ਰੇਲਵੇ 'ਚ ਮਿਲੇਗਾ ਜਹਾਜ਼ ਵਰਗਾ ਖਾਣਾ!

08/17/2017 3:52:48 PM

ਨਵੀਂ ਦਿੱਲੀ— ਅਗਲੀ ਵਾਰ ਜਦੋਂ ਤੁਸੀਂ ਰੇਲ 'ਚ ਸਫਰ ਕਰਨ ਜਾਓ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਜਹਾਜ਼ 'ਚ ਮਿਲਣ ਵਾਲੇ ਸਾਫ-ਸੁਥਰੇ ਖਾਣੇ ਦਾ ਸੁਆਦ ਟਰੇਨ 'ਚ ਮਿਲੇ। ਮੁਸਾਫਰਾਂ ਨੂੰ ਚੰਗਾ ਭੋਜਨ ਮੁਹੱਈਆ ਕਰਾਉਣ ਲਈ ਭਾਰਤੀ ਰੇਲਵੇ ਟਰੇਨਾਂ 'ਚ ਰਸੋਈ ਬੰਦ ਕਰਨ ਅਤੇ ਖਾਣਾ ਪੂਰੀ ਤਰ੍ਹਾਂ ਬੇਸ ਰਸੋਈ 'ਚ ਤਿਆਰ ਕਰਨ ਦੇ ਬਦਲਾਂ 'ਤੇ ਵਿਚਾਰ ਕਰ ਰਿਹਾ ਹੈ। ਭਾਰਤੀ ਰੇਲਵੇ ਖਾਣ-ਪੀਣ ਅਤੇ ਸੈਰ-ਸਪਾਟਾ ਨਿਗਮ (ਆਈ. ਆਰ. ਸੀ. ਟੀ. ਸੀ.) ਦੀ ਯੋਜਨਾ ਦੁਨੀਆ ਭਰ ਦੇ ਹਵਾਈ ਅੱਡਿਆਂ 'ਤੇ ਖਾਣ-ਪੀਣ ਦੀ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੂੰ ਆਪਣੇ ਨਾਲ ਜੋੜਨ ਦੀ ਹੈ। ਇਨ੍ਹਾਂ 'ਚ ਫਰਾਂਸ ਦੀ ਪ੍ਰਸਿੱਧ ਕੰਪਨੀ ਸੋਡੈਕਸੋ ਅਤੇ ਟਰੈਵਲ ਫੂਡ ਸਰਵਿਸਜ਼ ਵੀ ਸ਼ਾਮਲ ਹਨ।
ਇਸ ਦੇ ਇਲਾਵਾ ਰੇਲਵੇ ਚੱਲਦੀਆਂ ਟਰੇਨਾਂ 'ਚ ਮੁਸਾਫਰਾਂ ਨੂੰ ਖਾਣਾ ਮੁਹੱਈਆ ਕਰਾਉਣ ਲਈ ਹੋਟਲ ਉਦਯੋਗ ਦੀਆਂ ਸੇਵਾਵਾਂ ਵੀ ਲੈ ਸਕਦਾ ਹੈ। ਰੇਲਵੇ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਜੇ ਸਾਨੂੰ ਟਰੇਨਾਂ 'ਚ ਮਿਲਣ ਵਾਲੇ ਖਾਣੇ ਅਤੇ ਰੋਸਈ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਅਸੀਂ ਖਾਣਾ ਬਣਾਉਣ ਦੀ ਪੂਰੀ ਵਿਵਸਥਾ ਨੂੰ ਬੇਸ ਰਸੋਈ 'ਚ ਸਥਾਪਤ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਟਰੇਨਾਂ 'ਚ ਕੈਂਟੀਨ ਦੀ ਤਰ੍ਹਾਂ ਪੈਂਟਰੀ ਰਹੇਗੀ, ਜਿਸ 'ਚ ਸਿਰਫ ਚਾਹ ਜਾਂ ਕੌਫੀ ਮਿਲੇਗੀ। ਫਰਾਂਸ ਦੀ ਪ੍ਰਸਿੱਧ ਕੰਪਨੀ ਟਰੈਵਲ ਫੂਡ ਸਰਵਿਸਜ਼ ਪਰਚੂਨ ਸ਼੍ਰੇਣੀ 'ਚ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ 'ਚ ਸ਼ਾਮਲ ਹੈ। ਉਹ ਮੁੰਬਈ, ਚੇਨਈ, ਕੋਲਕਾਤਾ, ਨਾਗਪੁਰ ਅਤੇ ਵਿਸ਼ਾਖਾਪਟਨਮ 'ਚ ਸੇਵਾਵਾਂ ਦੇ ਰਹੀ ਹੈ। ਉੱਥੇ ਹੀ ਸੋਡੈਕਸੋ ਦੇ 80 ਤੋਂ ਵਧ ਦੇਸ਼ਾਂ 'ਚ 34000 ਆਊਟਲੇਟਸ ਹਨ।


Related News