ਅਮਰੀਕੀ-ਕੈਨੇਡੀਅਨ ਜੋੜੇ ਨੂੰ ਪਾਕਿ ਨਾ ਛੁਡਾਉਂਦਾ ਤਾਂ ਅਮਰੀਕਾ ਇੰਝ ਦਿੰਦਾ ਇਸ ਕੰਮ ਨੂੰ ਅੰਜ਼ਾਮ

10/18/2017 6:32:11 PM

ਵਾਸ਼ਿੰਗਟਨ (ਬਿਊਰੋ)— ਹਾਲ ਹੀ 'ਚ ਪਾਕਿਸਤਾਨੀ ਸੁਰੱਖਿਆ ਫੋਰਸ ਦੀ ਮਦਦ ਨਾਲ ਹੱਕਾਨੀ ਨੈੱਟਵਰਕ ਦੇ ਚੁੰਗਲ ਤੋਂ ਅਮਰੀਕੀ-ਕੈਨੇਡੀਅਨ ਜੋੜੇ ਨੂੰ ਸੁਰੱਖਿਅਤ ਛੁਡਵਾ ਲਿਆ ਗਿਆ ਹੈ। ਪਾਕਿਸਤਾਨ ਦੀ ਇਸ ਕਾਰਵਾਈ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਿਫਤ ਵੀ ਕੀਤੀ ਸੀ। ਇਸ ਮਾਮਲੇ 'ਚ ਪਾਕਿਸਤਾਨ ਦੀ ਭੂਮਿਕਾ ਨੂੰ ਲੈ ਕੇ ਅਮਰੀਕਾ ਉਸ ਦੀ ਪਿੱਠ ਥਪਥਪਾ ਰਿਹਾ ਸੀ ਪਰ ਸੱਚਾਈ ਕੁਝ ਹੋਰ ਹੈ, ਜਿਸ ਨੂੰ ਲੈ ਕੇ ਮਾਮਲੇ ਵਿਚ ਨਵਾਂ ਖੁਲਾਸਾ ਹੋਇਆ ਹੈ। ਇਕ ਅੰਗਰੇਜ਼ੀ ਅਖਬਾਰ 'ਚ ਛਪੀ ਰਿਪੋਰਟ ਮੁਤਾਬਕ ਜੇਕਰ ਪਾਕਿਸਤਾਨ ਇਸ ਜੋੜੇ ਨੂੰ ਰਿਹਾਅ ਨਹੀਂ ਕਰਵਾਉਂਦਾ ਤਾਂ ਅਮਰੀਕਾ ਦੀ ਨੇਵੀ ਸੀਲਜ਼ ਦੀ 6 ਮੈਂਬਰੀ ਟੀਮ ਇਸ ਜੋੜੇ ਨੂੰ ਅੱਤਵਾਦੀ ਓਸਾਮਾ ਬਿਨ ਲਾਦੇਨ ਦੇ ਖਾਤਮੇ ਵਾਲੇ ਅੰਦਾਜ਼ ਵਿਚ ਰਿਹਾਅ ਕਰਵਾਉਣ ਦੀ ਤਿਆਰੀ 'ਚ ਸੀ ਪਰ ਆਖਰੀ ਸਮੇਂ ਵਿਚ ਯੋਜਨਾ ਬਦਲ ਗਈ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਕਿ ਪਾਕਿਸਤਾਨੀ ਅਧਿਕਾਰੀਆਂ ਨੂੰ ਅਮਰੀਕਾ ਦੇ ਦਬਾਅ ਦੀ ਵਜ੍ਹਾ ਤੋਂ ਇਸ ਜੋੜੇ ਨੂੰ ਰਿਹਾਅ ਕਰਵਾਉਣ ਨੂੰ ਮਜਬੂਰ ਹੋਣਾ ਪਿਆ ਸੀ। 
ਅਮਰੀਕਾ ਦੀ ਕੇਂਦਰੀ ਖੁਫੀਆ ਏਜੰਸੀ (ਸੀ. ਆਈ. ਏ.) ਦੇ ਡਰੋਨ ਨੇ ਬੀਤੇ ਮਹੀਨੇ ਇਕ ਔਰਤ ਅਤੇ ਉਸ ਦੇ 3 ਬੱਚਿਆਂ ਦੇ ਅੱਤਵਾਦੀ ਕੈਂਪ 'ਚ ਦਿੱਸਣ ਦਾ ਖੁਲਾਸਾ ਹੋਇਆ ਸੀ। ਕੁਝ ਧੁੰਦਲੀਆਂ ਤਸਵੀਰਾਂ ਵੱਡਾ ਸੁਰਾਗ ਬਣੀਆਂ ਅਤੇ ਫੌਜ ਨੇ ਉਨ੍ਹਾਂ ਨੂੰ ਬਚਾਉਣ ਲਈ ਨੇਵੀ ਸੀਲਜ਼ ਦੇ 6 ਕਮਾਂਡੋ ਦੀ ਟੀਮ ਤਿਆਰ ਕੀਤੀ ਪਰ ਚਿੰਤਾਵਾਂ ਨੂੰ ਦੇਖਦੇ ਹੋਏ ਆਪਰੇਸ਼ਨ ਨੂੰ ਰੋਕ ਦਿੱਤਾ ਗਿਆ। ਕੁਝ ਦਿਨਾਂ ਬਾਅਦ ਸੀ. ਆਈ. ਏ. ਨੇ ਦੇਖਿਆ ਕਿ ਅੱਤਵਾਦੀ ਪਰਿਵਾਰ ਨੂੰ ਕੈਂਪ 'ਚੋਂ ਕੱਢ ਕੇ ਆਦਿਵਾਸੀ ਇਲਾਕੇ ਵਿਚ ਲੈ ਗਏ ਹਨ। 
ਪਾਕਿਸਤਾਨ ਨਾਲ ਅਮਰੀਕਾ ਨੇ ਇਸ ਮੁੱਦੇ 'ਤੇ ਤੁਰੰਤ ਸੰਦੇਸ਼ ਭੇਜਿਆ ਅਤੇ ਕਿਹਾ ਕਿ ਉਹ ਇਸ ਮਾਮਲੇ ਨੂੰ ਸੁਲਝਾਉਣ ਜਾਂ ਫਿਰ ਉਹ ਖੁਦ ਸੁਲਝਾ ਲਵੇਗਾ। ਸੰਦੇਸ਼ 'ਚ ਸਾਫ ਕੀਤਾ ਗਿਆ ਸੀ ਕਿ ਜੇਕਰ ਪਾਕਿਸਤਾਨੀਆਂ ਨੇ ਇਸ ਮਾਮਲੇ 'ਤੇ ਕੋਈ ਭੂਮਿਕਾ ਨਹੀਂ ਨਿਭਾਈ ਤਾਂ ਅਮਰੀਕਾ ਆਪਣੇ ਨਾਗਰਿਕ ਅਤੇ ਉਸ ਦੇ ਕੈਨੇਡੀਅਨ ਪਤੀ ਨੂੰ ਆਜ਼ਾਦ ਕਰਵਾਉਣ ਲਈ ਠੀਕ ਉਸੇ ਤਰ੍ਹਾਂ ਛਾਪਾ ਮਾਰੇਗਾ, ਜਿਵੇਂ ਉਸ ਨੇ ਅਲਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਨੂੰ ਮਾਰਨ ਲਈ ਮਾਰਿਆ ਸੀ। ਪਾਕਿਸਤਾਨ ਨੇ ਅਮਰੀਕਾ ਦੀ ਗੱਲ ਮੰਨੀ ਅਤੇ ਮਸਲਾ ਸੁਲਝਾ ਲਿਆ ਸੀ। ਅਮਰੀਕੀ ਖੁਫੀਆ ਜਾਣਕਾਰੀ ਦੀ ਮਦਦ ਨਾਲ ਉਨ੍ਹਾਂ ਨੇ ਅਮਰੀਕੀ ਨਾਗਰਿਕ ਕੈਟਲਾਨ ਕੋਲਮੈਨ ਅਤੇ ਉਸ ਦੇ ਕੈਨੇਡੀਅਨ ਪਤੀ ਜੋਸ਼ੂ ਬਾਇਲ ਨੂੰ ਉਨ੍ਹਾਂ ਦੇ 3 ਬੱਚਿਆਂ ਨਾਲ ਬੀਤੇ ਵੀਰਵਾਰ ਨੂੰ ਹੱਕਾਨੀ ਨੈੱਟਵਰਕ ਦੇ ਚੁੰਗਲ ਸੁਰੱਖਿਅਤ ਰਿਹਾਅ ਕਰਵਾ ਲਿਆ ਸੀ। ਇਸ ਜੋੜੇ ਨੂੰ 2012 ਵਿਚ ਅਫਗਾਨਿਸਤਾਨ ਦੀ ਯਾਤਰਾ ਦੌਰਾਨ ਅਗਵਾ ਕਰ ਲਿਆ ਗਿਆ। ਇਸ ਜੋੜੇ ਦੇ ਤਿੰਨੋਂ ਬੱਚੇ ਅੱਤਵਾਦੀਆਂ ਦੇ ਚੁੰਗਲ ਵਿਚ ਰਹਿੰਦੇ ਹੀ ਪੈਦਾ ਹੋਏ ਸਨ।


Related News