ਲੇਖ: ਭਗਤ ਸਿੰਘ ਤੇ ਸਾਥੀਆਂ ਦੀ ਮੰਗ-ਸਾਨੂੰ ਫ਼ਾਂਸੀ ਨਹੀਂ ਬਲਕਿ ਗੋਲ਼ੀਆਂ ਨਾਲ ਉਡਾ ਦਿਓ

10/12/2020 12:53:08 PM

ਸਤਲੁਜ ਦੇ ਹਮਸਫ਼ਰ-ਆਜ਼ਾਦੀ ਦੇ ਪਰਵਾਨੇ
ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ

ਆਪਣੀ ਫ਼ਾਂਸੀ ਤੋਂ 3 ਦਿਨ ਪਹਿਲਾਂ 20 ਮਾਰਚ 1931 ਨੂੰ ਪੰਜਾਬ ਦੇ ਗਵਰਨਰ ਨੂੰ ਸ਼ਹੀਦ ਸੁਖਦੇਵ, ਭਗਤ ਸਿੰਘ ਤੇ ਰਾਜ ਗੁਰੂ ਵੱਲੋਂ ਭਗਤ ਸਿੰਘ ਦੁਆਰਾ ਲਿਖ ਭੇਜੀ ਚਿੱਠੀ ਦਾ ਤੱਤਸਾਰ ਇਹ ਸੀ ਕਿ ਇਹ ਇਨਕਲਾਬੀ ਜਦੋਜਹਿਦ, ਜਿਸ ਵਿੱਚ ਅਸੀਂ ਸ਼ਾਮਲ ਹੋਏ ਹਾਂ, ਨਾ ਸਾਡੇ ਤੋਂ ਸ਼ੁਰੂ ਹੋਈ ਤੇ ਨਾ ਹੀ ਸਾਡੇ ਮਰ ਜਾਣ ਨਾਲ ਖ਼ਤਮ ਹੋਵੇਗੀ। ਜਿੰਨਾ ਚਿਰ ਨਾ-ਬਰਾਬਰੀ ਤੇ ਗ਼ੁਲਾਮੀ ਦਾ ਮਲੀਆਮੇਟ ਨਹੀਂ ਹੋ ਜਾਂਦਾ, ਇਹ ਜੰਗ ਨਿਰੰਤਰ ਜਾਰੀ ਰਹੇਗੀ। ਚਿੱਠੀ ਦਾ ਮੂਲ ਮੁੱਦਾ ਇਹ ਸੀ ਕਿ ਤੁਹਾਡੀ ਅਦਾਲਤ ਨੇ ਸਾਨੂੰ ਬਾਦਸ਼ਾਹ ਵਿਰੁੱਧ ਜੰਗ ਛੇੜਨ ਦਾ ਦੋਸ਼ੀ ਗਰਦਾਨ ਕੇ ਮੌਤ ਦੀ ਸਜ਼ਾ ਸੁਣਾਈ ਹੈ। ਜੇ ਵਾਕਈ ਤੁਸੀਂ ਆਪਣੀ ਅਦਾਲਤ ਦੇ ਫ਼ਰਮਾਨ ਦਾ ਪਾਲਣ ਕਰ ਰਹੇ ਹੋ ਤਾਂ ਫਿਰ ਸਾਨੂੰ ਜੰਗੀ ਕੈਦੀ ਹੋਣ ਦੀ ਹੈਸੀਅਤ ਵਿੱਚ ਫ਼ਾਂਸੀ ਨਾ ਚੜ੍ਹਾ ਕੇ ਗੋਲੀਆਂ ਨਾਲ ਉਡਾ ਦਿਓ। 23-24 ਮਾਰਚ 1931 ਦੀ ਅੰਨ੍ਹੀ-ਬੋਲੀ ਰਾਤ ਨੂੰ, ਤਿੰਨ ਆਜ਼ਾਦੀ ਪਰਵਾਨਿਆਂ ਦਾ ਚੋਰੀ-ਚੋਰੀ ਸਤਲੁਜ ਨਦੀ ਕੰਢੇ ਸਮੂਹਿਕ ਅੰਤਮ ਸੰਸਕਾਰ ਕਰਦਿਆਂ ਹੋਇਆਂ ਬੇਦਰਦ ਜਾਬਰਾਂ ਦੇ ਕਿਤੇ ਚਿੱਤ ਚੇਤੇ ਵੀ ਨਹੀਂ ਹੋਵੇਗਾ ਕਿ ਜਿੱਥੇ ਅਸੀਂ ਇਨ੍ਹਾਂ ਤਿੰਨਾਂ ਨੂੰ ਸਦਾ-ਚਿਰ ਜੀਵਤ ਕਰ ਰਹੇ ਹਾਂ, ਉੱਥੇ ਆਪਣਾ 200 ਸਾਲਾਂ ਦੀ ਰਾਜ-ਧੌਂਸ ਦਾ ਭੋਗ ਪਾ ਰਹੇ ਹਾਂ ਅਤੇ ਜਿਸ ਦੀ ਅੰਤਿਮ ਕਿਰਿਆ ਸਿਰਫ਼ ਡੇਢ ਦਹਾਕੇ ਵਿੱਚ ਸੰਪੰਨ ਹੋ ਜਾਵੇਗੀ।

PunjabKesari

 

 

ਸੁਖਦੇਵ ਅਤੇ ਭਗਤ ਸਿੰਘ ਦਾ ਜਨਮ ਅਤੇ ਪਰਿਵਾਰ 

ਵਕਤ, ਮੁਕਾਮ, ਪਰਿਵਾਰ ਪੱਖੋਂ, ਪਹਿਲਾਂ ਜਨਮ ਹੁੰਦਾ ਹੈ ਸੁਖਦੇਵ ਦਾ, 19 ਫਰਵਰੀ 1907 ਨੂੰ ਲੁਧਿਆਣਾ ਸ਼ਹਿਰ ਦੇ ਨੌਘਰਾ ਮੁਹੱਲੇ, ਮਾਤਾ ਸ੍ਰੀਮਤੀ ਰਲੀ ਦੇਵੀ, ਪਿਤਾ ਲਾਲਾ ਰਾਮ ਲਾਲ ਥਾਪਰ ਦੇ ਘਰ ਵਿੱਚ। ਸਿਰਫ਼ ਤਿੰਨ ਸਾਲਾਂ ਦੇ ਹੋਣ ’ਤੇ ਪਿਤਾ ਜੀ ਦੇ ਗੁਜ਼ਰ ਜਾਣ ਉਪਰੰਤ ਇਹ ਲਾਇਲਪੁਰ (ਹੁਣ ਫੈਸਲਾਬਾਦ, ਪਾਕਿਸਤਾਨ) ਆਪਣੇ ਤਾਇਆ ਜੀ, ਲਾਲਾ ਚਿੰਤ ਰਾਮ ਜੀ ਕੋਲ ਰਹੇ। ਜਿੱਥੇ ਇਨ੍ਹਾਂ ਦਾ ਮੇਲ ਭਗਤ ਸਿੰਘ ਨਾਲ ਹੋਇਆ ਸੀ। ਭਗਤ ਸਿੰਘ ਦਾ ਜਨਮ ਸੁਖਦੇਵ ਦੇ ਜਨਮ ਤੋਂ, ਕੋਈ ਸੱਤ ਕੁ ਮਹੀਨੇ ਪਿੱਛੋਂ ਪਿੰਡ ਚੱਕ ਨੰਬਰ 105 ਬੰਗਾ, ਜ਼ਿਲ੍ਹਾ ਲਾਇਲਪੁਰ, ਮਾਤਾ ਸ੍ਰੀਮਤੀ ਵਿੱਦਿਆਵਤੀ, ਪਿਤਾ ਸ. ਕਿਸ਼ਨ ਸਿੰਘ ਦੇ ਘਰ 28 ਸਤੰਬਰ 1907 ਵਿੱਚ ਹੋਇਆ। ਇਨ੍ਹਾਂ ਤੋਂ ਪਿੱਛੋਂ ‘ਭਾਈ ਕਾਹਲਾ ਜੀ’ ਅਰਥਾਤ ਸ਼ਿਵ ਰਾਮ ਰਾਜ ਗੁਰੂ ਦਾ ਜਨਮ, ਮਾਤਾ ਸ੍ਰੀਮਤੀ ਪਾਰਵਤੀ ਬਾਈ, ਪਿਤਾ ਹਰੀ ਰਾਜ ਗੁਰੂ, ਪਿੰਡ ਖੈੜ (ਹੁਣ ਰਾਜ ਗੁਰੂਨਗਰ), ਪੂਨਾ (ਮਹਾਰਾਸ਼ਟਰ) ’ਚ ਮਿਤੀ 24 ਅਗਸਤ 1908 ਨੂੰ ਹੋਇਆ ਸੀ।

PunjabKesari

 

 ‘ਪਾੜੋ ਤੇ ਰਾਜ ਕਰੋ’ ਨੂੰ ਸਮਝਦਿਆ...
ਆਪਣੇ ਦੇਸ਼ ਦੀਆਂ ਸਨਅਤਾਂ ਲਈ ਕਪਾਹ ਵਗੈਰਾ ਜਿਹੇ ਕੱਚੇ ਮਾਲ ਦੀ ਲੋੜ ਦੀ ਪੂਰਤੀ ਲਈ ਲਾਇਲਪੁਰ ਇਲਾਕੇ ਦੇ ਬੰਜਰ ਪਰ ਉਪਜਾਊ ਧਰਤੀ ਨੂੰ ਅੰਗਰੇਜ਼ ਹਾਕਮ ਵੱਲੋਂ ਵਿਉਂਤੀਆਂ ਨਹਿਰਾਂ ਨੇ ਭਾਗ ਲਾਏ। ਜ਼ਿਮੀਂਦਾਰਾਂ ਦੇ ਪਰਿਵਾਰ ਵੱਡੀ ਗਿਣਤੀ ਵਿੱਚ ਜੱਦੀ ਪਿੰਡਾਂ ਦੀ ਸੌੜੀ ਮਾਲਕੀ ਤੋਂ ਅੱਕੇ ਹੋਏ ਉੱਥੇ ਜਾ ਬਿਰਾਜੇ, ਜਿਨ੍ਹਾਂ ਵਿੱਚ ਪਿੰਡ ਖਟਕੜ ਕਲਾਂ, ਜ਼ਿਲ੍ਹਾ ਜਲੰਧਰ ਵਾਸੀ ਸ. ਅਰਜਨ ਸਿੰਘ ਵੀ ਸ਼ਾਮਲ ਸਨ ਅਤੇ ਉਨ੍ਹਾਂ ਨਾਲ ਉਨ੍ਹਾਂ ਦੇ ਪੁੱਤਰ ਸ. ਕਿਸ਼ਨ ਸਿੰਘ (ਭਗਤ ਸਿੰਘ ਦੇ ਪਿਤਾ ਜੀ) ਵੀ ਸਨ। ਇਸ ਨੌ-ਆਬਾਦ ਧਰਤੀ ਨੇ ਜਿੱਥੇ ਸਾਮਰਾਜੀ ਕਾਰਖ਼ਾਨਿਆਂ ਦੀ ਕੁੱਖ ਹਰੀ ਕਰਨ ਵਿੱਚ ਯੋਗਦਾਨ ਪਾਇਆ, ਉੱਥੇ ਇਹ, ਇਹਦਾ ਮਲੀਆਮੇਟ ਕਰਨ ਵਾਲੀ ਪੌਦ ਵਾਸਤੇ ਉਪਜਾਊ ਸਿੱਧ ਹੋਈ। 1905 ’ਚ ਅੰਗਰੇਜ਼ੀ ਸਰਕਾਰ ਦੇ ਬੰਗਾਲ ਦੀ ਵੰਡ ‘ਪਾੜੋ ਤੇ ਰਾਜ ਕਰੋ’ ਦੇ ਫੈਸਲੇ ਦੀ ਚਾਲ ਨੂੰ ਸਮਝਦਿਆਂ, ਪਹਿਲੀ ਵਾਰ ਵਿਦੇਸ਼ੀ ਰਾਜ ਵਿਰੁੱਧ ਦੇਸ਼-ਵਿਆਪੀ ਜਨਤਕ ਵਿਰੋਧ ਦੀ ਸ਼ੁਰੂਆਤ ਹੋਈ ਅਤੇ ਪੰਜਾਬ ਵਿੱਚ ਪਹਿਲੀ ਵਾਰ ਵਿਦੇਸ਼ੀ ਸਰਕਾਰ ਵਿਰੁੱਧ ਲੋਕ ਰੋਹ ਦੀ ਸ਼ੁਰੂਆਤ ਹੋਈ।ਇਸ ਵਾਵਰੋਲੇ ਦੀ ਲਪੇਟ ਵਿੱਚ ਭਗਤ ਸਿੰਘ ਦੇ ਪਿਤਾ ਜੀ ਨੂੰ ਗ੍ਰਿਫਤਾਰੀ ਤੋਂ ਬਚਣ ਲਈ ਨੇਪਾਲ ਜਾਣਾ ਪਿਆ। ਚਾਚਾ ਜੀ, ਸ. ਅਜੀਤ ਸਿੰਘ ਨੂੰ ਜਲਾਵਤਨ ਕਰਕੇ ਬਰਮਾ ਵਿੱਚ ਨਜ਼ਰਬੰਦ ਕੀਤਾ ਗਿਆ ਅਤੇ ਛੋਟੇ ਚਾਚਾ ਜੀ, ਸ. ਸਵਰਨ ਸਿੰਘ ਨੂੰ ਬੰਦੀਖ਼ਾਨੇ ਵਿੱਚ ਸੁੱਟ ਦਿੱਤਾ ਗਿਆ। ਲਾਇਲਪੁਰ ਦੀ ਉਪਜਾਊ ਧਰਤੀ ’ਚ ਸੁਖਦੇਵ ਤੇ ਭਗਤ ਸਿੰਘ ਦਾ ਪਾਲਣ-ਪੋਸ਼ਣ ਹੋਇਆ ਹੈ। ਭਾਵੇਂ ਇਹ ਸਾਰਾ ਕੁਝ ਇਨ੍ਹਾਂ ਦੇ ਜਨਮ ਜਾਂ ਹੋਸ਼ ਸੰਭਾਲਣ ਤੋਂ ਪਹਿਲਾਂ ਵਾਪਰਿਆ ਪਰ ਇਸ ਦੌਰ ਦੀਆਂ ਪੈੜਾਂ ਅਲੋਪ ਨਹੀਂ ਸੀ ਹੋਈਆਂ ਤੇ ‘ਪਗੜੀ ਸੰਭਾਲ ਉਏ ਜੱਟਾ’ ਦੇ ਦਿਲ ਹਿਲਾਊ ਗੀਤ ਦੀ ਗੂੰਜਾਰ ਅਜੇ ਵੀ ਨਾ ਸਿਰਫ ਲੋਕ ਮਨਾਂ ’ਤੇ ਭਾਰੂ ਸੀ, ਬਲਕਿ ਹਰੇਕ ਦੀ ਜ਼ੁਬਾਨ ’ਤੇ ਵੀ ਸਹਿਜੇ ਆਉਂਦੀ ਰਹਿੰਦੀ ਸੀ।

 

ਸ਼ਹਾਦਤ ਦੀਆਂ ਪਿਰਤਾਂ

ਉਧਰ ਪੂਨੇ ਦੀ ਧਰਤੀ, ਜਿੱਥੇ ਉਨ੍ਹੀਵੀਂ ਸਦੀ ਦੇ ਅੰਤਲੇ ਸਾਲਾਂ ਵਿੱਚ ਤਿੰਨ ਵੀਰ- ਦਮੋਦਰ, ਬਾਲ ਕ੍ਰਿਸ਼ਨ, ਵਾਸੂਦੇਵ ਤੇ ਇਨ੍ਹਾਂ ਦੇ ਨੇੜਲੇ ਸਾਥੀ ਰਾਨੇਡੇ ਨੇ ਸ਼ਹਾਦਤ ਦੀਆਂ ਪਿਰਤਾਂ ਪਾਈਆਂ ਸਨ ਤੇ ਗ਼ਦਰ ਲਹਿਰ ਵੇਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਅਮਰੀਕਾ ਤੋਂ ਪਰਤੇ ਸਾਥੀ ਵਿਸ਼ਨੂੰ ਗਣੇਸ਼ ਪਿੰਗਲੇ ਨੇ ਪੰਜਾਬ-ਮਹਾਰਾਸ਼ਟਰ ਦੀ ਸ਼ਹੀਦੀ ਪਰੰਪਰਾ ’ਤੇ ਫੁੱਲ ਚਾੜ੍ਹੇ ਸਨ। ਫਿਰ ਸ਼ਿਵ ਰਾਮ ਰਾਜ ਗੁਰੂ ਪਹੁੰਚ ਜਾਂਦੇ ਹਨ, ਬਨਾਰਸ ਦੇ ਪ੍ਰਸਿੱਧ ਧਾਰਮਿਕ ਸ਼ਹਿਰ ਵਿੱਚ, ਬਤੌਰ ਡਰਿੱਲ/ਗਤਕਾ ਮਾਸਟਰ ਦੇ। ਉਧਰ ਇਨਕਲਾਬੀ ਪਾਰਟੀ ਨੂੰ ਦਿੱਲੀ ਵਿੱਚ ਕਿਸੇ ‘ਐਕਸ਼ਨ’ ਲਈ ਇਕ ਕਾਰਕੁੰਨ ਦੀ ਥੁੜ੍ਹ ਸੀ। ਕਿਸੇ ਭਰੋਸੇਯੋਗ ਸਾਥੀ ਦੀ ਨਿਸ਼ਾਨਦੇਹੀ ’ਤੇ ਸ਼ਿਵ ਵਰਮਾ ਜੀ ਜਾ ਪਹੁੰਚਦੇ ਹਨ ਬਨਾਰਸ ’ਚ। ਸ਼ਿਵ ਰਾਮ ਜੀ ਨੂੰ ਨਾਲ ਲੈ ਆਉਂਦੇ ਹਨ ਆਪਣੇ ਹੋਸਟਲ ਵਿੱਚ। ਇਹ ਹੋਸਟਲ ਵੀ ਇਨਕਲਾਬੀਆਂ ਦੀ ਇਕ ਤਰ੍ਹਾਂ ਨਾਲ ਠਾਹਰ ਜਿਹੀ ਸੀ, ਜਿੱਥੇ ਭਗਤ ਸਿੰਘ, ਸੁਖਦੇਵ ਤੇ ਹੋਰ ਮਫਰੂਰ ਸਾਥੀ ਠਹਿਰਿਆ ਕਰਦੇ ਸਨ।

ਜਦੋਂ ਸੁਫ਼ਨੇ ਸੱਚ ਹੋਣ ਲੱਗੇ

ਇਕ ਵਾਰੀ ਆਗਰੇ ਵਿੱਚ 1929 ਦੇ ਸ਼ੁਰੂ ਵਿੱਚ ਲਗਪਗ ਸਾਰੇ ਹੀ ਸਾਥੀ ਹਾਸਾ-ਮਜ਼ਾਕ ਕਰ ਰਹੇ ਸਨ ਤੇ ਵਿਸ਼ਾ ਸੀ, ‘‘ਕੌਣ ਕਿਵੇਂ ਫੜਿਆ ਜਾਏਗਾ ਤੇ ਫੜੇ ਜਾਣ ’ਤੇ ਕੀ ਕਰੇਗਾ?’’ ਇਹ ਹਜ਼ਰਤ (ਰਾਜ ਗੁਰੂ) ਤਾਂ ਸੁੱਤੇ ਹੀ ਫੜੇ ਜਾਣਗੇ। ਇਨ੍ਹਾਂ ਦੀ ਅੱਖ ਹਵਾਲਾਤ ਵਿੱਚ ਖੁੱਲ੍ਹੇਗੀ ਅਤੇ ਇਹ ਪਹਿਰੇਦਾਰ ਨੂੰ ਪੁੱਛਣਗੇ…‘‘ਕੀ ਮੈਂ ਸਚਮੁੱਚ ਹੀ ਫੜਿਆ ਗਿਆ ਹਾਂ ਜਾਂ ਸੁਪਨਾ ਵੇਖ ਰਿਹਾ ਹਾਂ।’’

…ਤੇ ਹੋਇਆ ਵੀ ਲਗਪਗ ਇੰਜ ਹੀ, ਜਨਾਬ 30 ਸਤੰਬਰ, 1929 ਦੀ ਰਾਤ ਨੂੰ 3 ਵਜੇ ਸੁੱਤੇ ਹੋਏ ਹੀ ਪਲਾਟ ਨੰਬਰ 20, ਤਿਲਕ ਰੋਡ, ਪੂਨਾ ਤੋਂ ਅਸਲੇ ਸਮੇਤ ਗ੍ਰਿਫ਼ਤਾਰ ਹੋਏ। ਹਾਂ, ਤੇ ਜਦੋਂ ਇਨ੍ਹਾਂ ਨੂੰ ਪਹਿਲੀ ਵਾਰੀ ਅਕਤੂਬਰ 1929 ਨੂੰ ਲਾਹੌਰ ਦੇ ਸਪੈਸ਼ਲ ਮੈਜਿਸਟਰੇਟ ਮੂਹਰੇ ਪੁਲਸ ਨੇ ਰਿਮਾਂਡ ਲੈਣ ਲਈ ਪੇਸ਼ ਕੀਤਾ ਤਾਂ ਪੈਂਦੇ ਹੀ ਮੈਜਿਸਟਰੇਟ ਨੇ ਕਿਹਾ, ‘‘ਨਾਮ ਤੋ ਤੁਮਹਾਰਾ ਰਾਜ ਗੁਰੂ ਹੈ ਔਰ ਇਲਜ਼ਾਮ ਤੁਮ ਪਰ ਯਹ ਹੈ?’’ ‘‘ਹਾਂ, ਮੇਰਾ ਕਾਮ ਹੈ ਰਾਜਾ ਕੋ ਸ਼ਿਕਸ਼ਾ ਦੇਨਾ’’ ਜਵਾਬ ਸੀ ਰਾਜ ਗੁਰੂ ਦਾ।

ਹਾਂ, ਤੇ ਭਗਤ ਸਿੰਘ ਕਿਸੇ ਸਿਨੇਮਾ ਹਾਲ ਵਿੱਚ ਫੜੇ ਜਾਣਗੇ। ਫੜੇ ਜਾਣ ’ਤੇ ਪੁਲਸ ਵਾਲਿਆਂ ਨੂੰ ਕਹਿਣਗੇ ਜੀ ਹਾਂ ਜੇ ਸਾਨੂੰ ਫੜ ਲਿਆ ਤਾਂ ਕੀ ਗਜ਼ਬ ਹੋ ਗਿਆ। ਫਿਲਮ ਤਾਂ ਪੂਰੀ ਦੇਖਣ ਲੈਣ ਦਿਓ। …ਖੈਰ, ਉਨ੍ਹਾਂ ਨੇ ਤਾਂ ਆਤਮ ਸਮਰਪਣ ਕੀਤਾ ਦਿੱਲੀ ਅਸੈਂਬਲੀ ਵਿੱਚ 8.4.1929 ਨੂੰ ਬੀ.ਕੇ. ਦੱਤ ਨਾਲ, ਪਰ ਫਿਲਮ ਦੇ ਭੂਤ ਨੇ ਇਨ੍ਹਾਂ ਨੂੰ ਸਾਂਡਰਸ ਦੇ ਕਤਲ ਤੋਂ ਐਨ ਪਹਿਲਾਂ ਭਾਵ 17.12.1928 ਦੀ ਪਿਛਲੀ ਰਾਤ ‘ਕਾਕੋਰੀ ਡੇਅ’ ਸਮਾਗਮ ਤੋਂ ਪਰਤਦੇ ‘ਟੋਮ ਕਾਕਾ ਕੀ ਕੁਟਿਆ’ ਵੇਖਣ ਦੀ ਐਨੀ ਜ਼ਬਰਦਸਤ ਤਲਬ ਹੋਈ ਕਿ ਸਾਥੀ ਭਗਵਾਨ ਦਾਸ ਲਾਹੌਰ ਤੋਂ ਜ਼ਬਰਦਸਤੀ ਰਾਤ ਦੇ ਖਾਣੇ ਲਈ ਦਿੱਤੀਆਂ ਚੁਆਨੀਆਂ ਖੋਹ ਕੇ ਸਿਨੇਮਾ ਹਾਲ ਜਾ ਕੇ ਫਿਲਮ ਦੀ ਟਿਕਟ ਖਰੀਦੀ ਤੇ ਫਿਲਮ ਦੇਖਣ ਉਪਰੰਤ ਰਾਤੀ ਨੀਂਦ ਆਈ।


ਬਾਕੀ ਰਹੀ ਗੱਲ ਸੁਖਦੇਵ ਹੋਰਾਂ ਦੀ ਪਤਾ ਨਹੀਂ ਕਿਸੇ ਕਾਰਨ ਇਨ੍ਹਾਂ ਬਾਰੇ ਕੋਈ ਅਜਿਹੀ ਭਵਿੱਖਬਾਣੀ ਨਹੀਂ ਸੀ ਕੀਤੀ ਗਈ।…ਹਾਂ ਭਗਤ ਸਿੰਘ ਨੇ ਆਜ਼ਾਦ ਨੂੰ ਹਾਸੀ-ਮਜ਼ਾਕ ਕਰਦੇ ਹੋਏ ਕਿਹਾ, ‘‘ਪੰਡਤ ਜੀ! ਫੜੇ ਜਾਣ ’ਤੇ ਤੁਹਾਡੇ ਲਈ ਦੋ ਰੱਸਿਆਂ ਦੀ ਲੋੜ ਪਵੇਗੀ।’’…ਤਾਂ ਆਜ਼ਾਦ ਕਹਿਣ ਲੱਗੇ, ‘‘ਦੇਖ ਫਾਂਸੀ ਜਾਣ ਦਾ ਸ਼ੌਕ ਮੈਨੂੰ ਨਹੀਂ। ਉਹ ਤੈਨੂੰ ਮੁਬਾਰਕ ਹੋਵੇ, ਰੱਸਾ-ਫੱਸਾ ਤੇਰੇ ਗਲੇ ਲਈ ਹੈ। ਜਦ ਤੱਕ ਇਹ ‘ਬਮਤੁਲ ਬੁਖਾਰਾ’ (ਮਾਉਜਰ) ਮੇਰੇ ਕੋਲ ਹੈ, ਕਿਸ ਨੇ ਮਾਂ ਦਾ ਦੁੱਧ ਪੀਤਾ ਹੈ, ਜੋ ਮੈਨੂੰ ਜਿੰਦੇ ਨੂੰ ਫੜ ਲੈ ਜਾਏ।’’ ਆਗਰੇ ਆਪਣੇ ਨਿਵਾਸ ਦੌਰਾਨ ਸਾਰੇ ਕਦੇ-ਕਦੇ ਸ਼ਾਮੀਂ ਸੈਰ-ਸਪਾਟੇ ਲਈ ਤਾਜ ਮਹਿਲ ਜਾਂਦੇ ਸਨ। ਇਕ ਦਿਨ ਰਾਜਗੁਰੂ ਉਥੋਂ ਜਦੋਂ ਪਰਤੇ ਤਾਂ ਉਨ੍ਹਾਂ ਨੂੰ ਸ਼ਾਇਰੀ ਦਾ ਦੌਰਾ ਪੈ ਗਿਆ ਤੇ ਕਾਗਜ਼ ਪੈਨਸਿਲ ਲੈ ਕੇ ਇਕ ਸ਼ੇਅਰ ਲਿਖ ਮਾਰਿਆ:

‘‘ਅਬ ਤੱਕ ਨਹੀਂ ਮਾਲੂਮ ਥਾ ਇਸ਼ਕ ਕਿਆ ਚੀਜ਼ ਹੈ,
ਰੋਜ਼ੇ ਕੋ ਦੇਖ ਕਰ ਮੇਰੇ ਭੀ ਇਸ਼ਕ ਨੇ ਬਲਵਾ ਕਿਆ।’’

ਵਿਜੈ ਕੁਮਾਰ ਸਿਨਹਾ ਤਾਂ ‘ਇਸ਼ਕ ਨੇ ਬਲਵਾ ਕਿਆ, ਇਸ਼ਕ ਨੇ ਬਲਵਾ ਕਿਆ’ ਚੀਖਦਿਆਂ ਉਛਲ ਪਏ ਤੇ ਦੱਤ ਇਨ੍ਹਾਂ ਦਾ ਮੂੰਹ ਦੇਖਦੇ ਰਹਿ ਗਏ। ਭਗਤ ਸਿੰਘ ਨੇ ਆਪਣੀ ਜੇਬ ਵਿੱਚੋਂ ਪਿਸਤੌਲ ਕੱਢਿਆ ਅਤੇ ਨਾਲੀ ਵੱਲ ਤੋਂ ਇਸ ਨੂੰ ਫੜ ਕੇ ਰਾਜ ਗੁਰੂ ਵੱਲ ਵਧਾ ਕੇ ਬੋਲੇ, ‘‘ਤੂੰ ਮੈਨੂੰ ਜੀਉਂਦਾ ਨਹੀਂ ਰਹਿਣ ਦੇਣਾ ਤਾਂ ਲੈ ਮਾਰਦੇ, ਨਹੀਂ ਤਾਂ ਇਹ ਵਾਅਦਾ ਕਰ ਕਿ ਫਿਰ ਕਦੀ ਸ਼ੇਰ, ਚੀਤਾ, ਭੇੜੀਆ, ਕੁੱਤਾ ਕੁਝ ਨਹੀਂ ਬਣਾਏਂਗਾ।’’ ਵਿਚਾਰੇ ਰਾਜ ਗੁਰੂ ਦੰਗ ਰਹਿ ਗਏ। ਫਿਰ ਸ਼ਾਇਦ ਉਨ੍ਹਾਂ ਕਦੇ ਹਿੰਦੀ ਜਾਂ ਹਿੰਦੁਸਤਾਨੀ ਵਿੱਚ ਕਾਵਿ ਰਚਨਾ ਰਚੀ ਹੋਵੇ, ਮਰਾਠੀ ਦੀ ਰਾਮ ਜਾਣੇ। ਉਧਰ ਸੁਖਦੇਵ ਤੇ ਉਸ ਦੇ ਲੰਗੋਟੀਏ ਯਾਰ ਭਗਤ ਸਿੰਘ ਇਨ੍ਹਾਂ ਦਾ ਮੁੱਖ ‘ਸ਼ੁਗਲ’ ਲਾਹੌਰ ਦੀ ਪ੍ਰਸਿੱਧ ਦਵਾਰਕਾ ਦਾਸ ਲਾਇਬਰੇਰੀ ਦੇ ਇਨ੍ਹਾਂ ਦੇ ਹਮਉਮਰ ਲਾਇਬਰੇਰੀਅਨ, ਰਾਜਾ ਰਾਮ ਸ਼ਾਸਤਰੀ ਨੂੰ ਛੇੜਨਾ ਤੇ ਤੰਗ ਕਰਨਾ। ਅੱਧੀ ਰਾਤੀਂ ਸ਼ਾਸਤਰੀ ਜੀ ਦੇ ਬਿਲਕੁਲ ਤੰਗ ਜਿਹੇ ਕਮਰੇ ਦਾ ਦਰਵਾਜ਼ਾ ਖੜਕਾਉਣਾ ਤੇ ਦਰਵਾਜ਼ਾ ਖੁੱਲ੍ਹਣ ’ਤੇ ਬੂਟ ਜੁੱਤੀ ਲਾਹ ਕੇ ਮੇਜ਼ਬਾਨ ਦੇ ਬਿਸਤਰੇ ’ਤੇ ਉਹ ਦੇ ਦੋਹੀਂ ਪਾਸੇ ਪਹਿਲੀ ਨਿੱਠ ਕੇ ਬੈਠਣਾ ਤੇ ਫਿਰ ਲੇਟ ਕੇ ਤਦ ਸ਼ਾਸਤਰੀ ਨੇ ਤੰਗ ਆ ਕੇ ਮੰਜਾ ਛੱਡ ਕੇ ਹੇਠਾਂ ਲੇਟ ਜਾਣਾ। ਪ੍ਰਾਹੁਣਿਆਂ ਨੇ ਇਕ-ਦੂਜੇ ਨੂੰ ਮੁਖਾਤਬ ਹੋ ਕੇ ਕਹਿਣਾ, ‘‘ਇਸ ਵਿੱਚ ਰੱਤੀ ਵੀ ਸ਼ੱਕ ਨਹੀਂ ਕਿ ਰਾਜਾ ਰਾਮ ਆਪਣੇ ਦੋਸਤਾਂ (ਭਾਵ ਸਾਨੂੰ) ਕਿੰਨਾ ਪਿਆਰ ਕਰਦਾ ਹੈ, ਵਿਚਾਰਾ!’’ ਰਾਜਾ ਰਾਮ ਨੇ ਅੱਗ ਬਿਗੋਲੇ ਹੋ ਕੇ ਕਹਿਣਾ, ‘‘ਵੇਖੋ ਨਾਲੇ ਮੇਰਾ ਮੰਜਾ-ਬਿਸਤਰਾ ਖੋਹ ਲਿਐ ਉਤੋਂ ਝੇਡਾ ਕਰਦੇ ਨੇ।’’ ਐਨੇ ਨੂੰ ਪ੍ਰਾਹੁਣਿਆਂ ਵਿੱਚੋਂ ਇਕ ਨੇ ਕਹਿਣਾ, ‘‘ਭਾਈ ਸਮਾਜਵਾਦ ਕਹਿੰਦਾ ਹੈ ਮਿਲ ਕੇ ਆਨੰਦ ਲਵੋ’’ ਤੇ ਮੰਜਾ ਚੁੱਕ ਕੇ ਤਿੰਨੇ ਹੀ ਥੱਲੇ ਘਰਾੜੇ ਮਾਰਦੇ ਸੌਂ ਜਾਂਦੇ।

ਅਸੈਂਬਲੀ ਵਿੱਚ ਧਮਾਕਾ
ਅਪ੍ਰੈਲ 1929 ਵਿੱਚ ਅਸੈਂਬਲੀ ਵਿੱਚ ਧਮਾਕਾ ਕਰਕੇ ਜਦੋਂ ਇਨਕਲਾਬੀ ਪਾਰਟੀ ਨੇ ਵੱਡਾ ਮੋੜ ਕੱਟਣਾ ਸੀ ਤਾਂ ਰਾਜ ਗੁਰੂ ਨੂੰ ਪਤਾ ਲੱਗਾ ਕਿ ਭਗਤ ਸਿੰਘ ਉਹਦੀ ਬਜਾਏ ਦੱਤ ਨੂੰ ਨਾਲ ਲੈ ਜਾ ਰਿਹਾ ਹੈ ਤਾਂ ਉਹਦੀ ਨੀਂਦਰ ਹਰਾਮ ਹੋ ਗਈ। ਕਿਉਂਕਿ ਸਾਰਿਆਂ ਨੂੰ ਲੱਗਦਾ ਸੀ ਕਿ ਅਸੈਂਬਲੀ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਵੇਗੀ। ਰਾਜ ਗੁਰੂ ਨੂੰ ਹਮੇਸ਼ਾ ਇਹ ਤੌਖਲਾ ਰਹਿੰਦਾ ਸੀ ਕਿ ਭਗਤ ਸਿੰਘ ਉਸ ਨੂੰ ਦਾਅ ਲਾ ਕੇ ਖੁਦ ਪਹਿਲਾਂ ਫਾਂਸੀ ਚੜ੍ਹ ਜਾਵੇਗਾ। ਸੋ ਉਹ ਭੱਜਾ-ਭੱਜਾ ਆਜ਼ਾਦ ਹੋਰਾਂ ਕੋਲ ਸਿਫਾਰਸ਼ ਪੁਆਉਣ ਲਈ ਪਹੁੰਚਿਆ। ਜਦ ਉਹਨੂੰ ਦੱਸਿਆ ਗਿਆ ਕਿ ਆਤਮ ਸਮਰਪਣ ਉਪਰੰਤ ਅਦਾਲਤੀ ਬਿਆਨ ਅੰਗਰੇਜ਼ੀ ਵਿੱਚ ਦੇਣਾ ਹੈ ਤਾਂ ਰਾਜ ਗੁਰੂ ਨੇ ਜਵਾਬ ਦਿੱਤਾ ਕਿ ਮੈਨੂੰ ਭਾਵੇਂ ਕਿੰਨਾ ਲੰਮਾ ਬਿਆਨ ਅੰਗਰੇਜ਼ੀ ਵਿੱਚ ਲਿਖ ਕੇ ਦੇ ਦਿਉ, ਮੈਂ ਤੋਤੇ ਵਾਂਗ ਰਟ ਲਵਾਂਗਾ ਪਰ ਫਿਰ ਵੀ ‘ਵੇਚਾਰੇ’ ਦਾ ਕੰਮ ਨਹੀਂ ਬਣਿਆ। 

PunjabKesari

 

1928 ਨੂੰ ਸਾਂਡਰਸ ਦੇ ਕਤਲ ਦੀ ਜ਼ਿੰਮੇਵਾਰੀ
ਇਹ ਵੱਖਰੀ ਗੱਲ ਹੈ ਕਿ ਇਸ ਤੋਂ ਪਹਿਲਾਂ ਭਾਵ 17 ਦਸੰਬਰ, 1928 ਨੂੰ ਸਾਂਡਰਸ ਦੇ ਕਤਲ ਮੌਕੇ ਕਤਲ ਦੀ ਜ਼ਿੰਮੇਵਾਰੀ ਭਗਤ ਸਿੰਘ ਨੂੰ ਸੌਂਪੀ ਗਈ ਸੀ। ਰਾਜ ਗੁਰੂ ਨੇ ਕੇਵਲ ਭਗਤ ਸਿੰਘ ਦੀ ਹਿਫਾਜ਼ਤ ਹੀ ਕਰਨੀ ਸੀ ਪਰ ਭਾਈ ਕਾਹਲਾ ਗੋਲੀ ਚਲਾਉਣੋਂ ਰਹਿ ਨਾ ਸਕਿਆ ਤੇ ਪੈਂਦੀ ਸੱਟੇ ਸਾਂਡਰਸ ’ਤੇ ਗੋਲੀ ਦਾਗ਼ ਦਿੱਤੀ। ਉਧਰ ਪਾਰਟੀ ਭਗਤ ਸਿੰਘ ਦੀ ਕੁਰਬਾਨੀ ਦੇਣਾ ਨਹੀਂ ਸੀ ਚਾਹੁੰਦੀ ਤੇ ਸੈਂਟਰਲ ਕਮੇਟੀ ਮੀਟਿੰਗ ਵਿੱਚ ਅਜਿਹਾ ਫੈਸਲਾ ਲਿਆ ਗਿਆ। ਸੁਖਦੇਵ ਉਸ ਮੀਟਿੰਗ ਵਿੱਚ ਹਾਜ਼ਰ ਨਹੀਂ ਸੀ। ਜਦੋਂ ਉਹਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਦਿੱਲੀ ਪਹੁੰਚ ਕੇ ਆਪਣੇ ਜਿਗਰੀ ਦੋਸਤ ਭਗਤ ਸਿੰਘ ਨਾਲ ਮਿਹਣੋ-ਮਿਹਣੀ ਹੋ ਕੇ ਉਸ ਨੂੰ ਮਜਬੂਰ ਕੀਤਾ ਕਿ ਉਹ ਕਮੇਟੀ ਕੋਲੋਂ ਖੁਦ ਨੂੰ ਭੇਜੇ ਜਾਣ ਦੀ ਮੋਹਰ ਲੁਆਏ ਤੇ ਹੋਇਆ ਵੀ ਇੰਜ ਹੀ-ਧੰਨ ਅਜਿਹੀ ਦੋਸਤੀ ਤੇ ਧੰਨ ਅਜਿਹਾ ਸਾਥ!

ਸੁਖਦੇਵ ਦਾ ਮੀਰੀ ਗੁਣ ਇਹ ਸੀ ਕਿ ਇਹ ਪਰਿਵਾਰ ਦੇ ਕਰਤਾ-ਧਰਤਾ ਵਾਂਗ ਹਰੇਕ ਸਾਥੀ ਦੀ ਛੋਟੀ-ਵੱਡੀ ਲੋੜ ਨੂੰ ਕਦੇ ਅੱਖੋਂ-ਪਰੋਖੇ ਨਹੀਂ ਸੀ ਕਰਦਾ ਤੇ ਵਸੀਲੇ ਜੁਟਾਉਣ ਦਾ ਧਨੀ ਸੀ, ਜਿਸ ਦੀ ਮੁੱਖ ਮਿਸਾਲ ਹੈ-ਭਗਤ ਸਿੰਘ, ਰਾਜ ਗੁਰੂ ਤੇ ਆਜ਼ਾਦ ਨੂੰ ਲਾਹੌਰੋਂ ਬਾਹਰ ਇੰਝ ਲੈ ਜਾਣਾ ਜਿਵੇਂ ਮੱਖਣ ਵਿੱਚੋਂ ਵਾਲ ਕੱਢੀਦਾ ਹੈ। ਪੈਸੇ ਮੰਗੇ ਦੁਰਗਾ ‘ਭਾਬੀ’ ਸੁਪਤਨੀ ਭਗਵਤੀ ਚਰਨ ਵੋਹਰਾ ਤੋਂ, ਤੇ ਇਸ ਵੀਰਾਂਗਨਾ ਨੇ ਨਾ ਸਿਰਫ ਆਪਣੀ ਬਲਕਿ ਆਪਣੇ ਤਿੰਨ ਸਾਲਾ ਬੇਟੇ ਦੀ ਜਾਨ ਦੀ ਬਾਜ਼ੀ ਲਾ ਕੇ ਭਗਤ ਸਿੰਘ ਦੀ ਸੁਪਤਨੀ ਦਾ ਡਰਾਮਾ ਖੇਡ ਕੇ 20 ਦਸੰਬਰ, 1928 ਨੂੰ ਰਾਜ ਗੁਰੂ ਸਮੇਤ ਗੱਡੀ ਫੜ ਕੇ ਉਨ੍ਹਾਂ ਨੂੰ ਲਾਹੌਰੋਂ ਬਾਹਰ ਕੱਢਿਆ। ਇਸ ਸਾਰੀ ਯੋਜਨਾ ਪਿੱਛੇ ਸੁਖਦੇਵ ਦਾ ਦਿਮਾਗ ਸੀ। ਉਧਰ ਆਜ਼ਾਦ ਨੂੰ ਆਪਣੀ ਮਾਤਾ, ਧਰਮ ਭੈਣ ਤੇ (ਪੰਡਤ) ਕਿਸ਼ੋਰੀ ਲਾਲ ਸਮੇਤ 25 ਦਸੰਬਰ, 1928 ਨੂੰ ਮਥੁਰਾ ਭੇਜ ਦਿੱਤਾ। ਸੁਖਦੇਵ ਤੇ ਜਥੇਬੰਦਕ ਦੇ ਤੌਰ ’ਤੇ ਲਾਹੌਰ ਸਾਜ਼ਿਸ਼ ਕੇਸ ਦੇ ਜੱਜਾਂ ਨੇ ਇਹ ਟਿੱਪਣੀ ਕੀਤੀ ਸੀ ਕਿ ਸਾਜ਼ਿਸ਼ ਦਾ ਦਿਮਾਗ ਇਹੀ ਸੀ ਤੇ ਭਗਤ ਸਿੰਘ ਇਸ ਦੀ ਸੱਜੀ ਬਾਂਹ ਵਾਂਗ ਸੀ।

ਸੁਖਦੇਵ ਦੀ ਗ੍ਰਿਫ਼ਤਾਰੀ 15 ਅਪਰੈਲ, 1929 ਨੂੰ ਲਾਹੌਰ ਦੀ ਕਸ਼ਮੀਰ ਬਿਲਡਿੰਗ ’ਚ ਸਥਿਤ ‘ਬੰਬ ਫੈਕਟਰੀ’ ਤੋਂ ਹੋਈ ਸੀ, ਕਿਉਂਕਿ ਅਲਮਾਰੀ ਵਿੱਚ ਇਕ ‘ਲਾਈਵ ਬੰਬ’ ਪਿਆ ਹੋਇਆ ਸੀ। ਇਸ ਨੇ ਸੂਝ-ਬੂਝ ਤੋਂ ਕੰਮ ਲੈਂਦਿਆਂ ਪੁਲਸ ਪਾਰਟੀ ਨੂੰ ਇਸ ਬਾਰੇ ਸੁਚੇਤ ਕਰ ਦਿੱਤਾ ਸੀ। ਗ੍ਰਿਫਤਾਰੀ ਪਿੱਛੋਂ ਜੇਲ੍ਹ ਜੀਵਨ ਦੌਰਾਨ ਇਸ ਜਥੇਬੰਦੀ ਨੇ ਆਪਣੇ ‘ਅਮਲਾਂ ਰਾਹੀਂ ਪ੍ਰਚਾਰ’ ਵਾਲੀ ਰਣਨੀਤੀ ਅਨੁਸਾਰ ਸਿਆਸੀ ਕੈਦੀਆਂ ਲਈ ਸਨਮਾਨਜਨਕ ਸੁੱਖ-ਸਹੂਲਤਾਂ ਤੇ ਵਰਤਾਉ ਖਾਤਰ ਲੰਮੀਆਂ ਭੁੱਖ ਹੜਤਾਲਾਂ ਕੀਤੀਆਂ ਤੇ ਅਕਹਿ ਕਸ਼ਟ ਖਿੜੇ ਮੱਥੇ ਪ੍ਰਵਾਨ ਕੀਤੇ। ਇਸ ਦੌਰਾਨ ਇਨ੍ਹਾਂ ਦਾ ਅਨਮੋਲ ਸਾਥੀ, ‘ਬੰਬ ਮਾਸਟਰ’ ਜਤਿਨ ਦਾਸ ਨਾਥ 63 ਦਿਨਾਂ ਦੀ ਭੁੱਖ ਹੜਤਾਲ ਉਪਰੰਤ 13 ਸਤੰਬਰ, 1929 ਨੂੰ ਆਪਣੀ ਜਾਨ ਦੇਸ਼ ਤੋਂ ਵਾਰ ਗਿਆ।

 ਫਾਂਸੀ ਦੀਆਂ ਸਜ਼ਾਵਾਂ 
ਅਖੀਰ, ਜਿਵੇਂ ਪਹਿਲਾਂ ਹੀ ਪ੍ਰਤੱਖ ਦਿਸਦਾ ਸੀ, 7 ਅਕਤੂਬਰ 1930 ਨੂੰ ਬਾਦਸ਼ਾਹ ਵਿਰੁੱਧ ਜੰਗ ਵਿੱਢਣ ਅਤੇ ਸਾਂਡਰਸ ਦੇ ਕਤਲ ਲਈ ਭਗਤ ਸਿੰਘ ਤੇ ਰਾਜਗੁਰੂ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਮਿਥ ਕੇ ਤੇ ਸੁਖਦੇਵ ਨੂੰ ਅਜਿਹੀ ਸਾਜ਼ਿਸ਼ ਦਾ ‘ਰਚਣਹਾਰਾ’ ਦੇ ਇਲਜ਼ਾਮ ਵਿਚ ਫਾਂਸੀ ਦੀਆਂ ਸਜ਼ਾਵਾਂ ਸੁਣਾਈਆਂ। ਆਉਂਦੇ ਚਾਰ-ਪੰਜ ਮਹੀਨੇ ਕਾਨੂੰਨੀ ਨੁਕਤਿਆਂ ’ਤੇ ਪਾਈਆਂ ਗਈਆਂ ਪਟੀਸ਼ਨਾਂ ਲੇਖੇ ਲੱਗੇ। ਇਨਕਲਾਬੀ ਤਾਂ ਕਿਸੇ ਕਿਸਮ ਦੀ ਅਪੀਲ ਆਪਣੇ ਵੱਲੋਂ ਕਰਨ ਦਾ ਸੁਪਨਾ ਵੀ ਨਹੀਂ ਸੀ ਲੈ ਸਕਦੇ, ਪਰ ਸੁਹਿਰਦ ਵਕੀਲਾਂ ਨੇ ਆਪਣੇ ਤੌਰ ’ਤੇ ਸਪੈਸ਼ਲ ਟ੍ਰਿਬਿਊਨਲ ਵਾਲੇ ‘ਆਰਡੀਨੈਂਸ’ ਨੂੰ ਜਿਹੜਾ ਕਿ 1915 ਵਾਲੇ ਗਦਰੀ ਮੁਕੱਦਮਿਆਂ ਵਾਂਗ ‘ਨਾ ਵਕੀਲ, ਨਾ ਦਲੀਲ, ਨਾ ਅਪੀਲ ਦੀ ਨਕਲ ਸੀ, ਇਸ ਆਧਾਰ ’ਤੇ ਚੈਲੰਜ ਕੀਤਾ ਸੀ ਕਿ ਅਜਿਹਾ ਕਾਲਾ ਕਾਨੂੰਨ ਸਿਰਫ ਐਮਰਜੈਂਸੀ ਹਾਲਤ ਵਿਚ ਹੀ ਲਾਗੂ ਕੀਤਾ ਜਾ ਸਕਦੈ, ਜਿਸ ਦਾ ਕੋਈ ਨਾਮ ਨਿਸ਼ਾਨ ਵੀ ਮੌਜੂਦ ਨਹੀਂ ਸੀ। ਉਧਰ ਦੇਸ਼ ਵਿਚ ਇਨ੍ਹਾਂ ਦੀ ਫਾਂਸੀ ਨੂੰ ਲੈ ਕੇ ਸਰਕਾਰ ਤੂਫਾਨ ਉੱਠਣ ਦੇ ਪਹਿਲੇ ਦਿਨ ਤੋਂ ਹੀ ਘਬਰਾਈ ਹੋਣ ਕਰਕੇ ਦਸੰਬਰ 1930 ਤੋਂ ਹੀ ਪੇਸ਼ਬੰਦੀਆਂ ਦਾ ਉਲੇਖ ਸਰਕਾਰੀ ਮਿਸ਼ਲਾਂ ਵਿਚੋਂ ਮਿਲਦਾ ਹੈ। ਖਾਸ ਕਰਕੇ ਪੰਜਾਬ ਅਤੇ ਪੰਜਾਬ ਦੇ ਸ਼ਹਿਰ ਲਾਹੌਰ ਵਿਚ ਤਾਂ ਇਉਂ ਲਗਦਾ ਸੀ ਕਿ ਕਿਤੇ ਜਨਤਾ ਦਾ ਹੜ੍ਹ ਜੇਲ੍ਹ ਨੂੰ ਨਾ ਢਾਹ ਦੇਵੇ। ਸੋ 17-18 ਮਾਰਚ ਦੀ ਰਾਤ ਨੂੰ ਪੰਜਾਬ ਸਰਕਾਰ ਦੀ ਤਜਵੀਜ਼ ’ਤੇ ਫੈਸਲਾ ਲਿਆ ਗਿਆ ਕਿ ਇਨ੍ਹਾਂ ਤਿੰਨਾਂ ਨੂੰ ਮਿਥੀ ਤਾਰੀਖ, ਭਾਵ 24 ਮਾਰਚ, 1931 ਦੀ ਬਜਾਏ 12 ਘੰਟੇ ਪਹਿਲਾਂ ਸ਼ਹੀਦ ਕਰਕੇ ਇਸ ਦਾ ਐਲਾਨ 24 ਤਾਰੀਖ ਸਵੇਰ ਤੱਕ ਨਾ ਕੀਤਾ ਜਾਏ।

ਨਿਯਮਾਂ ਅਨੁਸਾਰ ਫਾਂਸੀ ਤੋਂ ਇਕ ਦਿਨ ਪਹਿਲਾਂ ਇਨ੍ਹਾਂ ਦੇ ਪਰਿਵਾਰਾਂ ਨੂੰ ਆਖਰੀ ਮੁਲਾਕਾਤ, ਜੋ 23 ਮਾਰਚ ਸਵੇਰੇ ਨੂੰ ਹੋਣੀ ਨਿਸਚਿਤ ਸੀ, ਨਾ ਹੋ ਸਕੀ ਕਿਉਂਕਿ ਜੇਲ੍ਹ ਅਧਿਕਾਰੀ ਸਿਰਫ ‘ਪਹਿਲੀ ਸ਼੍ਰੇਣੀ’ ਦੇ ਰਿਸ਼ਤੇਦਾਰਾਂ- ਭਾਵ ਮਾਂ-ਬਾਪ, ਭੈਣ-ਭਰਾ ਨੂੰ ਮੁਲਾਕਾਤ ਦੀ ਇਜਾਜ਼ਤ ਦੇ ਰਹੇ ਸਨ ਅਤੇ ਦੂਜੇ ਰਿਸ਼ਤੇਦਾਰਾਂ ਜਿਵੇਂ ਭਗਤ ਸਿੰਘ ਦੀਆਂ ਚਾਚੀਆਂ, ਦਾਦਾ-ਦਾਦੀ, ਸੁਖਦੇਵ ਦੇ ਪਿਤਾ ਸਮਾਨ ਤਾਇਆ, ਲਾਲਾ ਚਿੰਤ ਰਾਮ ਜੀ ਆਦਿ ਨੂੰ ਇਸ ਮੁਲਾਕਾਤ ਤੋਂ ਵਿਰਵਾ ਰੱਖਣ ’ਤੇ ਤੁਲੇ ਹੋਏ ਸਨ। ਜੇਲ੍ਹ ਅਧਿਕਾਰੀਆਂ ਦੀ ਇਸ ਜ਼ਿਆਦਤੀ ਵਿਰੁੱਧ ਤਿੰਨਾਂ ਦੇ ਪਰਿਵਾਰਾਂ ਨੇ ਇਸ ਮੁਲਾਕਾਤ ਦਾ ਮੁਕੰਬਲ ਬਾਈਕਾਟ ਕਰ ਦਿੱਤਾ। ਰਾਜ ਗੁਰੂ ਦੇ ਮਾਤਾ ਜੀ ਜੋ ਪੂਨੇ ਤੋਂ ਇਸ ਮਕਸਦ ਲਈ ਚਲ ਕੇ ਆਏ ਸਨ, ਉਨ੍ਹਾਂ ਵੀ ਬੇਟੇ ਦਾ ਆਖਰੀ ਵੇਲੇ ਮੂੰਹ ਦੇਖਣ ਦਾ ਸੰਕਲਪ ਤਿਆਗ ਦਿੱਤਾ।

ਇਨ੍ਹਾਂ ਸ਼ਹੀਦਾਂ ਦੇ ਸਾਥੀਆਂ ਦੀ ਆਖਰੀ ਮੁਲਾਕਾਤ ਇਨ੍ਹਾਂ ਨਾਲ ਦਸੰਬਰ 1930 ਵਿਚ ਹੋ ਚੁੱਕੀ ਸੀ, ਜਦੋਂ ਉਮਰ ਕੈਦੀਆਂ ਤੇ ਘੱਟ ਕੈਦ ਦੀਆਂ ਸਜ਼ਾਵਾਂ ਵਾਲਿਆਂ ਨੂੰ ਲਾਹੌਰ ਜੇਲ੍ਹ ਤੋਂ ਬਦਲ ਕੇ ਦੇਸ਼ ਦੀਆਂ ਦੂਜੀਆਂ ਜੇਲ੍ਹਾਂ ਵਿਚ ਭੇਜ ਦਿੱਤਾ ਗਿਆ ਸੀ। ਇਨ੍ਹਾਂ ਦੇ ਨੇੜਲੇ ਸਾਥੀ ਤੇ ਦੋਸਤ, ਸ਼ਿਵ ਵਰਮਾ ਅਨੁਸਾਰ, ‘‘ਜੇਲ੍ਹ ਦਾ ਵੱਡਾ ਦਰੋਗਾ ਆਪਣੇ ਪੂਰੇ ਲਾਮ-ਲਸ਼ਕਰ ਨਾਲ ਸਾਨੂੰ ਨਾਲ ਲੈ ਕੇ ਫਾਟਕ ਵੱਲ ਚੱਲ ਪਿਆ। ਕੁਝ ਦੂਰ ਚੱਲ ਕੇ ਉਸ ਨੇ ਪੁੱਛਿਆ, ‘‘ਆਪਣੇ ਸਾਥੀਆਂ ਨੂੰ ਮਿਲੋਗੇ?’’… ਇਸ ਨਰਮ ਦਿਲੀ ਲਈ ਧੰਨਵਾਦ ਲੈ ਕੇ ਉਸ ਨੇ ਫਾਂਸੀ ਵਾਲੇ ਅਹਾਤੇ ਦਾ ਫਾਟਕ ਖੁੱਲ੍ਹਵਾਇਆ ਅਤੇ ਸਾਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਕੋਠੜੀਆਂ ਸਾਹਮਣੇ ਲੈ ਜਾ ਕੇ ਖੜ੍ਹਾ ਕਰ ਦਿੱਤਾ। ਜ਼ਿੰਦਗੀ ਵਿਚ ਇਹ ਸਾਥੀ ਦੇਖਣ ਨੂੰ ਨਹੀਂ ਮਿਲਣੇ, ਇਸ ਸੋਚ ਨਾਲ ਸਾਡੇ ਚਿਹਰੇ ਉਦਾਸ ਸਨ। ਉਨ੍ਹਾਂ ਤੋਂ ਆਖਰੀ ਵਿਦਾਈ ਲੈ ਕੇ ਜਦੋਂ ਅਸੀਂ ਚੱਲਣ ਲੱਗੇ ਤਾਂ ਸਾਡੇ ਵਿਚੋਂ ਇਕ ਸਾਥੀ, ਜੈਦੇਵ ਕਪੂਰ ਨੇ ਭਗਤ ਸਿੰਘ ਨੂੰ ਪੁੱਛਿਆ, ‘‘ਸਰਦਾਰ ਤੁਸੀਂ ਸ਼ਹੀਦ ਹੋਣ ਜਾ ਰਹੇ ਹੋ। ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਤੁਹਾਨੂੰ ਇਸ ਦਾ ਅਫਸੋਸ ਤਾਂ ਨਹੀਂ ਹੈ?’’

ਸਵਾਲ ਸੁਣ ਕੇ ਪਹਿਲਾਂ ਤਾਂ ਸਰਦਾਰ ਠਹਾਕਾ ਮਾਰ ਕੇ ਹੱਸਿਆ, ਫਿਰ ਗੰਭੀਰ ਹੋ ਕੇ ਬੋਲਿਆ, ‘‘ਇਨਕਲਾਬ ਦੇ ਰਾਹ ’ਤੇ ਕਦਮ ਰੱਖਦਿਆਂ ਮੈਂ ਸੋਚਿਆ ਸੀ ਕਿ ਜੇ ਮੈਂ ਆਪਣਾ ਜੀਵਨ ਦੇ ਕੇ ਦੇਸ਼ ਦੇ ਕੋਨੇ-ਕੋਨੇ ਤੱਕ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਪਹੁੰਚਾ ਸਕਾਂ ਤਾਂ ਮੈਂ ਸਮਝਾਂਗਾ ਕਿ ਮੈਨੂੰ ਆਪਣੇ ਜੀਵਨ ਦਾ ਮੁੱਲ ਮਿਲ ਗਿਆ ਹੈ। ਅੱਜ ਫਾਂਸੀ ਦੀ ਇਸ ਕੋਠੜੀ ਵਿਚ ਲੋਹੇ ਦੀਆਂ ਸੀਖਾਂ ਪਿੱਛੋਂ ਬੈਠ ਕੇ ਵੀ ਮੈਂ ਕਰੋੜਾਂ ਦੇਸ਼ ਵਾਸੀਆਂ ਦੇ ਮੂੰਹੋਂ ਗੂੰਜਦੀ ਉਸ ਨਾਅਰੇ ਦੀ ਆਵਾਜ਼ ਸੁਣ ਸਕਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਮੇਰਾ ਇਹ ਨਾਅਰਾ ਆਜ਼ਾਦੀ ਦੇ ਸੰਘਰਸ਼ ਦੀ ਚਾਲਕ ਸ਼ਕਤੀ ਦੇ ਰੂਪ ਵਿਚ ਸਾਮਰਾਜੀਆਂ ’ਤੇ ਵਾਰ ਕਰਦਾ ਰਹੇਗਾ।’’ ਫਿਰ ਕੁਝ ਰੁਕ ਕੇ ਆਪਣੀ ਸੁਭਾਵਿਕ ਮੁਸਕਰਾਹਟ ਵਿਚ ਉਸ ਨੇ ਕਿਹਾ, ‘‘ਐਨੀਂ ਛੋਟੀ ਜ਼ਿੰਦਗੀ ਦਾ ਮੁੱਲ ਹੋਰ ਹੋ ਵੀ ਕੀ ਸਕਦਾ ਹੈ?’’

ਸੰਪਰਕ: 0172-2556314

PunjabKesari


rajwinder kaur

Content Editor

Related News