ਅੱਤਵਾਦ ਦੇ ਵਿਰੁੱਧ ਲੜਨ ਵਾਲੇ ਕਾਮਰੇਡ ਏ. ਬੀ. ਬਰਧਨ ਦਾ ਦਿਹਾਂਤ

Monday, Jan 04, 2016 - 07:50 AM (IST)

ਅੱਤਵਾਦ ਦੇ ਵਿਰੁੱਧ ਲੜਨ ਵਾਲੇ ਕਾਮਰੇਡ ਏ. ਬੀ. ਬਰਧਨ ਦਾ ਦਿਹਾਂਤ

ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਨੇਤਾ ਏ. ਬੀ. ਬਰਧਨ (92) ਦਾ 2 ਜਨਵਰੀ ਦੀ ਰਾਤ 8.30 ਵਜੇ ਦਿੱਲੀ ''ਚ ਦਿਹਾਂਤ ਹੋ ਗਿਆ। ਸਿਲਹਟ (ਮੌਜੂਦਾ ਬੰਗਲਾਦੇਸ਼) ''ਚ 24 ਸਤੰਬਰ 1924 ਨੂੰ ਜਨਮੇ ਸ਼੍ਰੀ ਬਰਧਨ ਨੇ ਆਪਣਾ ਸਿਆਸੀ ਕੈਰੀਅਰ 1940 ''ਚ ਦੇਸ਼ ਦੇ ਆਜ਼ਾਦੀ ਅੰਦੋਲਨ ਦੌਰਾਨ ਕੁਲਹਿੰਦ ਸਟੂਡੈਂਟਸ ਫੈੱਡਰੇਸ਼ਨ ਦੇ ਨੇਤਾ ਦੇ ਰੂਪ ''ਚ ਸ਼ੁਰੂ ਕੀਤਾ ਅਤੇ ਕਮਿਊਨਿਸਟ ਧਾਰਾ ਵਿਚ ਸ਼ਾਮਲ ਹੋ ਕੇ ਭਾਕਪਾ ''ਚ ਆ ਗਏ।
ਮਜ਼ਦੂਰ ਸੰਗਠਨ ਅੰਦੋਲਨ ਅਤੇ ਮਹਾਰਾਸ਼ਟਰ ਵਿਚ ਖੱਬੇਪੱਖੀ ਸਿਆਸਤ ਦਾ ਚਿਹਰਾ ਰਹੇ ਅਰਧੇਂਦੂ ਭੂਸ਼ਨ ਬਰਧਨ ਨੇ ਆਜ਼ਾਦੀ ਅੰਦੋਲਨ ''ਚ 20 ਵਾਰ ਗ੍ਰਿਫਤਾਰ ਹੋ ਕੇ 4 ਸਾਲ ਜੇਲ ਵਿਚ ਬਿਤਾਏ ਅਤੇ ਬਾਅਦ ''ਚ ਉਹ ਭਾਰਤ ਦੇ ਸਭ ਤੋਂ ਪੁਰਾਣੇ ਮਜ਼ਦੂਰ ਸੰਗਠਨ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਦੇ ਜਨਰਲ ਸਕੱਤਰ ਬਣੇ।
ਉਹ 1990 ਦੇ ਦਹਾਕੇ ''ਚ ਭਾਕਪਾ ਦੇ ਡਿਪਟੀ ਜਨਰਲ ਸਕੱਤਰ ਅਤੇ 1996 ''ਚ ਇੰਦਰਜੀਤ ਗੁਪਤ ਦੇ ਸਥਾਨ ''ਤੇ ਪਾਰਟੀ ਦੇ ਜਨਰਲ ਸਕੱਤਰ ਬਣੇ ਅਤੇ 1996 ਤੋਂ 2012 ਤਕ 16 ਸਾਲ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਰਹੇ। 
ਅਡੋਲ ਸਿਧਾਂਤਵਾਦਿਤਾ ਅਤੇ ਸਪੱਸ਼ਟਵਾਦਿਤਾ ਲਈ ਸਨਮਾਨਿਤ ਸ਼੍ਰੀ ਬਰਧਨ ਨੇ ਰਾਸ਼ਟਰੀ ਸਿਆਸਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੂੰ 90 ਦੇ ਦਹਾਕੇ ਵਿਚ ਭਾਕਪਾ ਨੂੰ ਅੱਗੇ ਵਧਾਉਣ ਦਾ ਸਿਹਰਾ ਜਾਂਦਾ ਹੈ। 1996 ''ਚ ਕੇਂਦਰ ਦੀ ਗੱਠਜੋੜ ਸਰਕਾਰ ਵਿਚ ਭਾਕਪਾ ਨੂੰ ਸ਼ਾਮਲ ਕਰਵਾਉਣ ''ਚ ਉਨ੍ਹਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਇੰਦਰਜੀਤ ਗੁਪਤ ਕੇਂਦਰੀ ਗ੍ਰਹਿ ਮੰਤਰੀ ਬਣੇ। ਉਹ ਖੁਦ ਸਵ. ਜੋਤੀ ਬਾਸੂ ਦੇ ਇਸ ਕਥਨ ਨਾਲ ਸਹਿਮਤ ਸਨ ਕਿ 1996 ਵਿਚ ਪ੍ਰਧਾਨ ਮੰਤਰੀ ਅਹੁਦਾ ਸਵੀਕਾਰ ਨਾ ਕਰਨਾ ਖੱਬੇਪੱਖੀ ਪਾਰਟੀਆਂ ਦੀ ਇਤਿਹਾਸਕ ਭੁੱਲ ਸੀ।
2011 ਵਿਚ ਤ੍ਰਿਣਮੂਲ ਕਾਂਗਰਸ ਦੇ ਹੱਥੋਂ ਖੱਬੇਪੱਖੀ ਮੋਰਚੇ ਦੀ ਬੰਗਾਲ ''ਚ ਭਾਰੀ ਹਾਰ ਤੋਂ ਬਾਅਦ ਉਹ ਵਾਰ-ਵਾਰ ਖੱਬੇਪੱਖੀ ਨੇਤਾਵਾਂ ਨੂੰ ਚੇਤਾਵਨੀ ਦਿੰਦੇ ਰਹੇ ਕਿ ਜੇਕਰ ਉਨ੍ਹਾਂ ਨੇ ਖੁਦ ਨੂੰ ਨਹੀਂ ਬਦਲਿਆ ਤਾਂ ਉਨ੍ਹਾਂ ਦਾ ਸਫਾਇਆ ਹੋ ਜਾਵੇਗਾ।
9 ਸਤੰਬਰ 1981 ਨੂੰ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਦੇ ਬਲੀਦਾਨ ਤੋਂ ਬਾਅਦ ਪੰਜਾਬ ''ਚ ਸ਼ੁਰੂ ਹੋਏ ਅੱਤਵਾਦ ਦੇ ਕਾਲੇ ਦੌਰ ਦੌਰਾਨ 25 ਹਜ਼ਾਰ ਲੋਕ ਮਾਰੇ ਗਏ, ਜਿਨ੍ਹਾਂ ''ਚ ਆਮ ਲੋਕਾਂ ਤੋਂ ਇਲਾਵਾ ਕਮਿਊਨਿਸਟ, ਕਾਂਗਰਸ, ਭਾਜਪਾ ਅਤੇ ਅਕਾਲੀ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਸਰਵਸ਼੍ਰੀ ਦਰਸ਼ਨ ਸਿੰਘ ਕੈਨੇਡੀਅਨ, ਦੀਪਕ ਧਵਨ, ਸੁਖਦੇਵ ਸਿੰਘ ਉਮਰਾਨੰਗਲ, ਸੰਤ ਲੌਂਗੋਵਾਲ, ਜੋਗਿੰਦਰਪਾਲ ਪਾਂਡੇ, ਹਿਤਾਭਿਲਾਸ਼ੀ ਆਦਿ ਸ਼ਾਮਲ ਸਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਵੀ ਅੱਤਵਾਦੀਆਂ ਹੱਥੋਂ ਹੀ ਸ਼ਹੀਦ ਕੀਤੇ ਗਏ।
ਉਸ ਕਾਲੇ ਦੌਰ ''ਚ ਜਦੋਂ ਸੰਤ-ਮਹਾਤਮਾ ਅਤੇ ਵੱਡੀਆਂ ਸਿਆਸੀ ਪਾਰਟੀਆਂ ਦੇ ਨੇਤਾ ਪੰਜਾਬ ਆਉਣ ਤੋਂ ਡਰਦੇ ਸਨ, ਅੱਤਵਾਦਗ੍ਰਸਤ ਇਲਾਕਿਆਂ ਦਾ ਦੌਰਾ ਕਰਨ ''ਚ ਜੋਤੀ ਬਾਸੂ, ਸੋਮਨਾਥ ਚੈਟਰਜੀ, ਏ. ਬੀ. ਬਰਧਨ ਅਤੇ ਗੁਰੂਦਾਸ ਦਾਸਗੁਪਤ ਵਰਗੇ ਨੇਤਾ ਮੋਹਰੀ ਸਨ, ਜਿਨ੍ਹਾਂ ਦਾ ਪੰਜਾਬ ''ਚ ਅੱਤਵਾਦ ਦੇ ਵਿਰੁੱਧ ਲੜਨ ''ਚ ਮਹੱਤਵਪੂਰਨ ਯੋਗਦਾਨ ਰਿਹਾ।
ਇਨ੍ਹਾਂ ਨੇ ਆਪਣੇ ਪ੍ਰਾਣਾਂ ਦੀ ਪ੍ਰਵਾਹ ਨਾ ਕਰਦੇ ਹੋਏ ਪੰਜਾਬ ਵਿਚ ਕਈ ਰੈਲੀਆਂ ਕੀਤੀਆਂ ਅਤੇ ਵਿਸ਼ੇਸ਼ ਤੌਰ ''ਤੇ ਅੱਤਵਾਦ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਾਝਾ ਇਲਾਕੇ ਦੇ ਪਿੰਡਾਂ ਅਤੇ ਅੰਮ੍ਰਿਤਸਰ ਤੇ ਤਰਨਤਾਰਨ ਆਦਿ ਦੇ ਦੌਰੇ ਕਰ ਕੇ ਲੋਕਾਂ ਦਾ ਮਨੋਬਲ ਵਧਾਇਆ।
ਇਸੇ ਸਿਲਸਿਲੇ ''ਚ ਸਵ. ਬਰਧਨ ਨੇ ਜਲੰਧਰ ਦੇ ਦੇਸ਼ਭਗਤ ਯਾਦਗਾਰ ਹਾਲ ''ਚ ਵੀ ਇਕ ਰੈਲੀ ਨੂੰ ਸੰਬੋਧਨ ਕੀਤਾ ਸੀ, ਜਿਸ ਵਿਚ ਉਨ੍ਹਾਂ ਨੇ ''ਪੰਜਾਬ ਕੇਸਰੀ ਗਰੁੱਪ'' ਵਲੋਂ ਅੱਤਵਾਦ ਪੀੜਤਾਂ ਲਈ ਸ਼ੁਰੂ ਕੀਤੇ ਗਏ ਸ਼ਹੀਦ ਪਰਿਵਾਰ ਫੰਡ ਦੀ ਸ਼ਲਾਘਾ ਕੀਤੀ ਸੀ।
ਇਹ ਫੰਡ ਹੁਣ ਤਕ ਜਾਰੀ ਹੈ ਅਤੇ ਇਸ ਦੇ ਅਧੀਨ 9295 ਪਰਿਵਾਰਾਂ ਨੂੰ ਸਹਾਇਤਾ ਦਿੱਤੀ ਜਾ ਚੁੱਕੀ ਹੈ ਤੇ ਹੁਣ ਇਸ ਦੀ ਰਾਸ਼ੀ 15 ਕਰੋੜ ਦੇ ਨੇੜੇ ਪਹੁੰਚਣ ਵਾਲੀ ਹੈ। ਸ਼੍ਰੀ ਬਰਧਨ ਨੇ 23 ਜਨਵਰੀ 2011 ਨੂੰ ਆਯੋਜਿਤ ਸ਼ਹੀਦ ਪਰਿਵਾਰ ਫੰਡ ਦੇ 103ਵੇਂ ਸਮਾਰੋਹ ''ਚ ਹਿੱਸਾ ਲਿਆ ਸੀ ਅਤੇ ਭਾਸ਼ਣ ਦਿੰਦੇ ਹੋਏ ਕਿਹਾ ਸੀ ਕਿ :
''''ਅੱਤਵਾਦ ਤੋਂ ਹੋਏ ਨੁਕਸਾਨ ਦੀ ਪੂਰਤੀ ਲਈ ਕੇਂਦਰ ਸਰਕਾਰ ਨੇ ਵੱਖ-ਵੱਖ ਯੋਜਨਾਵਾਂ ਬਣਾਈਆਂ ਹਨ ਪਰ ਅਸਲ ''ਚ ਮੈਂ ਇਨ੍ਹਾਂ ''ਤੇ ਅਮਲ ਹੁੰਦਿਆਂ ਨਹੀਂ ਦੇਖਿਆ। ਇਹ ਤਾਂ ''ਊਂਚੀ ਦੁਕਾਨ ਔਰ ਫੀਕਾ ਪਕਵਾਨ'' ਵਾਲੀ ਕਹਾਵਤ ''ਤੇ ਖਰੀਆਂ ਉਤਰਦੀਆਂ ਹਨ। ਅੱਤਵਾਦ ਦੇ ਕਾਰਨਾਂ ਨੂੰ ਜਾਣਨ ਦੀ ਲੋੜ ਹੈ ਅਤੇ ਇਸ ਨਾਲ ਨਜਿੱਠਣ ਲਈ ਸਖਤੀ ਕੀਤੀ ਜਾਣੀ ਚਾਹੀਦੀ ਹੈ। ਦੇਸ਼ ਦੀ ਜਨਤਾ ਭੁੱਖਮਰੀ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਤੋਂ ਪੀੜਤ ਹੈ ਪਰ ਇਸ ਦੇ ਬਾਵਜੂਦ ਅੱਤਵਾਦ ਸਭ ਤੋਂ ਮਹੱਤਵਪੂਰਨ ਮੁੱਦਾ ਹੈ।''''
ਸ਼੍ਰੀ ਸਤਪਾਲ ਡਾਂਗ, ਜਗਜੀਤ ਸਿੰਘ ਆਨੰਦ ਵਰਗੇ ਤੇਜ਼-ਤਰਾਰ ਨੇਤਾਵਾਂ ਨੂੰ ਤਾਂ ਅਸੀਂ ਹਾਲ ਹੀ ''ਚ ਗੁਆ ਚੁੱਕੇ ਹਾਂ। ਹੁਣ ਪੰਜਾਬ ਦੇ ਹਨੇਰਮਈ ਦੌਰ ''ਚ ਇਥੇ ਆ ਕੇ ਆਪਣੇ ਭਾਸ਼ਣਾਂ ਨਾਲ ਉਦਾਸ ਤੇ ਨਿਰਾਸ਼ ਲੋਕਾਂ ਵਿਚ ਆਸ ਦਾ ਦੀਪਕ ਜਗਾਉਣ ਵਾਲੇ ਨੇਤਾ ਏ. ਬੀ. ਬਰਧਨ ਦਾ ਵਿਛੜਨਾ ਉਨ੍ਹਾਂ ਦੇ ਸ਼ੁਭ-ਚਿੰਤਕਾਂ ਲਈ ਹੀ ਨਹੀਂ ਸਗੋਂ ਖੱਬੇਪੱਖੀ ਅੰਦੋਲਨ ਲਈ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਇਸ ਲਈ ਸਾਰੀਆਂ ਵਿਚਾਰਧਾਰਾਵਾਂ ਦੇ ਨੇਤਾਵਾਂ ਨੇ ਉਨ੍ਹਾਂ ਦੀ ਮੌਤ ''ਤੇ ਦੁੱਖ ਜ਼ਾਹਿਰ ਕੀਤਾ ਹੈ। ਬਿਨਾਂ ਸ਼ੱਕ ਸ਼੍ਰੀ ਬਰਧਨ ਇਕ ਜੁਝਾਰੂ ਨੇਤਾ ਦੇ ਰੂਪ ਵਿਚ ਯਾਦ ਕੀਤੇ ਜਾਣਗੇ, ਜੋ ਜੀਵਨ ਭਰ ਵਾਂਝੇ ਤੇ ਹਾਸ਼ੀਏ ''ਤੇ ਪਏ ਲੋਕਾਂ ਲਈ ਲੜਦੇ ਰਹੇ।
''ਜੋ ਬਾਦਾ ਕਸ਼² ਥੇ ਪੁਰਾਨੇ ਵੋ ਉਠਤੇ ਜਾਤੇ ਹੈਂ,
ਕਹੀਂ ਸੇ ਆਬੇ ਬਕਾ-ਏ-ਦਵਾਮ ਲਾ ਸਾਕੀ।''
-ਵਿਜੇ ਕੁਮਾਰ


author

Vijay Kumar Chopra

Chief Editor

Related News