ਜਲਦ ਮਿਲੇਗਾ ਦੁਆਬਾ ਵਾਸੀਆਂ ਨੂੰ ਸਸਤੀ ''ਉਡਾਣ'' ਦਾ ਝੂਟਾ!

04/28/2017 2:54:29 PM

ਜਲੰਧਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸ਼ਿਮਲਾ ਤੋਂ ਦਿੱਲੀ ਲਈ ਸਸਤੀ ਹਵਾਈ ਯਾਤਰਾ ਦਾ ਸ਼ੁਭ ਆਰੰਭ ਕੀਤਾ। ਦੇਸ਼ ''ਚ ਸਸਤੀ ਹਵਾਈ ਸੇਵਾ ਸ਼ੁਰੂ ਹੁੰਦੇ ਹੀ ਆਦਮਪੁਰ ''ਚ ਹਵਾਈ ਅੱਡੇ ਦੇ ਕੰਮ ''ਚ ਤੇਜ਼ੀ ਆ ਗਈ ਹੈ। ਇੱਥੇ ਹਵਾਈ ਯਾਤਰਾ ਦੀ ਸ਼ੁਰੂਆਤ ਅਸਥਾਈ ਸ਼ੈੱਡ ਬਣਾ ਕੇ ਕੀਤੀ ਜਾਵੇਗੀ। ਇਸ ਲਈ ਭਾਰਤੀ ਹਵਾਈ ਅੱਡਾ ਅਥਾਰਟੀ ਨੇ ਮਨਜ਼ੂਰੀ ਦੇ ਦਿੱਤੀ ਹੈ। ਜਲਦ ਹੀ ਇਸ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਸ਼ੁਰੂਆਤ ''ਚ 100 ਯਾਤਰੀਆਂ ਦੀ ਸਹੂਲਤ ਲਈ ਅਸਥਾਈ ਸ਼ੈੱਡ ਤਿਆਰ ਕੀਤੀ ਜਾਵੇਗੀ। ਪਿੰਡ ਕੰਦੋਲਾ ''ਚ ਜਿਹੜੀ ਜਗ੍ਹਾ ਹਵਾਈ ਅੱਡਾ ਬਣਨਾ ਹੈ, ਟੀਮ ਉੱਥੇ ਦੀ ਸਰਵੇ ਰਿਪੋਰਟ ਅਥਾਰਟੀ ਨੂੰ ਦੇ ਚੁੱਕੀ ਹੈ। ਜਾਣਕਾਰੀ ਮੁਤਾਬਕ ਅਗਸਤ ''ਚ ਇੱਥੋਂ ਹਵਾਈ ਯਾਤਰਾ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਲਈ ਜਲਦ ਹੀ ਹਵਾਈ ਅੱਡੇ ਦੀ ਚਾਰ-ਦੀਵਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। 

ਇਸ ''ਚ ਯਾਤਰੀਆਂ ਨੂੰ ਰਨਵੇਅ ਤਕ ਲਿਆਉਣ ਅਤੇ ਲੈ ਜਾਣ ਲਈ ਟੈਕਸੀ ਦੀ ਵਿਵਸਥਾ ਕੀਤੀ ਜਾਵੇਗੀ। ਫਿਲਹਾਲ ਛੋਟੇ ਜਹਾਜ਼ ਨਾਲ ਉਡਾਣ ਸੇਵਾ ਨੂੰ ਸ਼ੁਰੂ ਕੀਤਾ ਜਾਵੇਗਾ ਅਤੇ ਯਾਤਰੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਜਹਾਜ਼ਾਂ ਦੀ ਗਿਣਤੀ ਵਧਾਈ ਜਾਵੇਗੀ। ''ਉਡਾਣ'' ਸਕੀਮ ਤਹਿਤ ਕੇਂਦਰ ਸਰਕਾਰ ਨੇ 500 ਕਿਲੋਮੀਟਰ ਦੇ ਹਵਾਈ ਸਫਰ ਦਾ ਕਿਰਾਇਆ 2500 ਰੁਪਏ ਰੱਖਿਆ ਹੈ। ਆਦਮਪੁਰ ਤੋਂ ਦਿੱਲੀ ਲਗਭਗ 345 ਕਿਲੋਮੀਟਰ ਦੂਰ ਹੈ। ਅਜਿਹੇ ''ਚ ਉਮੀਦ ਹੈ ਕਿ ਆਦਮਪੁਰ ਤੋਂ ਦਿੱਲੀ ਦਾ ਕਿਰਾਇਆ ਇਹੀ ਰਹੇਗਾ। ਉੱਥੇ ਹੀ ਮਾਹਰਾਂ ਦਾ ਮੰਨਣਾ ਹੈ ਕਿ ਹਵਾਈ ਅੱਡੇ ਨੂੰ ਪੂਰਾ ਤਿਆਰ ਹੋਣ ''ਚ ਅਜੇ 2 ਤੋਂ 3 ਸਾਲ ਤਕ ਲੱਗਣਗੇ। ਉਦੋਂ ਤਕ ਇਸੇ ਤਰ੍ਹਾਂ ਅਸਥਾਈ ਸ਼ੈੱਡ ਦੇ ਸਹਾਰੇ ਹੀ ਕੰਮ ਚਲਾਇਆ ਜਾਵੇਗਾ।


Related News