ਜਾਣੋ 31 ਮਈ ਨੂੰ ਕਿਉਂ ਮਨਾਇਆ ਜਾਂਦਾ ਹੈ ''ਸੰਸਾਰ ਤਮਾਕੂ ਰੋਕਥਾਮ ਦਿਹਾੜਾ''

05/31/2020 1:41:12 PM

ਨਰੇਸ਼ ਕੁਮਾਰੀ

ਤਮਾਕੂ ਦੀ ਵਰਤੋਂ ਪੂਰੀ ਦੁਨੀਆ ਵਿਚ ਇੱਕ ਨਸ਼ੇ ਦੇ ਤੌਰ ’ਤੇ ਕੀਤੀ ਜਾਂਦੀ ਹੈ। ਫਿਰ ਭਾਵੇਂ ਉਹ ਸਿਗਰਿਟ, ਬੀੜੀ, ਗੁਟਕਾ, ਪਾਨ, ਹੁੱਕਾ ਜਾਂ ਸ਼ਿਗਾਰ ਕਿਉਂ ਨਾ ਹੋਵੇ। ਇਨ੍ਹਾਂ ਨੂੰ ਵੱਖ-ਵੱਖ ਢੰਗਾਂ ਨਾਲ ਇਸਤੇਮਾਲ ਕੀਤਾ ਜਾਂਦਾ ਹੈ। ਤਮਾਕੂ ਅਤੇ ਪਾਨ ਖਾਧਾ ਜਾਂਦਾ ਹੈ (ਭਾਂਵੇ ਲੰਘਾਇਆ ਨਹੀਂ ਜਾਂਦਾ) ਬੱਸ ਜੁਬਾਨ ਹੇਠਾਂ ਦਬਾ ਲਿਆ ਜਾਂਦਾ ਹੈ ਤੇ ਇਸਦਾ ਨਸ਼ਾ ਬੜੀ ਤੇਜ਼ੀ ਨਾਲ ਅਸਰ ਕਰਦਾ ਹੈ। ਇਨ੍ਹਾਂ ਦੋਨਾਂ ਚੀਜ਼ਾਂ ਵਿੱਚ ਲੱਗਭਗ ਇੱਕੋ ਜਿਹੀ ਸਮੱਗਰੀ, ਖੈਨੀ (ਤਮਾਕੂ), ਕੱਥਾ ਚੂਨਾ, ਸੁਪਾਰੀ ਮਿਲਾਈ ਜਾਂਦੀ ਹੈ। ਬਾਕੀ ਦੀਆਂ ਚੀਜ਼ਾਂ ਤੋਂ ਧੂੰਆਂ ਪੈਦਾ ਕਰਕੇ ਸ਼ਾਹ ਵਾਲੀ ਨਾਲੀ ਰਾਹੀਂ ਨਸ਼ਾ ਮਾਣਿਆ ਜਾਂਦਾ ਹੈ। ਇਸ ਨਸ਼ੇ ਦੀ ਜਿੰਨੀ ਖੁੱਲਕੇ ਵਰਤੋਂ ਕੀਤੀ ਜਾਂਦੀ ਹੈ, ਉਨੇ ਹੀ ਇਹ ਸਿਹਤ ’ਤੇ ਮਾੜਾ ਪ੍ਰਭਾਵ ਪਾਉਂਦਾ ਹੈ।

ਤਮਾਕੂ ਵਿਰੋਧੀ ਦਿਵਸ ਕਿਉਂ ਮਨਾਇਆ ਜਾਣ ਲੱਗਾ?
31 ਮਈ ਨੂੰ ਦੁਨੀਆਂ ਭਰ ਵਿੱਚ “ਤਮਾਕੂ ਵਿਰੋਧੀ ਦਿਵਸ “ਮਨਾਇਆ ਜਾਂਦਾ ਹੈ । WHO ਜਿਹੜੀ ਕਿ ਸਿਹਤ ਸੰਬੰਧੀ ਦੁਨੀਆਂ ਭਰ ਦੀ ਸਿਰਮੌਰ ਸੰਸਥਾ ਹੈ, ਜਿਸਦਾ ਸਿੱਧਾ ਮਕਸਦ ਤਮਾਕੂਨੋਸ਼ੀ ਖਤਮ ਕਰਨਾ ਸੀ, ਇਸਦੀਆਂ ਵਿਸ਼ਵ ਭਰ ਵਿੱਚ 56 ਇਕਾਈਆ ਕੰਮ ਕਰ ਰਹੀਆਂ ਹਨ। ਦੁਨੀਆਂ ਭਰ ਵਿੱਚ ਸੈਂਕੜੇ ਵੱਡੀਆਂ ਅਤੇ ਛੋਟੀਆਂ ਸੰਸਥਾਵਾਂ ਇਸ ਮਕਸਦ ਦੀ ਪੂਰਤੀ ਲਈ ਟਿੱਲ ਦਾ ਜ਼ੋਰ ਲਗਾ ਰਹੀਆਂ ਹਨ। ਇਨ੍ਹਾਂ ਵਿੱਚੋਂ  WHO ਦਾ ਸਭ ਤੋਂ ਵੱਡਾ ਯੋਗਦਾਨ ਹੈ। ਇਸ ਸੰਸਥਾ ਨੇ 1983 ਵਿੱਚ ਦੁਨੀਆਂ ਭਰ ਦਾ ਡਾਟਾ ਇਕੱਠਾ ਕੀਤਾ, ਜੋ ਚੌਂਕਾਅ ਦੇਣ ਵਾਲਾ ਸੀ। ਇਸਦੇ ਮੁਤਾਬਕ ਅੱਠ ਮਿਲੀਅਨ ਸਿੱਧੇ ਤੌਰ ’ਤੇ ਨਸ਼ਾ ਕਰਨ ਵਾਲਿਆਂ ’ਤੇ ਇੱਕ ਮਿਲਿਅਨ ਤੋਂ ਵੱਧ ਅਸਿੱਧੇ ਤੌਰ ’ਤੇ ਇਸ ਧੂੰਏਂ ਦੇ ਕਾਰਣ, ਲੋਕਾਂ ਦੀ ਮੌਤ ਹੋ ਚੁੱਕੀ ਸੀ। ਇਨ੍ਹਾਂ ਹਾਲਾਤਾਂ ਨੂੰ ਵੇਖਦਿਆਂ ਇਸ ਸੰਸਥਾ ਨੇ ਅੱਗੇ ਵਧਕੇ ਸਾਲ ਵਿੱਚ ਇੱਕ ਦਿਨ, 31ਮਈ ਨੂੰ ਤਮਾਕੂ ਵਿਰੋਧੀ ਦਿਵਸ (anti tobacco day) ਦੇ ਤੌਰ ’ਤੇ ਮਨਾਉਣ ਦਾ ਫ਼ੈਸਲਾ ਲਿਆ। ਇਸ ਸਮੇਂ ਇਸ ਦਾ ਮਕਸਦ ਕੇਵਲ ਤਮਾਕੂ ਨਾਲ ਹੋਣ ਵਾਲੀਆਂ ਬੀਮਾਰੀਆਂ ਤੇ ਮੌਤਾਂ ਤੇ ਲਗਾਮ ਲਗਾਉਣਾ ਸੀ।ਹੁਣ ਦੁਨੀਆਂ ਭਰ ਦੀਆਂ ਵੱਖ-ਵੱਖ ਸੰਸਥਾਵਾਂ ਦੁਆਰਾ ਤਮਾਕੂ ਇਸਤੇਮਾਲ ਦੇ ਖਿਲਾਫ ਕੀਤੇ ਜਾ ਰਹੇ ਉੱਦਮਾਂ ’ਤੇ ਚਾਨਣਾ ਪਾਉਣ ਤੋਂ ਪਹਿਲਾਂ ,ਇਸ ਨਸ਼ੇ ਅਤੇ ਇਸਦੇ ਜਾਨਲੇਵਾ ਪ੍ਰਭਾਵਾਂ ’ਤੇ ਚਾਨਣਾ ਪਾਉਣਾ ਚਾਹਾਂਗੀ।

ਤਮਾਕੂ ਦੇ ਸਾਡੇ ਸਰੀਰ ’ਤੇ ਖਤਰਨਾਕ ਅਸਰ : 
ਸਿਹਤ ਪੱਖੋਂ ਨਸ਼ਾ ਕੋਈ ਵੀ ਲਾਭਦਾਇਕ ਨਹੀਂ। ਇਹ ਸਮਾਜਿਕ, ਪਰਿਵਾਰਕ ਤੇ ਸਰੀਰਕ ਪੱਖੋਂ ਹਾਨੀਕਾਰਕ ਤਾਂ ਹੈ ਹੀ, ਨਾਲ ਹੀ ਮੈਡੀਕਲ ਦੇ ਮੁਤਾਬਕ ਹਜ਼ਾਰਾਂ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਵੀ ਜਨਮ ਦਿੰਦਾ ਹੈ ਅਤੇ ਲੱਖਾਂ ਜਾਨਾਂ ਦੇ ਜਾਣ ਦਾ ਕਾਰਣ ਬਣਦਾ ਹੈ। ਹੋਰ ਤਾਂ ਹੋਰ, ਇਨਸਾਨ ਇਨ੍ਹਾਂ ਅਵੇਸਲਾ ਅਤੇ ਅਣਗਹਿਲੀ ਦਾ ਭਰਿਆ ਹੋਇਆ ਹੈ ਕਿ ਆਪਣੀ ਜੇਬ ਵਿੱਚੋਂ ਪੈਸੇ ਗਵਾ ਕੇ, ਇਨ੍ਹਾਂ ਬੀਮਾਰੀਆਂ ਅਤੇ ਮੌਤ ਨੂੰ ਦਾਵਤ ਦਿੰਦਾ ਹੈ। ਸਮਾਜਿਕ ਤੇ ਪਰਿਵਾਰਕ ਪੱਖ ’ਤੇ ਟਿੱਪਣੀ ਕਰਨ ਤੋਂ ਪਹਿਲਾਂ ਮੈਡੀਕਲ ਪੱਖ ਨੂੰ ਉਭਾਰਨਾ ਜ਼ਿਆਦਾ ਜਰੂਰੀ ਹੈ। ਇਸ ਲਈ ਪਹਿਲਾਂ ਇਸ ’ਤੇ ਤਪਸਰਾ ਕਰਦੇ ਹਾਂ। ਇਸ ਨਸ਼ੇ ਨੂੰ ਦੋ ਤਰੀਕਿਆਂ ਨਾਲ ਕੀਤਾ ਜਾਂਦਾ ਹੈ, ਮੌਖਿਕ ਅਤੇ ਸਾਹ ਵਾਲੀ ਨਾਲੀ ਰਾਹੀਂ ਧੂੰਆ ਅੰਦਰ ਖਿੱਚਕੇ। ਮੌਖਿਕ ਵਿੱਚ ਤਮਾਕੂ ਤੇ ਪਾਨ ਆਮ ਤੌਰ ’ਤੇ ਗਿਣੇ ਜਾਂਦੇ ਹਨ ਤੇ ਦੂਸਰੇ ਤਰੀਕੇ ਵਿੱਚ ਬੀੜੀ, ਸਿਗਰੇਟ, ਸ਼ਿਗਾਰ ਅਤੇ ਹੁੱਕਾ ਆਦਿ ਆਮ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਨਿਕੋਟੀਨ ਨਾਂ ਦਾ ਰਸਾਇਣ ਪਾਇਆ ਜਾਂਦਾ ਹੈ, ਜੋ nervous system ਨੂੰ ਉੱਤੇਜਕ ਕਰਦਾ, ਜਿਸ ਨਾਲ ਕੰਮ ਕਰਨ ਦੀ ਸ਼ਕਤੀ ਆਰਜੀ ਤੌਰ ’ਤੇ ਵਧ ਜਾਂਦੀ ਹੈ। ਇਸਦੇ ਨਾਲ-ਨਾਲ ਹੋਰ ਵੀ ਕਈ ਅਜਿਹੇ ਰਾਸਾਇਣ ਪੈਦਾ ਹੁੰਦੇ ਹਨ। ਇਸੇ ਤਰ੍ਹਾਂ ਸਰੀਰਕ ਅਤੇ ਮਾਨਸਿਕ ਪ੍ਰਭਾਵ ਪਾਉਂਦੇ ਹਨ।

ਮੌਖਿਕ ਤਮਾਕੂ ਦੀਆਂ ਕੁਝ ਅਲਾਮਤਾਂ:
ਇਸ ਤਮਾਕੂ ਵਿੱਚ ਚੂਨਾ, ਕੱਥਾ ਆਦਿ ਸਭ ਤੋਂ ਜ਼ਿਆਦਾ ਘਾਤਕ ਹੁੰਦੇ ਹਨ। ਤੁਸੀਂ ਅੰਦਾਜਾ ਲਗਾ ਸਕਦੇ ਹੋ ਕਿ ਇਹ ਉਹੀ ਚੂਨਾ ਹੁੰਦਾ ਹੈ, ਜਿਸਨੂੰ ਕਲੀ ਕਰਨ ਲੱਗਿਆਂ ਭਿਓਂਇਆ ਜਾਣ ’ਤੇ ਇਹ ਉਬਲਦਾ, ਭਾਫ ਅਤੇ ਗਰਮੀ ਛੱਡਦਾ ਹੈ। ਇਹ ਇਸਦੀ ਰਾਸਾਇਣਕ ਪ੍ਰਕਿਰਿਆ ਕਾਰਣ ਹੁੰਦਾ ਹੈ। ਅਸੀਂ ਅਸਾਨੀ ਨਾਲ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਡੇ ਮੂੰਹ ਅਤੇ ਪਾਚਣ ਤੰਤਰ ਉੱਤੇ ਇਹ ਰਾਸਾਇਣ ਰਲਕੇ ਕੀ ਅਸਰ ਕਰਦੇ ਹੋਣਗੇ। ਅਸਲ ਵਿੱਚ ਇਹ ਮੂੰਹ, ਗਲੇ, ਖਾਣੇ ਵਾਲੀ ਨਾਲੀ ਦੇ ਨਾਲ-ਨਾਲ ਹੋਰ ਬਹੁਤ ਸਾਰੇ ਪਾਚਨ ਕਿਰਿਆ ਨਾਲ ਸੰਬੰਧਿਤ ਅੰਗਾਂ ਦੇ ਇੰਨਫੈਕਸ਼ਨ ਤੋਂ ਕੈਂਸਰ ਤੱਕ ਨੂੰ ਜਨਮ ਦਿੰਦੇ ਹਨ। ਕੈਂਸਰ ਜੋ ਬਾਅਦ ਵਿੱਚ ਜਾਨ ਲੇਵਾ ਸਾਬਤ ਹੁੰਦਾ ਹੈ।

ਸ਼ਾਹ ਤੰਤਰ ਦੇ ਤਮਾਕੂਨੋਸ਼ੀ ਨਾਲ ਸੰਬੰਧਿਤ ਦੋਸ਼ :
ਤਮਾਕੂ ਨੂੰ ਧੂਏਂ ਦੇ ਰੂਪ ਵਿੱਚ ਇਸਤੇਮਾਲ ਕਰਨ ਨਾਲ ਸਿੱਧੇ ਤੌਰ ’ਤੇ ਖਪਤਕਾਰ ਦੇ ਸਾਹ ਤੰਤਰ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ, ਦੂਸਰੇ ਅੰਗਾਂ ’ਤੇ ਅਸਰ ਤਾਂ ਪਾਉਂਦਾ ਹੀ ਹੈ, ਨਾਲ ਆਲੇ-ਦੁਆਲੇ, ਧੂੰਏਂ ਦੇ ਪ੍ਰਭਾਵ ਹੇਠ ਆਉਣ ਵਾਲੇ ਸੰਬੰਧੀਆਂ ਸਾਥੀਆਂ ਅਤੇ ਪਰਿਵਾਰ ਦੇ ਜੀਆਂ ਨੂੰ ਨੁਕਸਾਨ ਕਰਦਾ ਹੈ। ਜਿਨਾਂ ਨੂੰ passive smokers ਕਿਹਾ ਕਿਹਾ ਜਾਂਦਾ ਹੈ। ਸ਼ਾਹ ਤੰਤਰ ਵਿੱਚ ਸਾਹ ਨਾਲੀ ਦਾ ਇੰਨਫੈਕਸ਼ਨ, lyringitis, pharyngitis, bronchitis, ਦਮਾਂ, ਬਲਗਮ, ਖਾਂਸੀ, ਸਾਹ ਲੈਣ ਵਿੱਚ ਤਕਲੀਫ ਦੇ ਨਾਲ-ਨਾਲ ਕੁਝ ਖਤਰਨਾਕ ਬੀਮਾਰੀਆਂ ਜਿਵੇਂ ਫੇਫੜਿਆਂ ਦਾ ਸੁੰਗੜਨਾ, ਫੇਫੜਿਆਂ ਦੀ ਉੱਪਰਲੀ ਝਿਲੀ ਦਾ ਸਖਤ ਹੋਣਾ, ਫੇਫੜਿਆਂ ਵਿੱਚ ਪਾਣੀ ਦਾ ਭਰਨਾ ਤੇ ਪੂਰੇ ਸਾਹ ਤੰਤਰ ਦਾ ਜਾਂ ਕਿਸੇ ਇੱਕ ਹਿੱਸੇ ਦਾ ਕੈਂਸਰ ਦੀਆਂ ਆਮ ਅਲਾਮਤਾਂ ਹਨ। ਇਸਦੇ ਨਾਲ-ਨਾਲ chronic obstructive pulmonary didorder ਜੋ ਇਸ ਨਾਲੀ ਨੂੰ ਜਾਮ ’ਤੇ ਬੰਦ ਕਰ ਦਿੰਦਾ ਹੈ, ਜਿਹੜਾ ਕੈਂਸਰ ਵਾਂਗ ਤਮਾਕੂਨੋਸ਼ ਦੀ ਮੌਤ ਦਾ ਕਾਰਨ ਬਣਦਾ ਹੈ। ਕੈਂਸਰ ਬਾਰੇ ਥੋੜੀ ਹੋਰ ਜਾਨਕਾਰੀ ਦੇਣੀ ਚਾਹਾਂਗੀ ਕਿ ਆਮ ਕਰਕੇ ਸ਼ੁਰੂਆਤੀ ਦੌਰ ਵਿੱਚ ਇਸਦੇ ਲੱਛਣ ਨਾ ਮਾਤਰ ਹੀ ਹੁੰਦੇ ਹਨ। ਖਾਂਸੀ, ਭੁੱਖ ਘੱਟ ਲੱਗਣੀ, ਭਾਰ ਘਟਣਾ, ਇਹ ਆਮ ਜਿਹੇ ਲੱਛਣ ਹੁੰਦੇ ਹਨ, ਜਿਨ੍ਹਾਂ ਨੂੰ ਆਮ ਤੌਰ ’ਤੇ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ। ਆਮ ਤੌਰ ’ਤੇ ਤੀਜੀ ਜਾਂ ਚੌਥੀ ਸਟੇਜ ਵਿੱਚ ਖਤਰਨਾਕ ਲੱਛਣ ਉਭਰਣ ’ਤੇ ਮਰੀਜ਼ ਡਾਕਟਰੀ ਸਲਾਹ ਲੈਂਦਾ ਹੈ। ਤੀਸਰੀ ਸਟੇਜ ਤੱਕ ਕਾਫੀ ਹਾਲਾਤਾਂ ਵਿੱਚ ਓਪਰੇਸ਼ਨ ਕਰਕੇ ਬਹੁਤ ਸਾਰੇ ਖਰਚੇ ਨਾਲ ਜਾਨ ਬਚਾਈ ਜਾ ਸਕਦੀ ਹੈ ਪਰ ਚੌਥੀ ਸਟੇਜ ਵਿੱਚ ਜਦੋਂ ਕੈਂਸਰ ਦੂਰ ਦੇ ਅੰਗਾਂ ਜਿਵੇਂ ਦਿਲ, ਜਿਗਰ, ਗੁਰਦੇ, ਆਂਦਰਾਂ, ਹੱਡੀਆਂ , ਬੱਚੇਦਾਨੀ, ਵੱਡੀ ਆਂਦਰ, ਗੁੱਦਾ ਦਵਾਰ ਆਦਿ ਤੱਕ ਪਹੁੰਚ ਜਾਂਦਾ ਹੈ ਤਾਂ ਮਰੀਜ਼ ਦੀ ਜਾਨ ਬਚਾਉਣੀ ਮੁਸ਼ਕਲ ਹੋ ਜਾਂਦੀ ਹੈ।

ਦਿਲ ਨਾਲ ਸੰਬੰਧਿਤ ਕੁਝ ਬੀਮਾਰੀਆਂ :
ਬਹੁਤ ਜ਼ਿਆਦਾ ਅਤੇ ਲੰਬੇ ਸਮੇਂ ਲਈ ਤਮਾਕੂਨੋਸ਼ੀ ਬਹੁਤ ਸਾਰੇ ਹਿਰਦੈ ਘਾਤਕ ਰੋਗਾਂ ਨੂੰ ਵੀ ਜਨਮ ਦਿੰਦੀ ਹੈ। ਇਸ ਵਿੱਚ ਖੂਨ ਦੀਆਂ ਨਾੜੀਆਂ ਜਿਵੇਂ ਧੰਮਣੀਆਂ ਤੇ ਸਿਰਾਵਾਂ ਦਾ ਸਖਤ ਹੋ ਜਾਣਾ, ਲੱਤਾਂ ਵਿਚਲੀਆਂ ਖੂਨ ਵਹਿਣੀਆਂ ਦੀ ਬੀਮਾਰੀਆਂ ਖੂਨ ਦਾ ਥਕਾ ਬਣਨਾ, ਉਸਦਾ ਦਿਲ, ਦਿਮਾਗ ਜਾਂ ਸਰੀਰ ਦੇ ਕਿਸੇ ਹੋਰ ਭਾਗ ਦੀ ਧਮਣੀ ਵਿੱਚ ਜੰਮਣ ਨਾਲ ਅਗਲੇ ਅੰਗ ਨੂੰ ਖੂਨ ਦਾ ਵਹਾਅ ਬੰਦ ਕਰਕੇ ਘਾਤਕ ਸਿੱਧ ਹੋਣਾ। ਜੇਕਰ ਇਹ ਥੱਕਾ ਦਿਲ ਜਾਂ ਦਿਮਾਗ ਜਿਹੇ ਅੰਗ ਵਿੱਚ ਬੈਠ ਜਾਂਦਾ ਹੈ ਤਾਂ ਤਤਕਾਲ ਮੌਤ ਦਾ ਕਾਰਣ ਬਣਦਾ ਹੈ। ਇਸਦੇ ਨਾਲ-ਨਾਲ ਇਹ ਆਦਤ ਦਿਲ ਦੇ ਵਾਲਵਾਂ ਅਤੇ ਬਾਕੀ ਪੱਠਿਆਂ ਨੂੰ ਵੀ ਸਖਤ ਕਰ ਦਿੰਦੀ ਹੈ ਜਾਂ ਸੁੰਗੋੜ ਦਿੰਦੀ ਹੈ। ਇਸ ਤੋਂ ਇਲਾਵਾ ਦਿਲ ਦੇ ਪੱਠਿਆਂ ਨੂੰ ਖੂਨ ਸਪਲਾਈ ਕਰਨ ਵਾਲੀਆਂ ਸਿਰਾਵਾਂ ਵੀ ਬੰਦ ਹੋ ਜਾਣ ਕਾਰਣ ਤਤਕਾਲ ਦਿਲ ਦੀ ਧੜਕਣ ਦੇ ਰੁਕਣ ਦਾ ਕਾਰਣ ਬਣਦੀ ਹੈ, ਜਿਸਨੂੰ ਹਾਰਟ ਅਟੈਕ ਕਿਹਾ ਜਾਂਦਾ ਹੈ।

ਪ੍ਰਜਨਨ ਅਤੇ ਤਮਾਕੂਨੋਸ਼ੀ ਦਾ ਅਸਰ:
ਆਮਤੌਰ ’ਤੇ ਵੇਖਣ ਵਿੱਚ ਆਇਆ ਹੈ ਕਿ ਤਮਾਕੂਨੋਸ਼ੀ ਦਾ ਸ਼ਿਕਾਰ ਔਰਤਾਂ ਦੇ ਆਪਣੇ ਸਰੀਰ ਉੱਤੇ ਇਸਦਾ ਮਾੜਾ ਪ੍ਰਭਾਵ ਤਾਂ ਪੈਂਦਾ ਹੀ ਹੈ, ਨਾਲ ਹੀ ਪ੍ਰਜਨਨ ਪੱਖੋਂ, ਬਾਂਝਪਨ, ਜੋਖਮ ਭਰੇ ਗਰਭ, ਨਵਜਾਤ ਵਿੱਚ ਜਮਾਂਦਰੂ ਨੁਕਸ, ਵਕਤ ਤੋਂ ਪਹਿਲਾਂ ਪ੍ਰਸੂਤੀ, ਭਾਰ ਘੱਟ ਤੇ ਘੱਟ ਰੋਗ ਪ੍ਰਤੀਰੋਧਕ ਸ਼ਕਤੀ ਦਾ ਹੋਣਾ। ਇਸਦੇ ਨਾਲ-ਨਾਲ ਨਵਜਾਤ ਦੀ ਅਚਾਨਕ ਮੌਤ ਦਾ ਹੋਣਾ, ਗਰਭ ਦੌਰਾਨ ਮਾਂ ਦੀ ਤਮਾਕੂਨੋਸ਼ੀ ਇੱਕ ਕਾਰਣ ਬਣਦਾ ਹੈ। ਮਰਦਾਂ ਵਿੱਚ ਨਪੁੰਸਕਤਾ ਵੀ ਇਸਦਾ ਇੱਕ ਹੋਰ ਅਸਰ ਹੈ।ਇਨ੍ਹਾਂ ਸਾਰੀਆਂ ਅਲਾਮਤਾਂ ਦੇ ਨਾਲ-ਨਾਲ ਡਾਇਬੈਟੀਜ਼ (ਸ਼ੁਗਰ), ਚਿੱਟਾ ਮੋਤੀਆਂ, ਰੋਗ ਪ੍ਰਤੀਰੋਧਕ ਸ਼ਕਤੀ ਦਾ ਘਟਣਾ, ਭੁੱਖ ਤੇ ਭਾਰ ਦਾ ਘਟਣਾ ਆਦਿ ਬਹੁਤ ਸਾਰੀਆਂ ਕਮੀਆਂ ਆ ਜਾਂਦੀਆਂ ਹਨ।

ਤਮਾਕੂਨੋਸ਼ੀ ਦਾ ਸਮਾਜਿਕ, ਪਰਿਵਾਰਕ ਤੇ ਆਰਥਿਕ ਨੁਕਸਾਨ :
ਪਰਿਵਾਰ ਸਮਾਜ ਦੀ ਮਜਬੂਤ ਇਕਾਈ ਹੈ। ਭਾਰਤ ’ਚ ਆਮਤੌਰ ’ਤੇ ਮਰਦ ਘਰ ਦਾ ਮੋਢੀ ਹੁੰਦਾ ਹੈ। ਆਰਥਿਕ ਤੌਰ ’ਤੇ ਜ਼ਿਆਦਾਤਰ ਪਰਿਵਾਰਾਂ ਵਿੱਚ ਮਰਦ ਘਰ ਚਲਾਉਂਦਾ ਹੈ। ਇਸਦੇ ਨਾਲ-ਹੀ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਤਮਾਕੂ ਦੇ ਨਸ਼ੇ ਵਿੱਚ ਵੀ ਮਰਦ ਹੀ ਅਵੱਲ ਹੈ। ਇਸ ਲਈ ਇਸ ਸਬੰਧੀ ਬੀਮਾਰੀ ਜਾਂ ਜਾਨੀ ਨੁਕਸਾਨ ਵੀ ਮਰਦਾਂ ਦਾ ਹੀ ਜ਼ਿਆਦਾ ਹੁੰਦਾ ਹੈ, ਨਤੀਜੇ ਵਜੋਂ ਬਾਕੀ ਦਾ ਪਰਿਵਾਰ ਆਰਥਿਕ ਪੱਖੋਂ ਤਾਂ ਰੁਲਦਾ ਹੀ ਹੈ, ਸਗੋਂ ਪਰਿਵਾਰ ਨੂੰ ਇੱਕ ਇਨਸਾਨੀ ਜੀਅ ਨਹੀਂ ਸਗੋਂ ਮਜਬੂਤ ਰਿਸ਼ਤੇ ਵਜੋਂ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈਂਦਾ ਹੈ। ਦੱਸਣਯੋਗ ਹੈ ਕਿ ਤਮਾਕੂ ਦਾ ਇਸਤੇਮਾਲ ਕਰਨ ਵਾਲੇ ਪਰਿਵਾਰ ਜ਼ਿਆਦਾਤਰ ਪਤਲੀ ਆਰਥਿਕਤਾ ਵਾਲੇ ਲੋਕ ਹੁੰਦੇ ਹਨ, ਬਾਕੀ ਨਸ਼ਾਖੋਰੀ ਤੇ ਉਸਤੋਂ ਬਾਅਦ ਬੀਮਾਰੀ ਉਜਾੜ ਦਿੰਦੀ ਹੈ। ਜੇ ਦੇਖਿਆ ਜਾਵੇ ਤਾਂ ਅੱਜਕਲ ਕੈਂਸਰ ਪੀੜਤਾਂ ਦੀ ਗਿਣਤੀ, ਖਾਸ ਕਰ ਪੰਜਾਬ ਵਿੱਚ ਬਹੁਤ ਵਧ ਗਈ ਹੈ, ਉਸ ਵਿੱਚੋਂ ਤਮਾਕੂ ਨਾਲ ਸੰਬੰਧਿਤ ਲੋਕਾਂ ਦੀ ਗਿਣਤੀ ਬਹੁਤ ਹੈ। ਪਰਿਵਾਰ ਦਾ ਕਮਾਊ ਜੀਅ ਚਲੇ ਜਾਣ ਮਗਰੋਂ ਪਤਨੀ ਉੱਤੇ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਆ ਪੈਂਦੀ ਹੈ। ਮਜਬੂਰੀ ਵੱਸ ਉਸਨੂੰ ਨੌਕਰੀ ਲਈ ਧੱਕੇ ਖਾਣੇ ਪੈਂਦੇ ਹਨ ਤੇ ਹਜ਼ਾਰਾਂ ਠੋਕਰਾਂ ਤੋਂ ਬਾਅਦ ਉਸਨੂੰ ਨੌਕਰੀ ਮਿਲ ਵੀ ਜਾਂਦੀ ਹੈ ਤਾਂ ਬੱਚਿਆਂ ਦੀ ਦੇਖਭਾਲ ਦੀ ਚੁਨੌਤੀ ਆ ਖੜ੍ਹਦੀ ਹੈ। ਉਸਦਾ ਵੀ ਔਖਾ ਸੌਖਾ ਹੱਲ ਲੱਭ ਲਿਆ ਜਾਵੇ ਤਾਂ ਸਮਾਜ ਦੇ ਕੁਝ ਪਤਵੰਤਿਆਂ ਵੱਲੋਂ ਸਰੀਰਕ, ਮਾਨਸਿਕ ਅਤੇ ਆਰਥਿਕ ਸ਼ੋਸਣ ਝੱਲਣਾ ਪੈਂਦਾ ਹੈ। ਜ਼ਿਆਦਾਤਰ ਵਿਧਵਾ ਔਰਤਾਂ ਨੂੰ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਦਿਹਾੜੀ ਦੱਪਾ ਅਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਥੋੜ੍ਹੇ ਜਿਹੇ ਪੈਸਿਆਂ ਨਾਲ ਗੁਜ਼ਾਰਾ ਚਲਾਉਣਾ ਪੈਂਦਾ ਹੈ। ਅਜਿਹੇ ਹਲਾਤਾਂ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਅਸੰਭਵ ਦੇ ਬਰਾਬਰ ਹੁੰਦਾ ਹੈ।

ਕੌੜੀਆਂ ਸੱਚਾਈਆਂ:
1970ਵਿਆਂ ਦੀ ਗੱਲ ਹੈ, ਸਰਕਾਰ ਨੇ ਪਰਿਵਾਰ ਕਲਿਆਣ ’ਤੇ ਪੂਰਾ ਜ਼ੋਰ ਦਿੱਤਾ ਹੋਇਆ ਸੀ। ਵੱਡੇ-ਵੱਡੇ ਕੈਂਪ ਲਗਾਏ ਜਾਂਦੇ ਸਨ, ਆਪ੍ਰੇਸ਼ਨ ਕਰਵਾਉਣ ਵਾਲਿਆਂ ਨੂੰ ਢੇਰਾਂ ਲੁਭਾਵਨੇ ਤੋਹਫ਼ੇ ਜਿਵੇਂ, ਭਾਂਡੇ, ਦੇਸੀ ਘਿਓ, ਕੰਬਲ, ਨਗਦੀ ਤੇ ਸਿਹਤ ਕਰਮੀ ਦੁਆਰਾ ਘਰ ਘਰ ਜਾ ਕੇ ਦੇਖਭਾਲ ਕਰਨਾ ਆਦਿ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ। ਪ੍ਰੇਰਕ ਨੂੰ ਵੀ ਤਨਖਾਹ ਤੋਂ ਅੱਡ ਕੇਸ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਸਨ। ਉਸ ਵੇਲੇ ਲੋਕ ਅੱਗੇ ਅੱਗੇ ਭੱਜਦੇ ਸਨ ਪਰ ਵੀਹ ਕੁਝ ਸਾਲਾਂ ਬਾਅਦ ਜਦ ਸਰਕਾਰ ਨੇ ਸਭ ਕੁਝ ਬੰਦ ਕਰ ਦਿੱਤਾ ਤਾਂ ਉਹੀ ਲੋਕ ਹੁਣ ਆਪ ਹੀ ਪਰਿਵਾਰ ਨਿਯੋਜਨ ਅਪਨਾ ਕੇ ਤਿੰਨ ਤੋਂ ਹੁੰਦੇ ਹੋਏ ਇੱਕ ਬੱਚੇ ਤੱਕ ਪਹੁੰਚ ਗਏ ਹਨ। ਦੂਸਰੇ ਪਾਸੇ ਸਾਰੀਆਂ ਸਰਕਾਰਾਂ ਨੂੰ ਠੋਕ ਕੇ ਕਹਿਣ ਦੀ ਥਾਂ, ਸਿਰਫ ਵਧੀਆ ਅਤੇ ਪੂਰੀ ਜਾਣਕਾਰੀ ਦੇਣ ਦੇ ਨਾਲ-ਨਾਲ ਵਿਹਾਰਕ ਤੌਰ ’ਤੇ ਤਮਾਕੂ ਦੀ ਪੈਦਾਵਾਰ ਉੱਤੇ ਰੋਕ ਲਾਉਣੀ ਚਾਹੀਦੀ ਹੈ। ਮੁਨਾਫ਼ਾ ਦੇਖਣਾ ਛੱਡਣਾ ਚਾਹੀਦਾ ਹੈ, ਕਿਓਂਕਿ ਇਨਸਾਨੀ ਜਾਨਾਂ ਮਾਲੀਏ ਨਾਲੋਂ ਕਿਤੇ ਜ਼ਿਆਦਾ ਕੀਮਤੀ ਹਨ।

WHO ਦੇ ਟੀਚੇ:
1. ਇਸ ਸੰਸਥਾ ਨੇ 7 ਅਪ੍ਰੈਲ 1988 ਨੂੰ 24 ਘੰਟਿਆਂ ਲਈ ਇਸ ਨਸ਼ੇ ’ਤੇ ਪਾਬੰਦੀ ਲਾ ਕੇ ਨਿਜਾਤ ਪਾਉਣ ਵਾਲਿਆਂ ਨੂੰ ਇੱਕ ਸੁਨਹਿਰੀ ਮੌਕਾ ਦਿੱਤਾ।
2. 1998 ਵਿੱਚ ਇੱਕ ਸਮਝੌਤੇ ਰਾਹੀਂ ਸੰਸਾਰ ਭਰ ਦੀਆਂ ਵੱਡੀਆਂ ਤੇ ਛੋਟੀਆਂ ਸੰਸਥਾਵਾਂ ਨੂੰ ਨਾਲ ਜੋੜਿਆ।
3. ਸੰਨ 2000 ਵਿੱਚ ਸਲੋਗਨ ਜਾਰੀ ਕੀਤਾ,”ਤਮਾਕੂ ਮੌਤ ਹੈ”।
4. 2008 ਵਿੱਚ ਇਸਦੇ ਪ੍ਰਚਾਰ ਅਤੇ ਪ੍ਰਸਾਰ ਉਤੇ ਪਾਬੰਦੀ ਲਗਾ ਦਿੱਤੀ ਤੇ ਨਾਲ , “ਤਮਾਕੂ ਰਹਿਤ ਨੌਜਵਾਨ ਪੀੜ੍ਹੀ”ਦਾ ਨਾਹਰਾ ਵੀ ਦਿੱਤਾ।
5. ਸੰਨ 2015 ਦਾ ਨਾਹਰਾ ਸੀ ,”ਤਮਾਕੂਨੋਸ਼ੀ ਤੋਂ ਸਿਹਤ ਨੂੰ ਵਾਧੂ ਖਤਰੇ।
6 ਸੰਨ 2017 “ਵਿਕਾਸ ਨੂੰ ਖਤਰਾ” ਵੱਲ ਧਿਆਨ ਦੁਆਉਂਦਾ ਸੀ।
7. 2018 “ਦਿਲ ਤੋੜਦੀ ਹੈ,ਸਿਹਤ ਚੁਣੋ ਤਮਾਕੂ ਨਹੀਂ’’
8. 2019 “ਤਮਾਕੂ ਅਤੇ ਫੇਫੜਿਆਂ ਦੀ ਸਿਹਤ”

WHO ਦੁਆਰਾ ਤਮਾਕੂਨੋਸ਼ੀ ਖ਼ਿਲਾਫ ਕੀਤੇ ਕਾਰਜ:

1. WHO ਦੇ 2008 ਤੋਂ 2010 ਦੇ ਡਾਟੇ ਮੁਤਾਬਕ ਭਾਰਤ, ਬੰਗਲਾਦੇਸ਼, ਚੀਨ, ਮਿਸਰ, ਥਾਈਲੈਂਡ, ਰਸੀਆ, ਯੂਕਰੇਨ, ਫਿਲਪੀਨਜ਼, ਵੀਅਤਨਾਮ, ਕਰਨੀ, ਪੋਲੈਂਡ ਤੇ ਮੈਕਸੀਕੋ ਵਿੱਚ 49% ਮਰਦ 11% ਔਰਤਾਂ-ਕਿਸ਼ੋਰ ਉਮਰ ਦੇ ਤੇ 30% ਬਾਕੀ ਉਮਰ ਦੇ ਲੋਕ ਇਸ ਕੰਮ ਵਿੱਚ ਸੰਲਗਨਕ ਸਨ।
2. ਇਹ ਸੰਸਥਾ ਤਮਾਕੂਨੋਸ਼ੀ ਨਾਲ ਜੁੜੇ ਲੋਕਾਂ ਦੀ ਭਾਲ ਦੇ ਨਾਲ-ਨਾਲ, ਉਨ੍ਹਾਂ ਨੂੰ ਇਸਤੋਂ ਬਚਾਉਂਦੀ, ਇਸਦੀਆਂ ਹਾਨੀਆਂ ਤੋਂ ਜਾਣੂ ਕਰਵਾਉਂਦੀ ਹੈ। ਛੱਡਣ ਦੇ ਢੰਗਾਂ ਦੀ ਜਾਣਕਾਰੀ ਦਿੰਦੀ ਹੈ। ਇਸ ਉਤਲੇ ਕਰ ਵਧਾਉਣ ਦੀ ਸਰਕਾਰਾਂ ਨੂੰ ਅਪੀਲ ਕਰਦੀ ਹੈ।
3. ਸਮੇਂ-ਸਮੇਂ ਸਿਰ /31 ਮਈ ਵਾਲੇ ਦਿਨ ਇਸ ਦਿਵਸ ’ਤੇ ਤਮਾਕੂ ਖ਼ਿਲਾਫ਼ ਸੈਮੀਨਾਰ, ਮੀਟਿੰਗਸ, ਚਰਚਾਵਾਂ, ਮਾਰਚ ਕੱਢਣੇ, ਗੋਸ਼ਟੀਆਂ ਕਰਨਾ, ਟੀ.ਵੀ, ਰੇਡੀਓ ਅਖ਼ਬਾਰਾਂ, ਰਸਾਲਿਆਂ, ਆਫਿਸਰਾਂ ਤੇ ਸਰਕਾਰੀ ਅਦਾਰਿਆਂ (ਦੋ ਇਸ ਮੁਹਿੰਮ ਵਿੱਚ ਯੋਗਦਾਨ ਦਿੰਦੇ ਹਨ) ਨੂੰ ਪ੍ਰਸੰਸਾ ਪੱਤਰ, ਸਰਟੀਫਿਕੇਟਾਂ ਤੇ ਖਾਸ ਪਛਾਣ ਪੱਤਰਾਂ ਨਾਲ ਨਵਾਜਦੀ ਹੈ।
4. 31 ਮਈ ਨੂੰ (WNTD) ਵੀ ਕਿਹਾ ਜਾਂਦਾ ਹੈ। WHO ਨੇ ਤਮਾਕੂਨੋਸ਼ੀ ਨੂੰ ਨੱਥ ਪਾਉਣ ਲਈ ਕੰਮ ਦਾ ਇੱਕ ਖਾਸ ਫਰੇਮਵਰਕ ਤਿਆਰ ਕੀਤਾ ਹੈ, ਜਿਸਨੂੰ (framework convention on tobacoo control )(fctc) ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਇਸ ਰਾਹੀਂ ਹੇਠ ਦਿੱਤੇ ਤਰੀਕਿਆਂ ਨਾਲ ਕੰਮ ਕੀਤਾ ਜਾਂਦਾ ਹੈ।
1. ਮੰਗ ਉਤੇ ਕਾਬੂ ਪਾਉਣਾ 
2. ਅਸਿੱਧੇ ਤੌਰ ’ਤੇ ਇਸ ਅਲਾਮਤ ਤੋਂ ਪ੍ਰਭਾਵਿਤ ਹੋਣ ਵਾਲਿਆਂ ਨੂੰ ਬਚਾਉਣਾ।
3. ਵਿਕਣ ਵਾਲੀ ਪੈਕਿੰਗ ਉੱਤੇ ਉਸਦੇ ਵਿਚਲੇ ਸਾਰੀ ਸਮੱਗਰੀ ਦਾ ਵਿਸਥਾਰ ਪੂਰਵਕ ਵਰਨਣ ਲਿਖਣਾ।
4. ਇਨ੍ਹਾਂ ਪੈਕਟਾਂ ਤੇ ਸਿਹਤ ਸੰਬੰਧੀ ਵੱਡੇ ਅੱਖਰਾਂ ਵਿੱਚ ਚਿਤਾਵਨੀ ਛਾਪਣੀ।
5. ਆਮ ਜਨਤਾ ਨੂੰ ਇਸਦੀਆਂ ਹਾਨੀਆਂ ਬਾਰੇ ਜਾਗਰੂਕ ਕਰਨਾ।
6. ਪ੍ਰਚਾਰ, ਪ੍ਰਸਾਰ ਤੇ ਵਧਾਵਾ ਦੇਣ ਵਾਲੇ ਵਿਗਿਆਪਨਾਂ ’ਤੇ ਪਾਬੰਦੀ ਲਗਾਉਣੀ।
7. ਨਸ਼ੇ ਦੀ ਲਤ ਨੂੰ ਘੱਟ ਤੋਂ ਘੱਟ ਕਰਨਾ।
8. 14 ਸਾਲ  ਤੋਂ ਹੇਠਲੀ ਉਮਰ ਦੇ ਖਰੀਦਦਾਰਾਂ ਤੇ ਪਾਬੰਦੀ ਲਗਾਉਣੀ।   
9. 2012 ਵਿੱਚ ਇੱਕ ਵਿਸ਼ਵ ਪੱਧਰੀ ਕਨਵੈਨਸ਼ਨ ਕਰਵਾਈ ਗਈ, ਜਿਸ ਵਿੱਚ ਤੰਬਾਕੂ ਉਦਯੋਗ ’ਤੇ ਪੂਰਣ ਪਾਬੰਦੀ ’ਤੇ ਜ਼ੋਰ ਦਿੱਤਾ ਗਿਆ। ਇਸ ਵਿੱਚ ਮਤਾ ਪਾਸ ਕੀਤਾ ਗਿਆ, ਜਿਸ ਵਿੱਚ ਚਾਲੀ ਦੇਸ਼ਾਂ ਦੀ ਸਹਿਮਤੀ ਦੀ ਲੋੜ ਸੀ ਪਰ 2017 ਤੱਕ 28 ਦੇਸ਼ਾਂ ਨੇ ਹੀ ਆਪਣੀ ਸਹਿਮਤੀ ਦਿੱਤੀ ਹੈ।
10. ਇਸਦੇ ਨਾਲ਼ ਇਸ ਸੰਸਥਾ ਨੂੰ ਉਦਯੋਗਪਤੀਆਂ ਵਰਤੋਂ ਕਰਨ ਵਾਲੀ ਜਨਤਾ, ਤਮਾਕੂ ਉਗਾਉਣ ਵਾਲੇ ਕਿਸਾਨਾਂ ਤੇ ਇਸ ਨਾਲ ਜੁੜੇ ਸਿੱਧੇ ਅਤੇ ਅਸਿੱਧੇ ਤੌਰ ’ਤੇ ਨਿਰਭਰ ਮਜ਼ਦੂਰਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸਨੂੰ ਇਸਤੇਮਾਲ ਕਰਨ ਵਾਲੇ ਆਪਣੀ ਅਜ਼ਾਦੀ ਦੇ ਤੌਰ ’ਤੇ ਹੱਕ ਸਮਝਦੇ ਹਨ।                          

ਤੱਤ ਸਾਰ:
ਕੁਝ ਚੀਜ਼ਾਂ ’ਤੇ ਕੰਮ ਜੀਵਨ ਲਈ ਅਤਿ ਜ਼ਰੂਰੀ ਹਨ। ਜ਼ਰੂਰ ਅਪਨਾਉਣੇ ਚਾਹੀਦੇ ਹਨ ਪਰ ਵਾਧੂ, ਆਪਣੇ ਜੀਵਨ, ਪਰਿਵਾਰ, ਸਮਾਜ, ਦੇਸ਼ ਤੇ ਸੰਸਾਰ ਨੂੰ ਢਾਅ ਲਾਉਣ ਵਾਲੀਆਂ ਬਿਰਤੀਆਂ ਨੂੰ ਇਨ੍ਹਾਂ ਪ੍ਰਤੀ ਆਪਣਾ ਫਰਜ਼ ਸਮਝਕੇ, ਔਖੇ ਹੋ ਕੇ ਹੀ ਸਹੀ ਤਿਆਗਣਾ ਚਾਹੀਦਾ ਹੈ।


rajwinder kaur

Content Editor

Related News