ ਕਰ ਰਿਹਾ ਹੈ ਤੇ ਇਸ ਦੇ ਲਈ ਚੀਨ ਦੇ ਹਜ਼ਾਰਾਂ ਵਰਕਰ ਪਾਕਿਸਤਾਨ 'ਚ ਹਨ।
ਪਾਕਿਸਤਾਨ 'ਚ ਸਥਿਤ ਚੀਨੀ ਦੂਤਘਰ ਨੇ ਆਪਣੀ ਵੈੱਬਸਾਈਟ 'ਤੇ ਇਕ ਬਿਆਨ 'ਚ ਕਿਹਾ ਕਿ ਇਹ ਸਮਝਿਆ ਜਾ ਰਿਹਾ ਹੈ ਕਿ ਪਾਕਿਸਤਾਨ 'ਚ ਰਹਿ ਰਹੇ ਚੀਨੀ ਵਿਅਕਤੀਆਂ ਤੇ ਸੰਗਠਨਾਂ 'ਤੇ ਅੱਤਵਾਦੀ ਲੜੀਵਾਰ ਹਮਲੇ ਕਰ ਸਕਦੇ ਹਨ। ਦੂਤਘਰ ਨੇ ਆਪਣੇ ਨਾਗਰਿਕਾਂ ਤੇ ਸੰਗਠਨਾਂ ਨੂੰ ਸੁਰੱਖਿਆ ਸਾਵਧਾਨੀ ਵਧਾਉਣ, ਅਹਿਤਿਆਤ ਰੱਖਣ, ਬਾਹਰ ਘੱਟ ਜਾਣ ਤੇ ਭੀੜ ਵਾਲੇ ਇਲਾਕਿਆਂ ਤੋਂ ਦੂਰ ਰਹਿਣ ਨੂੰ ਕਿਹਾ ਹੈ।
ਚੀਨੀ ਨਾਗਰਿਕਾਂ ਨੂੰ ਪਾਕਿਸਤਾਨ ਪੁਲਸ ਤੇ ਫੌਜ ਨਾਲ ਸਹਿਯੋਗ ਕਰਨ ਦੇ ਇਲਾਵਾ ਕਿਹਾ ਗਿਆ ਹੈ ਕਿ ਐਮਰਜੰਸੀ 'ਚ ਦੂਤਘਰ ਨੂੰ ਅਲਰਟ ਕਰੇ। ਹਾਲਾਂਕਿ ਹਮਲਿਆਂ ਦੇ ਖਦਸ਼ੇ ਨੂੰ ਲੈ ਕੇ ਹੋਰ ਡਿਟੇਲ ਨਹੀਂ ਦਿੱਤੀ ਗਈ ਹੈ। ਇਸ ਮੁੱਦੇ 'ਤੇ ਅਜੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਪਾਕਿਸਤਾਨ ਨੂੰ ਲੰਬੇ ਸਮੇਂ ਤੋਂ ਇਹ ਚਿੰਤਾ ਲੱਗੀ ਹੋਈ ਹੈ ਕਿ ਸ਼ਿਨਚਿਯਾਂਗ ਇਲਾਕੇ 'ਚ ਅਸੰਤੁਸ਼ਟ ਮੁਸਲਿਮ ਭਾਈਚਾਰੇ ਦੀ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਅੱਤਵਾਦੀਆਂ ਨਾਲ ਦੋਸਤੀ ਹੋ ਗਈ ਹੈ। ਇਸੇ ਵਿਚਾਲੇ ਪਾਕਿਸਤਾਨ ਦੇ ਬਲੋਚਿਸਤਾਨ 'ਚ ਹਿੰਸਾ ਨੇ ਪੱਛਮੀ ਚੀਨ ਤੋਂ ਪਾਕਿਸਤਾਨ ਦੇ ਗਵਾਦਰ ਪੋਰਟ ਦੇ ਵਿਚਕਾਰ ਟ੍ਰਾਂਸਪੋਰਟ ਤੇ ਐਨਰਜੀ ਲਿੰਕਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਅਲਕਾਇਦਾ, ਇਸਲਾਮਿਕ ਸਟੇਟ ਤੇ ਤਾਲਿਬਾਨ ਸਾਰੇ ਬਲੋਚਿਸਤਾਨ 'ਚ ਸਰਗਰਮ ਹਨ, ਜਿਸ ਦਾ ਬਾਰਡਰ ਇਰਾਨ ਤੇ ਅਫਗਾਨਿਸਤਾਨ ਨਾਲ ਮਿਲਿਆ ਹੋਇਆ ਹੈ ਤੇ ਇਹ ਬੈਲਟ ਐਂਡ ਰੋਡ ਪਹਿਲ ਦਾ ਕੇਂਦਰ ਹੈ।


Related News