ਖ਼ੁਦਕੁਸ਼ੀ ਨਹੀਂ ਕਿਸੇ ਸਮੱਸਿਆ ਦਾ ਹੱਲ, ਕਰੀਏ ਉੱਦਮ ਬਣੇਗੀ ਗੱਲ
Monday, Jun 22, 2020 - 11:47 AM (IST)
ਹਰਗੁਣਪ੍ਰੀਤ ਸਿੰਘ
137/2, ਅਰਜਨ ਨਗਰ, ਪਟਿਆਲਾ-147001
ਸੰਪਰਕ: 94636-19353
ਸਾਡਾ ਜੀਵਨ ਬਹੁਤ ਸੰਘਰਸ਼ਸ਼ੀਲ ਹੋਣ ਦੇ ਨਾਲ-ਨਾਲ ਬਹੁਤ ਖੂਬਸੂਰਤ ਵੀ ਹੈ। ਜੇ ਇੱਥੇ ਦੁਖ ਹੈ ਤਾਂ ਸੁਖ ਵੀ ਹੈ, ਜੇ ਰਾਤ ਹੈ ਤਾਂ ਸਵੇਰ ਵੀ ਹੈ ਅਤੇ ਜੇ ਖਟਾਸ ਹੈ ਤਾਂ ਮਿਠਾਸ ਵੀ ਹੈ। ਜ਼ਿੰਦਗੀ ਦੇ ਹਰ ਚੰਗੇ-ਮਾੜੇ ਰੰਗ ਨੂੰ ਖੁਸ਼ੀ-ਖੁਸ਼ੀ ਹੰਢਾਉਣ ਨਾਲ ਹੀ ਮਨੁੱਖ ਦਾ ਸੰਪੂਰਨ ਵਿਕਾਸ ਸੰਭਵ ਹੁੰਦਾ ਹੈ। ਪਰ ਕਈ ਵਾਰ ਇਨਸਾਨ ਕਿਸੇ ਅਸਫ਼ਲਤਾ ਜਾਂ ਅਣਸੁਖਾਵੀਂ ਘਟਨਾ ਕਾਰਨ ਇੰਨੀ ਘੋਰ ਨਿਰਾਸ਼ਾ ਵਿੱਚ ਚਲਾ ਜਾਂਦਾ ਹੈ ਕਿ ਉਹ ਖੁਦਕੁਸ਼ੀ ਕਰਨ ਲਈ ਵੀ ਤਿਆਰ ਹੋ ਜਾਂਦਾ ਹੈ ਅਤੇ ਆਪਣੀ ਕੀਮਤੀ ਜਾਨ ਤੋਂ ਹੱਥ ਧੋ ਬੈਠਦਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਪਿਛਲੇ ਸਾਲ ਦੀ ਰਿਪੋਰਟ ਅਨੁਸਾਰ ਸੰਸਾਰ ਭਰ ਵਿੱਚ ਹੁੰਦੀਆਂ ਕੁੱਲ ਮਨੁੱਖੀ ਮੌਤਾਂ ਵਿੱਚੋਂ 1.4 ਫ਼ੀਸਦੀ ਮੌਤਾਂ ਕੇਵਲ ਖੁਦਕੁਸ਼ੀਆਂ ਕਾਰਨ ਹੀ ਹੁੰਦੀਆਂ ਹਨ ਅਤੇ ਵਿਸ਼ਵ ਭਰ ਦੀਆਂ ਮੌਤਾਂ ਦੇ ਵੱਖ-ਵੱਖ ਕਾਰਨਾਂ ਵਿੱਚੋਂ ਅਠਾਰ੍ਹਵਾਂ ਸਭ ਤੋਂ ਵੱਡਾ ਕਾਰਨ ਖੁਦਕੁਸ਼ੀਆਂ ਹੀ ਹਨ। ਦੁਨੀਆ ਵਿੱਚ ਹਰ 40 ਸਕਿੰਟਾਂ ਵਿੱਚ ਇੱਕ ਮੌਤ ਖੁਦਕੁਸ਼ੀ ਕਾਰਨ ਹੋਣਾ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ। ਖੁਦਕੁਸ਼ੀ ਭਾਵੇਂ ਕਰਜ਼ੇ ਦੇ ਬੋਝ ਥੱਲੇ ਦੱਬੇ ਕਿਸੇ ਗਰੀਬ ਵਿਅਕਤੀ ਦੀ ਹੋਵੇ ਜਾਂ ਫ਼ਿਰ ਕੋਈ ਵਿਹਾਰਿਕ ਜਾਂ ਵਪਾਰਕ ਨੁਕਸਾਨ ਕਾਰਨ ਤਣਾਅ ਵਿੱਚ ਆਏ ਕਿਸੇ ਅਮੀਰ ਵਿਅਕਤੀ ਦੀ ਹੋਵੇ, ਉਨ੍ਹਾਂ ਦੇ ਮਰਨ ਨਾਲ ਹੀ ਉਨ੍ਹਾਂ ਦੇ ਪਰਿਵਾਰਾਂ, ਰਿਸ਼ੇਦਾਰਾਂ ਅਤੇ ਮਿੱਤਰਾਂ ਦੇ ਸੁਪਨਿਆਂ ਅਤੇ ਆਸਾਂ ਦੀ ਵੀ ਮੌਤ ਹੋ ਜਾਂਦੀ ਹੈ।
ਭਾਰਤ ਦੇ ਬੇਹਤਰੀਨ ਰੇਲਵੇ ਸਟੇਸ਼ਨਾਂ ਦੇ ਬਾਰੇ ਜਾਨਣ ਲਈ ਪੜ੍ਹੋ ਇਹ ਖਬਰ
ਮਨੁੱਖ ਨੂੰ ਹਰ ਸਮੇਂ ਆਪਣੀ ਸਮਰੱਥਾ, ਹਿੰਮਤ ਅਤੇ ਹਾਲਾਤ ਅਨੁਸਾਰ ਨਿਰੰਤਰ ਯਤਨ ਕਰਦੇ ਰਹਿਣਾ ਚਾਹੀਦਾ ਹੈ ਪਰ ਆਪਣੇ ਆਪ ਕੋਲੋਂ ਜਾਂ ਦੂਸਰਿਆਂ ਕੋਲੋਂ ਲੋੜੋਂ ਵੱਧ ਉਮੀਦ ਰੱਖਕੇ ਗੰਭੀਰ ਤਣਾਅ ਅਤੇ ਘੋਰ ਨਿਰਾਸ਼ਾ ਦਾ ਸ਼ਿਕਾਰ ਹੋ ਜਾਣਾ ਕੋਈ ਸਿਆਣਪ ਵਾਲੀ ਗੱਲ ਨਹੀਂ। ਖੁਦਕੁਸ਼ੀਆਂ ਦੀ ਰੋਕਥਾਮ ਲਈ ਸਾਨੂੰ ਆਪਣੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੋਨਾਂ ਵੱਲ ਬਰਾਬਰ ਧਿਆਨ ਦੇਣ ਦੀ ਜ਼ਰੂਰਤ ਹੈ। ਅਜੋਕੇ ਪੂੰਜੀਵਾਦੀ ਅਤੇ ਪਦਾਰਥਵਾਦੀ ਸਮਾਜ ਵਿੱਚ ਰੋਜ਼ਾਨਾ ਪੈਦਾ ਹੋਣ ਵਾਲੀਆਂ ਚਿੰਤਾਵਾਂ ਅਤੇ ਬੇਚੈਨੀਆਂ ਨੂੰ ਜਿੱਥੇ ਅਸੀਂ ਆਪਣੇ ਘਰ-ਪਰਿਵਾਰ ਅਤੇ ਮਿੱਤਰ-ਸਨੇਹੀਆਂ ਨਾਲ ਸਾਂਝਾ ਕਰ ਸਕਦੇ ਹਾਂ, ਉਥੇ ਨਾਲ ਹੀ ਮਨੋਵਿਗਿਆਨੀਆਂ ਅਤੇ ਕਾਊਂਸਲਰਾਂ ਤੋਂ ਵੀ ਸਮੇਂ ਸਿਰ ਯੋਗ ਇਲਾਜ ਕਰਵਾ ਕੇ ਆਪਣਾ ਡਿਪਰੈਸ਼ਨ ਦੂਰ ਕਰ ਸਕਦੇ ਹਾਂ। ਜਦੋਂ ਵੀ ਕੋਈ ਵਿਅਕਤੀ ਸਾਡੇ ਉੱਤੇ ਪੂਰਾ ਭਰੋਸਾ ਕਰਕੇ ਸਾਡੇ ਨਾਲ ਆਪਣਾ ਦੁੱਖ ਸਾਂਝਾ ਕਰਦਾ ਹੈ ਤਾਂ ਉਸ ਨੂੰ ਮਜ਼ਾਕ ਵਿੱਚ ਨਾ ਲੈਂਦੇ ਹੋਏ। ਜਿੱਥੇ ਪੂਰੀ ਹਮਦਰਦੀ ਅਤੇ ਧਿਆਨ ਨਾਲ ਉਸ ਨੂੰ ਸੁਣਨਾ ਚਾਹੀਦਾ ਹੈ, ਉੱਥੇ ਨਾਲ ਹੀ ਆਪਣੀ ਸਮਝ ਮੁਤਾਬਕ ਉਸ ਦੀ ਸਮੱਸਿਆ ਦਾ ਹੱਲ ਕੱਢਣ ਦਾ ਯਤਨ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਹਰ ਸਮੇਂ ਚੜ੍ਹਦੀਕਲਾ ਵਿੱਚ ਰਹਿਣ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ, ਕਿਉਂਕਿ ਇਹ ਆਮ ਦੇਖਣ ਵਿੱਚ ਆਉਂਦਾ ਹੈ ਕਿ ਕਿਸੇ ਦੁਖਿਆਰੇ ਵਿਅਕਤੀ ਨਾਲ ਕੇਵਲ ਉਸ ਦਾ ਦਰਦ ਸਾਂਝਾ ਕਰਨ ਨਾਲ ਹੀ ਉਸ ਵਿਅਕਤੀ ਦਾ ਅੱਧਾ ਦੁੱਖ ਖਤਮ ਹੋ ਜਾਂਦਾ ਹੈ।
ਕੋਰੋਨਾ ਆਫਤ ਦੌਰਾਨ ਕਰੋ ਇਹ ਯੋਗ ਆਸਣ, ਹੋਣਗੇ ਕਈ ਫਾਇਦੇ
ਸੰਸਾਰ ਵਿੱਚ ਕੋਈ ਵੀ ਵਿਅਕਤੀ ਸੌ ਫੀਸਦੀ ਸੰਪੂਰਨਤਾਵਾਦੀ ਨਹੀਂ ਹੋ ਸਕਦਾ ਪਰ ਅਸੀਂ ਬਹੁਤੀ ਵਾਰ ਖੁਦ ਆਪਣੇ ਆਪ ਨੂੰ ਅਤੇ ਹੋਰਾਂ ਨੂੰ "ਪਰਫੈਕਟ" ਬਣਾਉਣ ਦੇ ਚੱਕਰ ਵਿੱਚ ਬੇਲੋੜੇ ਫ਼ਿਕਰਾਂ ਅਤੇ ਚਿੰਤਾਵਾਂ ਨੂੰ ਸਹੇੜ ਲੈਂਦੇ ਹਾਂ ਜਦਕਿ ਆਪਣੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਅਤੇ ਸਫ਼ਲਤਾਵਾਂ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿੰਦੇ ਹਾਂ। ਜਿਸ ਪ੍ਰਕਾਰ ਕੁਦਰਤੀ ਤੌਰ ਉੱਤੇ ਕਿਸੇ ਇੱਕ ਰੁੱਖ 'ਤੇ ਅੰਬ, ਅਮਰੂਦ, ਸੇਬ, ਅਨਾਰ ਅਤੇ ਅੰਗੂਰ ਆਦਿ ਵੱਖ-ਵੱਖ ਕਿਸਮਾਂ ਦੇ ਫਲ ਨਹੀਂ ਲੱਗ ਸਕਦੇ ਅਤੇ ਕੇਵਲ ਇੱਕੋ ਪ੍ਰਕਾਰ ਦੇ ਫਲ ਹੀ ਲੱਗ ਸਕਦੇ ਹਨ, ਉਸੇ ਪ੍ਰਕਾਰ ਹੀ ਇੱਕ ਇਨਸਾਨ ਵੀ ਸਮਾਜਿਕ, ਆਰਥਿਕ, ਵਿਵਹਾਰਿਕ, ਬੌਧਿਕ ਅਤੇ ਧਾਰਮਿਕ ਆਦਿ ਪਹਿਲੂਆਂ ਵਿੱਚ ਇੱਕੋ ਸਮਾਨ ਸੰਪੂਰਨ ਨਹੀਂ ਹੋ ਸਕਦਾ। ਸੰਸਾਰ ਦੇ ਹਰ ਜੀਵ ਨੂੰ ਸ੍ਰਿਸ਼ਟੀਕਰਤਾ ਨੇ ਇਕ-ਦੂਸਰੇ ਤੋਂ ਵੱਖਰਾ ਅਤੇ ਵਿਸ਼ੇਸ਼ ਬਣਾਇਆ ਹੈ। ਸਾਡੀ ਸੋਚ, ਸੁਭਾਅ, ਵਿਵਹਾਰ, ਆਦਤਾਂ, ਖੂਬੀਆਂ ਅਤੇ ਕਮਜ਼ੋਰੀਆਂ ਵੀ ਇਕ-ਦੂਸਰੇ ਨਾਲੋਂ ਵੱਖਰੀਆਂ ਹੁੰਦੀਆਂ ਹਨ। ਸਾਡੀ ਸਫ਼ਲਤਾ ਜਾਂ ਅਸਫ਼ਲਤਾ ਵੀ ਸਾਡੇ ਵੱਖੋ-ਵੱਖਰੇ ਪਿਛੋਕੜ, ਪਰਿਵਾਰ, ਸਮਾਜ, ਸਿੱਖਿਆ, ਤਜਰਬੇ ਅਤੇ ਹਾਲਾਤਾਂ ਆਦਿ ਪਹਿਲੂਆਂ ਉੱਤੇ ਨਿਰਭਰ ਕਰਦੀ ਹੈ।
ਕਹਾਣੀ : ਅਸੀ ਨੂੰਹਾਂ ਨਹੀਂ ਧੀਆਂ ਹਾਂ...
ਅਸੀਂ ਆਪਣੇ ਆਪ ਵਿਚ ਹੀ ਇਕ ਖਾਸ, ਨਿਵੇਕਲੀ ਅਤੇ ਵਿਲੱਖਣ ਸ਼ਖ਼ਸੀਅਤ ਦੇ ਮਾਲਕ ਹਾਂ। ਇਸ ਲਈ ਅਸੀਂ ਕਿਸੇ ਵਰਗੇ ਨਹੀਂ ਬਣ ਸਕਦੇ ਅਤੇ ਨਾ ਹੀ ਸਾਨੂੰ ਕਿਸੇ ਵਰਗਾ ਬਣਨ ਦਾ ਯਤਨ ਕਰਨਾ ਚਾਹੀਦਾ ਹੈ ਪਰ ਹਰ ਵੇਲੇ ਕਿਸੇ ਦੀ ਮਹਾਨਤਾ ਅਤੇ ਚੰਗਿਆਈ ਤੋਂ ਜ਼ਰੂਰ ਪ੍ਰੇਰਨਾ ਲੈ ਕੇ ਆਪਣੇ ਆਪ ਵਿਚ ਨਿਰੰਤਰ ਸੁਧਾਰ ਕਰਦੇ ਰਹਿਣਾ ਚਾਹੀਦਾ ਹੈ। ਸਾਨੂੰ ਜ਼ਿੰਦਗੀ ਦੇ ਹਰ ਮੋੜ ਉੱਤੇ ਪੇਸ਼ ਆਉਂਦੀਆਂ ਮੁਸੀਬਤਾਂ ਦਾ ਡਰ ਕੇ ਨਹੀਂ ਬਲਕਿ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਭਾਵੇਂ ਖੁਦਕੁਸ਼ੀਆਂ ਨੂੰ ਰੋਕਣਾ ਸਮੁੱਚੀ ਮਾਨਵਤਾ ਲਈ ਇਕ ਬਹੁਤ ਵੱਡੀ ਚੁਣੌਤੀ ਹੈ ਪਰੰਤੂ ਰਲ-ਮਿਲ ਕੇ ਮਾਰੇ ਹੰਭਲੇ ਨਾਲ ਅਸੀਂ ਇਸ ਨਕਾਰਾਤਮਕ ਵਰਤਾਰੇ ਨੂੰ ਜ਼ਰੂਰ ਰੋਕ ਸਕਦੇ ਹਾਂ। ਸਾਨੂੰ ਜਿੱਥੇ ਪੁਰਾਣੇ ਸਮਿਆਂ ਵਾਂਗ ਆਪਣੀ ਸਮਾਜਿਕ ਅਤੇ ਭਾਈਚਾਰਕ ਸਾਂਝ ਨਿਰੰਤਰ ਵਧਾਉਣੀ ਚਾਹੀਦੀ ਹੈ, ਉੱਥੇ ਬਿਨਾਂ ਕੋਈ ਲੋਭ-ਲਾਲਚ ਰੱਖਦਿਆਂ ਅਤੇ ਤੁਲਨਾ-ਈਰਖਾ ਕਰਦਿਆਂ ਆਪਣੀ ਸੂਝ-ਬੂਝ ਅਤੇ ਸਬਰ-ਸੰਤੋਖ ਨਾਲ ਆਪਣੇ ਸਾਰੇ ਕਾਰ-ਵਿਹਾਰ ਪੂਰੀ ਮਿਹਨਤ ਨਾਲ ਕਰਨੇ ਚਾਹੀਦੇ ਹਨ, ਬਾਕੀ ਸਭ ਕੁਦਰਤ ਅਤੇ ਪਰਮਾਤਮਾ ਦੇ ਉੱਪਰ ਛੱਡ ਦੇਣਾ ਚਾਹੀਦਾ ਹੈ। ਯਾਦ ਰਹੇ ਖੁਦਕੁਸ਼ੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਬਲਕਿ ਆਪ ਬਹੁਤ ਵੱਡੀ ਅਤੇ ਗੰਭੀਰ ਸਮੱਸਿਆ ਹੈ।
"ਖੁਦਕੁਸ਼ੀਆਂ ਨਾ ਕਰ ਸਕਣ ਕੋਈ ਸਮੱਸਿਆ ਹੱਲ,
ਸਮਝ, ਸਬਰ ਤੇ ਉੱਦਮ ਕੀਤਿਆਂ ਬਣ ਸਕਦੀ ਹੈ ਗੱਲ।"
ਕੋਵਿਡ-19 : “ ਘਰ ਵਿੱਚ ਇਸ ਤਰ੍ਹਾਂ ਕਰੋਂ ਪਰਿਵਾਰ ਦੇ ਨਾਲ ਯੋਗਾ ”