ਸੁਸ਼ਾਂਤ ਸਿੰਘ ਰਾਜਪੂਤ : ਖਿੰਡੇ ਜਜ਼ਬਾਤ ਦੀ ਸਾਡੀ ਪੱਤਰਕਾਰੀ ਅਤੇ ਅਸੀਂ ਲੋਕ

06/18/2020 1:10:27 PM

ਹਰਪ੍ਰੀਤ ਸਿੰਘ ਕਾਹਲੋਂ

ਸੁਸ਼ਾਂਤ ਸਿੰਘ ਰਾਜਪੂਤ ਅਚਨਚੇਤੀ ਸਾਨੂੰ ਅਲਵਿਦਾ ਕਹਿ ਗਿਆ ਹੈ। ਜਾਣ ਵਾਲਾ ਤੁਰ ਗਿਆ ਪਿੱਛੇ ਛੱਡ ਗਿਆ ਹਜ਼ਾਰਾਂ ਗੱਲਾਂ ਜੋ ਇਸ ਸਮੇਂ ਉਹਨੂੰ ਜਾਨਣ ਵਾਲੇ ਅਤੇ ਉਹਨੂੰ ਫ਼ਿਲਮਾਂ ਵਿੱਚ ਵੇਖਣ ਵਾਲੇ ਕਰ ਰਹੇ ਹਨ। ਕਿਸੇ ਦੀ ਮੌਤ ਨੂੰ ਲੈਕੇ ਨਾ ਤਾਂ ਪੱਤਰਕਾਰੀ ਕਰਨ ਵਾਲੇ ਨੂੰ ਸਮਝ ਹੈ ਅਤੇ ਨਾ ਹੀ ਮਨ ਵਿਚ ਨਫ਼ਰਤ ਪਾਲਕੇ ਬੈਠੇ ਲੋਕਾਂ ਨੂੰ ਸਮਝ ਬਾਕੀ ਰਹੀ ਕਿ ਕਿਸੇ ਦੀ ਮੌਤ ਉੱਤੇ ਕੀ ਕਹਿਣਾ ਹੈ। ਇਕ ਹੀ ਦਿਨ ਵਿਚ ਕਰੋੜਾਂ ਲੋਕ ਰਾਤੋ-ਰਾਤ ਮਨੋਵਿਗਿਆਨੀ ਬਣ ਗਏ ਹਨ।ਇਹ ਸਮਝ ਤੋਂ ਬਾਹਰ ਹੈ ਕਿ ਢਹਿੰਦੇ ਮਨਾਂ ਨੂੰ ਜ਼ਿੰਦਗੀ ਦਾ ਪਾਠ ਪੜ੍ਹਾਉਂਦੀ ਫ਼ਿਲਮ ‘ਛਿਛੋਰੇ’ ਦਾ ਅਦਾਕਾਰ ਫਾਹਾ ਲੈਕੇ ਇਸ ਦੁਨੀਆਂ ਨੂੰ ਅਲਵਿਦਾ ਕਿਉਂ ਕਹਿ ਗਿਆ ? ਆਪਣੀ ਕਹਾਣੀ ਨਾਲ ਜ਼ਿੰਦਗੀ ਦਾ ਆਨੰਦ ਸਿਖਾਉਂਦੀ ਫਿਲਮ ‘ਗੁੱਡ ਵਿਲ ਹੰਟਿਗ’ਦਾ ਅਦਾਕਾਰ ਰੋਬਿਨ ਵਿਲੀਅਮਸ ਵੀ ਇੰਜ ਹੀ ਆਪਣੀ ਜ਼ਿੰਦਗੀ ਮੁਕਾ ਗਿਆ ਸੀ। 

ਸਿਆਣੇ ਕਹਿੰਦੇ ਹਨ 'ਜੇ' ਨਹੀਂ ਕਿਸੇ ਤੋਂ ਫੜ੍ਹੀ ਜਾਂਦੀ। ਮੋਏ ਮਿਤਰਾਂ ਨਾਲ ਮੋਇਆ ਨਹੀ ਜਾਂਦਾ। ਜਾਣ ਵਾਲੇ ਦੀਆਂ ਚੰਗੀਆਂ ਗੱਲਾਂ ਹੀ ਯਾਦ ਰੱਖੀਏ ਪਰ ਇਕ ਦਿਨ ਵਿਚ ਹੀ ਸੁਸ਼ਾਂਤ ਸਿੰਘ ਰਾਜਪੂਤ ਆਪਣੀ ਮੌਤ ਮਰਿਆ ਹਿੰਦੂ ਵੀ ਹੋ ਗਿਆ। ਉਹਦੇ ਮਰਨ ਦਾ ਕਾਰਨ ਮੁਸਲਮਾਨ ਵੀ ਹੋ ਗਏ। ਦੁਨੀਆਂ ਦੀ ਸਭ ਤੋਂ ਪੁਰਾਣੀ ਸਭਿਅਤਾ ਦੇ ਲੋਕ ਇੰਜ ਮੁਰਦਾ ਰੋਲਦੇ ਹਨ !

PunjabKesari

ਸੁਸ਼ਾਂਤ ਸਿੰਘ ਰਾਜਪੂਤ ਦੇ ਬਹਾਨੇ ਸਾਨੂੰ ਸਿਨੇਮਾ ਅਤੇ ਸਮਾਜ ਵਿਚਲੀ ਤੰਦ ਨੂੰ ਸਮਝਣ ਦੀ ਲੋੜ ਹੈ। ਸਿਨੇਮੇ ਦੇ ਖੇਤਰ ਦੀ ਪੱਤਰਕਾਰੀ ਨੂੰ ਗੂੜ੍ਹਾ ਚਿੰਤਨ ਕਰਨ ਦੀ ਲੋੜ ਹੈ। ਆਜ਼ਾਦ ਭਾਰਤ ਤੋਂ ਬਾਅਦ ਸਿਨੇਮੇ ਨੇ ਸਮੇਂ ਦੀਆਂ ਬਦਲਦੀਆਂ ਕਰਵਟਾਂ ਨੂੰ ਆਪਣੀਆਂ ਕਹਾਣੀਆਂ ਦੇ ਜ਼ਰੀਏ ਸਾਡੇ ਸਨਮੁੱਖ ਪੇਸ਼ ਕੀਤਾ ਹੈ। ਆਜ਼ਾਦ ਭਾਰਤ ਤੋਂ ਬਾਅਦ ਲੋਕਾਂ ਦੀਆਂ ਉਮੀਦਾਂ ਨੂੰ ਹੱਲਾਸ਼ੇਰੀ ਦਿੱਤੀ ਹੈ। ਬਲਦੇਵ ਰਾਜ ਚੋਪੜਾ ਸਾਨੂੰ ਫ਼ਿਲਮ 'ਨਯਾ ਦੌਰ' ਦਿੰਦੇ ਹਨ। ਇਕ ਪਾਸੇ ਦੇਸ਼ ਦਾ ਨਿਰਮਾਣ ਹੁੰਦਾ ਹੈ। ਦੂਜੇ ਪਾਸੇ ਨਵੇਂ ਸਿਰਜਦੇ ਭਾਰਤ ਦੀਆਂ ਘਾਟਾਂ ਉਭਰਦੀਆਂ ਹਨ। ਇਕ ਫ਼ਿਲਮ 'ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ' ਆਉਂਦੀ ਹੈ। ਇਹ ਫ਼ਿਲਮ ਡਕੈਤਾਂ ਨੂੰ ਕਹਿੰਦੀ ਹੈ ਕਿ ਹਥਿਆਰ ਛੱਡ ਦਿਉ। ਦੂਜੇ ਪਾਸੇ ਫਿਲਮ ‘ਗੰਗਾ-ਜਮਨਾ’ ਆਉਂਦੀ ਹੈ। ਜੋ ਇਸ਼ਾਰਾ ਕਰਦੀ ਹੈ ਕਿ ਜੇ ਗਰੀਬਾਂ ਨਾਲ ਧੱਕਾ ਕਰੋਗੇ ਤਾਂ ਲੋਕ ਹਥਿਆਰ ਚੁੱਕਣਗੇ। ਅਮਿਤਾਭ ਬੱਚਨ ਅਤੇ ਓਮ ਪੁਰੀ ਸਿਸਟਮ ਦੇ ਸਤਾਏ ਲੋਕਾਂ ਦਾ ਚਿਹਰਾ ਬਣਕੇ ਉੱਭਰਦੇ ਹਨ। ਅੱਤ ਦੇ ਵਪਾਰਕ ਸੁਭਾਅ ਦੇ ਬਾਵਜੂਦ ਸਿਨੇਮਾ ਸਾਡੀ ਸਿੱਖਿਆ, ਧਾਂਧਲੀ ਕਰਦੇ ਸਿਸਟਮ ਦੇ ਬਿਆਨ ਤੋਂ ਲੈਕੇ ਸਿਹਤ ਅਤੇ ਆਮ ਲੋਕਾਂ ਦੀਆਂ ਸਾਦ ਮੁਰਾਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਰਿਹਾ ਹੈ। 

ਸਿਨੇਮਾ ਅਜਿਹੀ ਸ਼ੈਅ ਹੈ ਕਿ ਇਹਨੇ ਆਮ ਲੋਕਾਂ ਨੂੰ ਸਦਾ ਇਹ ਵਿਸ਼ਵਾਸ ਦਿੱਤਾ ਹੈ ਕਿ ਇਸ ਦੁਨੀਆਂ ਵਿਚ ਹਰ ਕੋਈ ਹੀਰੋ ਬਣ ਸਕਦਾ ਹੈ। ਅਸੀਂ ਸਾਰੇ ਆਪਣੇ ਆਪ ਵਿਚ ਸ਼ਾਹਰੁਖ਼ ਖ਼ਾਨ ਹਾਂ। ਸਧਾਰਨ ਬੰਦੇ ਨੂੰ ਵੀ ਸ਼ਾਹਰੁਖ ਖ਼ਾਨ ਨੇ ਇਹ ਅਹਿਸਾਸ ਦਿੱਤਾ ਕਿ ਦਿੱਲੀ ਦੇ ਸਧਾਰਨ ਮੁਹੱਲੇ ਚੋਂ ਨਿਕਲਦਿਆਂ ਉਹ ਵੀ ਫ਼ਿਲਮਾਂ ਦਾ ਬੇਤਾਜ਼ ਬਾਦਸ਼ਾਹ ਬਣ ਸਕਦਾ ਹੈ। ਇਹ ਸਿਰਫ਼ ਸਿਨੇਮਾ ਦਾ ਮੌਜ਼ੂ ਨਹੀਂ ਹੈ। ਇਹ ਵਿਸ਼ਵਾਸ ਹੈ ਕਿ ਹਰ ਬੰਦਾ ਜ਼ਿੰਦਗੀ ਵਿੱਚ ਖ਼ਾਸ ਬਣ ਸਕਦਾ ਹੈ। ਚੰਦਨ ਅਰੋੜਾ ਦੀ ਫ਼ਿਲਮ 'ਮੈਂ ਮਾਧੁਰੀ ਦੀਕਸ਼ਿਤ ਬਣਨਾ ਚਾਹਤੀ ਹੂੰ' ਇਹੋ ਤਾਂ ਹੌਸਲਾ ਦਿੰਦੀ ਹੈ ਕਿ ਆਮ ਮਹੱਲੇ ਦੀ ਕੁੜੀ ਨੂੰ ਵੀ ਆਪਣੇ ਸਾਧਾਰਨ ਮੜੰਗੇ ਤੋਂ ਵਧਕੇ ਖਾਸ ਹੋਣ ਦਾ ਅਹਿਸਾਸ ਹੁੰਦਾ ਹੈ। ਸਿਨੇਮੇ ਨੇ ਸਾਡੇ ਪੈਰਾਂ ਦੀ ਚੱਪਲ ਤੋਂ ਲੈਕੇ ਘਰਾਂ ਦੇ ਪੱਖੇ ਤੱਕ ਸਾਨੂੰ ਦਿੱਤੇ ਹਨ। ਇਹਨੂੰ ਅਸੀਂ ਨਿਰਾ ਬਜ਼ਾਰ ਕਹਿ ਸਕਦੇ ਹਾਂ ਪਰ ਇਹਨਾਂ ਬਜ਼ਾਰੀ ਸ਼ੈਵਾਂ ਦੇ ਨਾਲ ਮਨ ਅੰਦਰ ਦੇ ਅਹਿਸਾਸ ਤਾਂ ਸਾਡੇ ਹੀ ਸਨ। 

PunjabKesari

ਸਿਨੇਮਾ ਆਪਣੇ ਆਪ ਵਿਚ ਇਕ ਸੱਭਿਅਤਾ ਹੈ। ਸਿਨੇਮਾ ਆਪਣੇ ਆਪ ਵਿਚ ਮੁਕੰਮਲ ਸਮਾਜ ਹੈ। ਇਹ ਸਾਡਾ ਵਿਹਾਰ ਬਣਾਉਂਦਾ ਹੈ। ਇਹ ਸਾਡਾ ਸਮਾਜ ਬਣਾਉਂਦਾ ਹੈ। ਇਹ ਸਾਡੇ ਸਮਾਜ ਦੀ ਕਹਾਣੀ ਕਹਿੰਦਾ ਹੈ। ਸਿਨੇਮਾ ਜ਼ਿੰਦਗੀ ਹੈ। ਰਾਜ ਕਪੂਰ ਇਹੋ ਤਾਂ ਕਹਿੰਦੇ ਸਨ। ਪਰਦੇ ਤੇ ਤੁਰਦੇ ਕਿਰਦਾਰ ਸਾਨੂੰ ਆਪਣੇ ਜਹੇ ਕਿਉਂ ਲੱਗਦੇ ਹਨ ? ਸਿਨੇਮਾ ਨੇ ਸਾਡੀਆਂ ਵਿਆਹ ਵਾਲੀਆਂ ਮੂਵੀਆਂ ਬਣਾਕੇ ਸਾਡੀ ਜ਼ਿੰਦਗੀ ਦੀਆਂ ਖਾਸ ਯਾਦਾਂ ਨੂੰ ਇਕ ਰੀਲ ਵਿਚ ਪਰੋ ਦਿੱਤਾ। ਸੁਹਾਗਰਾਤ ਦੀਆਂ ਸੇਜਾਂ ਫੁੱਲਾਂ ਨਾਲ ਸੱਜੀਆਂ। ਫ਼ਿਲਮਾਂ ਦੇ ਗੀਤਾਂ ਨੇ ਸਾਡੇ ਅਹਿਸਾਸ ਨੂੰ ਜ਼ੁਬਾਨ ਦਿੱਤੀ। ਫ਼ਿਲਮ ‘ਬੰਟੀ ਔਰ ਬੱਬਲੀ’ ਵਿਚ ਗ਼ੁਲਜ਼ਾਰ ਦਾ ਲਿਖਿਆ ਗੀਤ ਹੈ :-

ਛੋਟੇ-ਛੋਟੇ ਸ਼ਹਿਰੋਂ ਸੇ
ਖਾਲੀ ਘੋਰ ਦੁਪਿਹਰੋਂ ਸੇ
ਹਮ ਤੋਂ ਝੌਲਾ ਉਠਾਕੇ ਚੱਲੇ

ਪੀੜ੍ਹੀ ਦਰ ਪੀੜ੍ਹੀ ਕੰਮ ਕਰਦੇ ਇਸੇ ਸਿਨੇਮੇ ਵਿਚ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਮੁੰਡੇ ਬਿਹਾਰ ਤੋਂ ਮੁੰਬਈ ਇੰਝ ਹੀ ਪਹੁੰਚੇ ਸਨ। 

ਭਾਰਤ ਦੀ ਪਹਿਲੀ ਫ਼ਿਲਮ 'ਰਾਜਾ ਹਰੀਸ਼ ਚੰਦਰ' ਬਣਾਉਣ ਵਾਲੇ ਦਾਦਾ ਸਾਹਿਬ ਫਾਲਕੇ ਨੂੰ ਵਿਦੇਸ਼ੀ ਸਿਨੇਮਾ ਦੇ ਹਦਾਇਤਕਾਰਾਂ ਨੇ ਕਿਹਾ ਸੀ ਕਿ ਤੂੰ ਏਥੇ ਫ਼ਿਲਮਾਂ ਬਣਾ। ਦਾਦਾ ਸਾਹਿਬ ਦਾ ਜਵਾਬ ਸੀ ਕਿ ਮੈਂ ਭਾਰਤ ਵਿੱਚ ਫ਼ਿਲਮ ਬਣਾਵਾਂਗਾ। ਲੋਕ ਫ਼ਿਲਮਾਂ ਤਾਂ ਵੇਖਣਗੇ ਹੀ ਪਰ ਭਾਰਤ ਵਿਚ ਨਾਲੋਂ ਨਾਲ ਕਿੰਨਿਆਂ ਹੀ ਲੋਕਾਂ ਨੂੰ ਰੁਜ਼ਗਾਰ ਮਿਲੇਗਾ। 

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਕੋਈ ਪਹਿਲੀ ਮੌਤ ਨਹੀਂ ਹੈ। ਰਿਸ਼ੀਕੇਸ਼ ਮੁਖਰਜੀ ਦੀ ਫਿਲਮ 'ਗੁੱਡੀ' ਤਾਂ ਵੇਖੋ। ਜਯਾ ਬੱਚਨ ਦੀ ਇਹ ਫਿਲਮ ਇੱਕੋ ਵੇਲੇ ਭਾਰਤੀ ਸਿਨੇਮੇ ਪ੍ਰਤੀ ਇਸ਼ਕ ਰੱਖਦੀ ਕੁੜੀ ਦੀ ਕਹਾਣੀ ਵੀ ਕਹਿੰਦੀ ਹੈ। ਉਸ ਕੁੜੀ ਨੂੰ ਘੁਮਾਉਂਦੇ ਹੋਏ ਭਾਰਤੀ ਸਿਨੇਮੇ ਦੇ ਨਾਇਕ ਦੇ ਮਾਰਫ਼ਤ ਮੁੰਬਈ ਦੇ ਇਸ ਸਿਨੇਮਾ ਉਦਯੋਗ ਦੀ ਉਦਾਸੀ ਵੀ ਬਿਆਨ ਕਰਦੀ ਹੈ। ਫ਼ਿਲਮ ਦਾ ਨਾਇਕ ਬਿਮਲ ਰਾਏ ਦਾ ਉਹ ਸਟੂਡੀਓ ਵਿਖਾਉਂਦਾ ਹੈ ਜਿਥੇ ਕਦੀ ਰੌਣਕ ਹੁੰਦੀ ਸੀ। ਇਸ ਸਟੂਡੀਓ ਵਿੱਚ ਕਦੀ ਮਧੂਮਤੀ, ਸੁਜਾਤਾ ਅਤੇ ਦੋ ਬੀਗਾ ਜ਼ਮੀਨ, ਦੇਵਦਾਸ ਵਰਗੀਆਂ ਫ਼ਿਲਮਾਂ ਬਣਾਈਆਂ ਸਨ। ਨਾਇਕ ਦੱਸਦਾ ਹੈ ਕਿ ਹੁਣ ਵੇਖੋ ਇਸ ਸਟੂਡੀਓ ਦੀ ਖੰਡਰਨੁਮਾ ਇਮਾਰਤ !

ਬੈਜੂ ਬਾਵਰਾ ਵਰਗੀਆਂ ਫ਼ਿਲਮਾਂ ਦੇ ਨਾਇਕ ਭਰਤ ਭੂਸ਼ਣ ਦਾ ਇਕ ਦੌਰ ਸੀ। ਸੁਣਿਆ ਹੈ ਕਿ ਬਾਅਦ ਵਿਚ ਉਹ ਕਿਸੇ ਸਟੂਡੀਓ ਦੇ ਚੌਂਕੀਦਾਰ ਵੀ ਬਣ ਗਏ।ਅਨੁਰਾਗ ਬਾਸੂ ਦੀ ਫ਼ਿਲਮ ਮੈਟਰੋ ਦਾ ਸੰਵਾਦ ਹੈ ਕਿ ਇਹ ਸ਼ਹਿਰ ਬਦਲੇ ਵਿੱਚ ਜਿੰਨਾ ਸਾਨੂੰ ਦਿੰਦਾ ਹੈ ਉਸ ਤੋਂ ਵੱਧ ਸਾਥੋਂ ਲੈ ਲੈਂਦਾ ਹੈ। ਇਹ ਸਾਰਾ ਕੁਝ ਬਿਆਨ ਕਰਨ ਦਾ ਮਕਸਦ ਇਹ ਹੈ ਕਿ ਜਿਵੇਂ ਫ਼ਿਲਮ ਬਣਾਉਣੀ ਸਿਖਾਈ ਜਾਂਦੀ ਹੈ। ਇੰਜ ਫ਼ਿਲਮ ਨੂੰ ਵੇਖਣਾ ਵੀ ਸਿਖਾਇਆ ਜਾਣਾ ਚਾਹੀਦਾ ਹੈ। 

PunjabKesari

ਸਿਨੇਮਾ ਬਾਰੇ ਪੱਤਰਕਾਰੀ ਕਰਦਿਆਂ ਪੱਤਰਕਾਰਾਂ ਨੇ ਪਿਛਲੇ 2 ਮਹੀਨਿਆਂ ਵਿਚ ਸਿਨੇਮੇ ਬਾਰੇ ਕਿਹੜੀਆਂ ਕਿਤਾਬਾਂ ਪੜ੍ਹੀਆਂ ਹਨ ? ਉਨ੍ਹਾਂ ਨੇ ਸਿਨੇਮੇ ਦੇ ਇਸ ਸਮਾਜ ਦੇ ਮਨੋਵਿਗਿਆਨਕ, ਸਮਾਜਿਕ ਅਤੇ ਆਰਥਕ ਪਹਿਲੂਆਂ ਨੂੰ ਕਿੰਨਾ ਕੁ ਸਮਝਿਆ ਹੈ ?ਸਿਨੇਮਾ ਇੰਡਸਟਰੀ ਦੀਆਂ ਲੜਾਈਆਂ, ਗੱਪਾਂ, ਚੁਗਲੀਆਂ ਤੋਂ ਇਲਾਵਾ ਇਸ ਇੰਡਸਟਰੀ ਦੇ ਵਿੱਚ ਰਹਿੰਦੇ ਲੋਕਾਂ ਦੇ ਅੰਦਰ ਝਾਕ ਕੇ ਵੇਖਿਆ ਹੈ ? ਹੈ ਤਾਂ ਇਹ ਵੀ ਬੰਦੇ ਹੀ ਹਨ। ਇਸ ਨਾਲ ਇਹ ਵੀ ਜੋੜ ਲਈਏ ਕੀ ਇਹ ਉਹ ਬੰਦੇ ਹਨ ਜਿਹੜੇ ਸਾਡੀ ਸਧਾਰਨ ਜਿਹੀ ਜ਼ਿੰਦਗੀ ਨੂੰ ਤਰਾਸ਼ਦੇ ਹਨ। ਸਿਨੇਮਾ ਸੋਚ ਹੈ। ਇਹ ਸਾਡੀ ਜ਼ਹਿਨੀਅਤ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਖੁਦ ਕਹਾਣੀ ਹਾਂ। ਇਸੇ ਕਰਕੇ ਅਸੀਂ ਫ਼ਿਲਮਾਂ ਦੀਆਂ ਉਹਨਾਂ ਕਹਾਣੀਆਂ ਨੂੰ ਵੇਖਦੇ ਹਾਂ। ਸਿਨੇਮਾ ਕਿਸੇ ਵੀ ਫ਼ਿਲਮ ਤੋਂ ਉੱਪਰ ਦੀ ਗੱਲ ਹੈ। 

ਇਹ ਠੀਕ ਹੈ ਕਿ ਸਿਨੇਮਾ ਬਜ਼ਾਰ ਵੀ ਹੈ। ਇਹਦਾ ਬੇਕਿਰਕ ਚਿਹਰਾ ਵੀ ਹੈ। ਜ਼ਰਾਇਮ ਪੇਸ਼ਾ ਲੋਕਾਂ ਨਾਲ ਸਬੰਧ ਵੀ ਹਨ। ਬਾਵਜੂਦ ਇਸ ਦੇ ਤੁਸੀਂ ਇਸ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਸਿਨੇਮੇ ਨੇ ਤੁਹਾਨੂੰ ਤਰਾਸ਼ਿਆ ਹੈ। ਤੁਹਾਡੇ ਜਜ਼ਬਾਤ ਨੂੰ ਜ਼ੁਬਾਨ ਦਿੱਤੀ ਹੈ। ਸਿਨੇਮਾ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਹਿੱਸਾ ਰਿਹਾ ਹੈ। ਫਿਰ ਇਸ ਦੀ ਪੱਤਰਕਾਰੀ ਨੂੰ ਅਸੀਂ ਕਿਸੇ ਵੀ ਸਿਆਸੀ ਪੱਤਰਕਾਰੀ ਤੋਂ ਘੱਟ ਨਹੀਂ ਮੰਨ ਸਕਦੇ। ਸਿਨੇਮੇ ਦੀ ਪੱਤਰਕਾਰੀ ਕਰਦਿਆਂ ਜਿਸ ਪੱਤਰਕਾਰ ਨੂੰ ਸਿਨੇਮੇ ਦੀ ਏਸ ਨਬਜ਼ ਦਾ ਅਹਿਸਾਸ ਹੋਵੇਗਾ ਉਹਨੂੰ ਸਿਆਸਤ ਦੀ ਉਸ ਜ਼ਮੀਨ ਦਾ ਵੀ ਸਭ ਤੋਂ ਵਧੇਰੇ ਪਤਾ ਲੱਗੇਗਾ ਜੋ ਕਿਸੇ ਵੀ ਚੋਣਾਂ ਵੇਲੇ ਵੋਟਾਂ ਲੈਣ ਲਈ ਕਿਸੇ ਅਦਾਕਾਰ ਨੂੰ ਉਮੀਦਵਾਰ ਬਣਾ ਦਿੰਦੀਆਂ ਹਨ। 

ਸੁਸ਼ਾਂਤ ਸਿੰਘ ਰਾਜਪੂਤ 34 ਸਾਲ ਦੀ ਉਮਰ ਵਿਚ ਸ਼ਾਨਦਾਰ ਅਦਾਕਾਰ ਸੀ। ਉਹ ਸਭ ਤੋਂ ਪਹਿਲਾਂ ਫ਼ਿਲਮ 'ਕਾਈ ਪੋ ਚੇ' ਕਰਦਾ ਹੈ। 2002 ਦੇ ਗੁਜਰਾਤ ਦੰਗਿਆਂ ਦੀ ਜ਼ਮੀਨ ਅਤੇ ਕ੍ਰਿਕਟ ਦੇ ਹੁੰਦੇ ਵਿਸ਼ਵ ਕੱਪ 'ਤੇ ਖੜ੍ਹੀ ਕਹਾਣੀ ਵਿਚ ਅਦਾਕਾਰੀ ਕਰਦਿਆਂ ਉਹ ਆਪਣੀ ਨਿੱਘੀ ਯਾਦ ਵੇਖਣ ਵਾਲੇ ਨੂੰ ਦਿੰਦਾ ਹੈ। ਅਭਿਸ਼ੇਕ ਚੌਬੇ ਦੀ ਫ਼ਿਲਮ ‘ਸੋਨਚਿੜੀਆ’ ਵਿੱਚ ਉਹ ਆਪਣੀ ਪ੍ਰਚਲਤ ਸ਼ੈਲੀ ਤੋਂ ਹੱਟਕੇ ਭੂਮਿਕਾ ਅਦਾ ਕਰਦਾ ਹੈ। ਕੇਦਾਰਨਾਥ, ਛਿਛੋਰੇ, ਮਹਿੰਦਰ ਸਿੰਘ ਧੋਨੀ ਉਹਦੀਆਂ ਸ਼ਾਨਦਾਰ ਫ਼ਿਲਮਾਂ ਹਨ। 

ਸਾਰੇ ਸਵਾਲ ਜੋ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਤੁਰ ਗਏ, ਉਹਨਾਂ ਦਾ ਜਵਾਬ ਤਾਂ ਉਹ ਨਾਲ ਹੀ ਲੈ ਗਿਆ ਹੈ। ਉਸ ਬਾਰੇ ਕੀਤੀ ਪੱਤਰਕਾਰੀ ਅਤੇ ਸਮਾਜਿਕ ਸੱਥਾਂ ਵਿਚ ਕੀਤੀਆਂ ਗੱਲਾਂ ਤੋਂ ਬਾਅਦ ਪੈਦਾ ਹੋਏ ਸਵਾਲਾਂ ਦਾ ਜਵਾਬ ਤਾਂ ਅਜੇ ਵੀ ਇਥੇ ਹੈ। ਉਮੀਦ ਹੈ ਕਿ ਸਾਰੇ ਜਾਣੇ ਆਪਣੇ ਆਪ ਨੂੰ ਸਵਾਲ ਕਰਦਿਆਂ ਆਪਣੇ ਆਪ ਤੋਂ ਜਵਾਬ ਜ਼ਰੂਰ ਲੈਣਗੇ। ਲਹਿੰਦੇ ਪੰਜਾਬ ਦੇ ਸ਼ਾਇਰ ਆਸ਼ਿਕ ਲਾਹੌਰ ਦੀ ਕਵਿਤਾ ਹੈ। ਕਵਿਤਾ ਦਾ ਮਾਹੌਲ ਹੋਰ ਹੈ ਪਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਦਿਆਂ ਇਹ ਸਾਂਝੀ ਕਰ ਰਿਹਾ ਹਾਂ :-

ਦੁੱਖ ਦਰਿਆ ਸਮੁੰਦਰ ਬਣ ਗਏ ਟੁੱਟੇ ਸੱਭ ਸਹਾਰੇ,
ਆਸਾਂ ਨੂੰ ਇੰਝ ਢਾਵਾਂ ਲੱਗੀਆਂ ਖੁਰ-ਖੁਰ ਗਏ ਕਿਨਾਰੇ।
ਹੁਣ ਤੇ ਦਿਲ ਵਿੱਚ ਕਿਧਰੇ ਵੀ ਕੋਈ ਆਸ ਉਮੀਦ ਨਹੀਂ ਵਸਦੀ,
ਇੱਕ-ਇੱਕ ਕਰਕੇ ਬੁਝੇ ਆਖ਼ਰ ਇਹ ਸਭ ਨੂਰ-ਮੁਨਾਰੇ।
ਚਿਰ ਹੋਇਆ ਇਹ ਧਰਤੀ ਉੱਤੇ ਰੌਣਕ-ਮੇਲਾ ਲੱਗਿਆਂ,
ਆ ਜਾ ਸੂਲ਼ੀ ਚੜ੍ਹਕੇ ਨੱਚੀਏ ਦੇਖਣ ਲੋਕ ਨਜ਼ਾਰੇ।
ਜੋ ਕੁਝ ਕਰਨੈਂ ਅੱਜ ਹੀ ਕਰਲੈ ਕੱਲ੍ਹ ਕਿਸੇ ਨਹੀਂ ਦੇਖੀ,
ਓੜਕ ਇਕ ਦਿਨ ਵੱਜ ਜਾਣੇ ਨੇ ਆਸ਼ਿਕ ਕੂਚ ਨਗਾਰੇ।

PunjabKesari


rajwinder kaur

Content Editor

Related News